ਰਾਹੁਲ ਨੂੰ ਨਸ਼ਈ ਕਹਿਣ 'ਤੇ ਭੜਕੀ ਕਾਂਗਰਸ, ਕਈ ਥਾਈਂ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਥਾਣਾ ਇੰਚਾਰਜ ਨੇ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿਤਾ ਜਿਸ 'ਤੇ ਕਾਰਕੁਨ ਭੜਕ ਗਏ ਅਤੇ ਪੁਲਿਸ ਵਿਰੁਧ ਨਾਹਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ

Rahul Gandhi

ਜੀਂਦ: ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਸੁਬਰਾਮਨੀਅਮ ਸਵਾਮੀ ਵਲੋਂ ਨਸ਼ਈ ਕਹੇ ਜਾਣ ਦਾ ਕਾਂਗਰਸ ਨੇ ਸਖ਼ਤ ਵਿਰੋਧ ਕਰਦਿਆਂ ਹਰਿਆਣਾ ਦੇ ਕਈ ਜ਼ਿਲ੍ਹਿਆਂ 'ਚ ਪ੍ਰਦਰਸ਼ਨ ਕੀਤਾ ਅਤੇ ਸਵਾਮੀ ਵਿਰੁਧ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ। ਮੰਗਲਵਾਰ ਨੂੰ ਦਰਜਨਾਂ ਕਾਂਗਰਸ ਕਾਰਕੁਨ ਕਾਂਗਰਸ ਜ਼ਿਲ੍ਹਾ ਯੂਥ ਮੀਤ ਪ੍ਰਧਾਨ ਰੋਹਿਤ ਦਲਾਲ ਦੀ ਅਗਵਾਈ 'ਚ ਜੁਲਾਨਾ ਪੁਲਿਸ ਥਾਣੇ ਪੁੱਜੇ ਅਤੇ ਇਸ ਮਾਮਲੇ 'ਚ ਸਵਾਮੀ ਵਿਰੁਧ ਮਾਮਲਾ ਦਰਜ ਕਰਨ ਦੀ ਮੰਗ ਕੀਤੀ।

ਥਾਣਾ ਇੰਚਾਰਜ ਨੇ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿਤਾ ਜਿਸ 'ਤੇ ਕਾਰਕੁਨ ਭੜਕ ਗਏ ਅਤੇ ਪੁਲਿਸ ਵਿਰੁਧ ਨਾਹਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ। ਦਲਾਲ ਨੇ ਕਿਹਾ ਕਿ ਇਸ ਬਾਰੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਮਗਰੋਂ ਉਸ ਦੀ ਕਾਪੀ ਜ਼ਿਲ੍ਹਾ ਪੁਲਿਸ ਸੂਪਰਡੈਂਟ ਨੂੰ ਸੌਂਪ ਕੇ ਸਵਾਮੀ ਵਿਰੁਧ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਜਾਵੇਗਾ। ਭਿਵਾਨੀ 'ਚ ਵੀ ਕਾਂਗਰਸ ਕਾਰਕੁਨਾਂ ਨੇ ਭਾਜਪਾ ਸੰਸਦ ਮੈਂਬਰ ਵਿਰੁਧ ਐਫ਼.ਆਈ.ਆਰ. ਦਰਜ ਕਰਵਾਉਣ ਦੀ ਮੰਗ ਕਰਦਿਆਂ ਐਸ.ਪੀ. ਨੂੰ ਮੰਗ ਪੱਤਰ ਸੌਂਪਿਆ। ਨਾਲ ਹੀ ਅਲਟੀਮੇਟਮ ਦਿਤਾ ਕਿ ਜੇਕਰ ਐਫ਼.ਆਈ.ਆਰ. ਦਰਜ ਨਾ ਹੋਈ ਤਾਂ ਕਾਂਗਰਸ ਵੱਡੇ ਪੱਧਰ 'ਤੇ ਅੰਦੋਲਨ ਕਰੇਗੀ।