ਬਾਲੀਵੁੱਡ ਦੇ 'ਸੂਰਮਾ ਭੋਪਾਲੀ' ਹੋਏ ਸਪੁਰਦ-ਏ-ਖ਼ਾਕ
ਬਾਲੀਵੁੱਡ ਦੇ ਸੂਰਮਾ ਭੋਪਾਲੀ ਕਹੇ ਜਾਂਦੇ ਦਿੱਗਜ ਕਲਾਕਾਰ ਅਤੇ ਕਾਮੇਡੀਅਨ ਜਗਦੀਪ ਉਰਫ਼ ਸਇਦ ਇਸ਼ਤਿਯਾਕ ਅਹਿਮਦ ਜਾਫਰੀ ਨੂੰ
ਮੁੰਬਈ, 9 ਜੁਲਾਈ : ਬਾਲੀਵੁੱਡ ਦੇ ਸੂਰਮਾ ਭੋਪਾਲੀ ਕਹੇ ਜਾਂਦੇ ਦਿੱਗਜ ਕਲਾਕਾਰ ਅਤੇ ਕਾਮੇਡੀਅਨ ਜਗਦੀਪ ਉਰਫ਼ ਸਇਦ ਇਸ਼ਤਿਯਾਕ ਅਹਿਮਦ ਜਾਫਰੀ ਨੂੰ ਵੀਰਵਾਰ ਨੂੰ ਮੁੰਬਈ ਦੇ ਮਝਗਾਂਵ ਸਥਿਤ ਸ਼ੀਆ ਕਬਰਸਤਾਨ 'ਚ ਸਪੁਰਦ-ਏ-ਖ਼ਾਕ ਕਰ ਦਿਤਾ ਗਿਆ। ਇਸ ਮੌਕੇ 'ਤੇ ਪ੍ਰਵਾਰ ਅਤੇ ਦੋਸਤਾਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿਤੀ। ਲਗਭਗ 60 ਦਹਾਕਿਆਂ ਦੇ ਸ਼ਾਨਦਾਰ ਕਰੀਅਰ 'ਚ ਜਗਦੀਪ ਨੇ ਬਾਲੀਵੁੱਡ 'ਚ ਕਈ ਅਹਿਮ ਭੂਮਿਕਾਵਾਂ ਅਤੇ ਫ਼ਿਲਮਾਂ ਕੀਤੀਆਂ। ਜਗਦੀਪ ਰਮੇਸ਼ ਸਿੱਪੀ ਦੀ ਫ਼ਿਲਮ 'ਸ਼ੋਲੇ ਦੇ ਕਿਰਦਾਰ ਸੂਰਮਾ ਭੋਪਾਲੀ ਦੇ ਨਾਮ ਤੋਂ ਬਹੁਤ ਮਸ਼ਹੂਰ ਸਨ।
ਜਗਦੀਪ ਦਾ ਜਨਮ 29 ਮਾਰਚ, 1939 ਨੂੰ ਮੱਧ ਪ੍ਰਦੇਸ਼ ਦੇ ਦਤੀਆ ਵਿਚ ਹੋਇਆ ਸੀ। ਉਨ੍ਹਾਂ ਨੇ ਲਗਭਗ 400 ਫ਼ਿਲਮਾਂ 'ਚ ਕੰਮ ਕੀਤਾ ਹੈ। ਅਪਣੀ ਕਾਮੇਡੀ ਨਾਲ ਦੁਨੀਆਂ ਨੂੰ ਹਸਾਉਣ ਵਾਲੇ ਜਗਦੀਪ ਬੁਧਵਾਰ ਰਾਤ ਕਰੀਬ 8.30 ਵਜੇ ਸਾਰਿਆਂ ਨੂੰ ਅਲਵਿਦਾ ਕਹਿ ਗਏ। 81 ਸਾਲ ਦੇ ਜਗਦੀਪ ਨੂੰ ਉਮਰ ਕਾਰਨ ਸਿਹਤ ਸਬੰਧੀ ਕਾਫੀ ਪਰੇਸ਼ਾਨੀਆਂ ਸਨ।
ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਦੁਪਹਿਰ ਨੂੰ ਕੀਤਾ ਗਿਆ। ਜਗਦੀਪ ਦੀ ਦੇਹ ਨੂੰ ਮੋਢਾ ਦੇਣ ਲਈ ਕਈ ਦੋਸਤ ਅਤੇ ਸ਼ੁਭਚਿੰਤਕ ਪਹੁੰਚੇ। ਬੇਟੇ ਜਾਵੇਦ ਜਾਫ਼ਰੀ ਅਤੇ ਨਵੇਦ ਜਾਫ਼ਰੀ ਨੇ ਅਪਣੇ ਮੋਢਿਆਂ 'ਤੇ ਪਿਤਾ ਨੂੰ ਕਬਰਸਤਾਨ ਪਹੁੰਚਾਇਆ। ਜਾਵੇਦ ਦੇ ਬੇਟੇ ਮੀਜ਼ਾਨ ਵੀ ਆਪਣੇ ਮਹਾਨ ਦਾਦਾ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ।
ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵੀ ਵੀਰਵਾਰ ਸਵੇਰੇ ਅਪਣੇ ਬਲਾਗ ਰਾਹੀਂ ਜਗਦੀਪ ਨੂੰ ਸ਼ਰਧਾਂਜਲੀ ਦਿਤੀ। ਉਨ੍ਹਾਂ ਨੇ ਅਪਣੇ ਬਲਾਗ 'ਚ ਲਿਖਿਆ, ''ਕੱਲ ਰਾਤ ਅਸੀਂ ਇਕ ਹੋਰ ਵੱਡਾ ਰਤਨ ਗੁਆ ਦਿਤਾ। ਕਾਮੇਡੀ ਕਿੰਗ ਜਾਨੀ ਲੀਵਰ ਨੇ ਜਗਦੀਪ ਨੂੰ ਯਾਦ ਕਰਦਿਆਂ ਟਵੀਟ ਕੀਤਾ, ਇਹ ਰਿਸ਼ਤਾ ਟੁੱਟੇ ਨਾ ਮੇਰੀ ਪਹਿਲੀ ਫਿਲਮ ਸੀ ਅਤੇ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕੀਤਾ ਸੀ, ਪਰ ਇਸ ਮੌਕੇ ਮਹਾਨ ਜਗਦੀਪ ਭਰਾ ਮੇਰੇ ਨਾਲ ਸੀ। ਤੁਹਾਨੂੰ ਯਾਂਦ ਕਰਾਂਗੇ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਪ੍ਰਵਾਰ ਲਈ ਸਾਡੀਆਂ ਸੰਵੇਦਨਾਵਾਂ। ਜਾਨੀ ਲੀਵਰ ਜਗਦੀਪ ਦੇ ਅੰਤਿਮ ਦਰਸ਼ਨਾਂ ਲਈ ਵੀ ਪਹੁੰਚੇ ਸਨ। (ਏਜੰਸੀ)