ਭਾਰਤ ਵਿਚ ਕੋਰੋਨਾ ਵਾਇਰਸ ਦੇ 90 ਫ਼ੀ ਸਦੀ ਜ਼ੇਰੇ ਇਲਾਜ ਮਰੀਜ਼ ਅੱਠ ਰਾਜਾਂ ਵਿਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕੋਰੋਨਾ ਵਾਇਰਸ ਦੇ ਇਲਾਜ ਅਧੀਨ ਮਰੀਜ਼ਾਂ ਵਿਚੋਂ ਲਗਭਗ 90 ਫ਼ੀ ਸਦੀ ਮਰੀਜ਼ ਮਹਾਰਾਸ਼ਟਰ

Corona virus

ਨਵੀਂ ਦਿੱਲੀ, 9 ਜੁਲਾਈ  : ਦੇਸ਼ ਵਿਚ ਕੋਰੋਨਾ ਵਾਇਰਸ ਦੇ ਇਲਾਜ ਅਧੀਨ ਮਰੀਜ਼ਾਂ ਵਿਚੋਂ ਲਗਭਗ 90 ਫ਼ੀ ਸਦੀ ਮਰੀਜ਼ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਕਰਨਾਟਕ ਅਤੇ ਤੇਲੰਗਾਨਾ ਸਣੇ ਅੱਠ ਰਾਜਾਂ ਵਿਚ ਹਨ ਅਤੇ ਅਜਿਹੇ 80 ਫ਼ੀ ਸਦੀ ਮਰੀਜ਼ ਦੇਸ਼ ਦੇ 49 ਜ਼ਿਲ੍ਹਿਆਂ ਵਿਚ ਹਨ। ਇਹ ਜਾਣਕਾਰੀ ਕੋਰੋਨਾ ਵਾਇਰਸ ਸਬੰਧੀ ਕਾਇਮ ਮੰਤਰੀ ਸਮੂਹ ਨੂੰ ਦਿਤੀ ਗਈ। ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਮੰਤਰੀ ਸਮੂਹ ਨੂੰ ਇਹ ਵੀ ਦਸਿਆ ਗਿਆ ਕਿ ਦੇਸ਼ ਭਰ ਵਿਚ ਕੋਵਿਡ-19 ਕਾਰਨ ਹੋਈਆਂ ਮੌਤਾਂ ਵਿਚੋਂ 86 ਫ਼ੀ ਸਦੀ ਮੌਤਾਂ ਛੇ ਰਾਜਾਂ, ਮਹਾਰਾਸ਼ਟਰ, ਦਿੱਲੀ, ਗੁਜਰਾਤ, ਤਾਮਿਲਨਾਡੂ, ਯੂਪੀ ਅਤੇ ਪਛਮੀ ਬੰਗਾਲ ਵਿਚ ਹੋਈਆਂ ਹਨ। ਦੇਸ਼ ਵਿਚ 80 ਫ਼ੀ ਸਦੀ ਮੌਤਾਂ 32 ਜ਼ਿਲ੍ਹਿਆਂ ਵਿਚ ਹੋਈਆਂ ਹਨ।

ਮੰਤਰਾਲੇ ਨੇ ਦਸਿਆ ਕਿ ਵੀਰਵਾਰ ਨੂੰ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦੀ ਪ੍ਰਧਾਨਗੀ ਵਿਚ ਮੰਤਰੀ ਸਮੂਹ ਦੀ 18ਵੀਂ ਬੈਠਕ ਹੋਈ ਜਿਸ ਵਿਚ ਉਸ ਨੂੰ ਦਸਿਆ ਗਿਆ ਕਿ ਉੱਚ ਮੌਤ ਦਰ ਵਾਲੇ ਖੇਤਰਾਂ 'ਤੇ ਵਿਸ਼ੇਸ਼ ਧਿਆਨ ਕੇਂਦਰਤ ਕੀਤਾ ਗਿਆ ਹੈ। ਮੰਤਰਾਲੇ ਨੇ ਬਿਆਨ ਰਾਹੀਂ ਕਿਹਾ, 'ਪੰਜ ਸੱਭ ਤੋਂ ਵੱਧ ਪ੍ਰਭਾਵਤ ਮੁਲਕਾਂ ਵਿਚਾਲੇ ਸੰਸਾਰ ਤੁਲਨਾ ਵਿਚ ਸਪੱਸ਼ਟ ਰੂਪ ਵਿਚ ਦਰਸਾਇਆ ਗਿਆ ਹੈ ਕਿ ਭਾਰਤ ਵਿਚ ਪ੍ਰਤੀ ਦਸ ਲੱਖ ਆਬਾਦੀ 'ਤੇ ਲਾਗ ਦੇ ਸੱਭ ਤੋਂ ਘੱਟ ਮਾਮਲੇ ਹਨ। ਭਾਰਤ ਵਿਚ ਪ੍ਰਤੀ ਦਸ ਲੱਖ ਆਬਾਦੀ ਵਿਚ ਲਾਗ ਦੇ 538 ਮਾਮਲੇ ਹਨ ਅਤੇ 15 ਮੌਤਾਂ ਹੋਈਆਂ

ਜਦਕਿ ਇਸ ਦੀ ਸੰਸਾਰ ਔਸਤ ਕ੍ਰਮਵਾਰ 1453 ਅਤੇ 68.7 ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਇਲਾਜ ਅਧੀਨ ਮਾਮਲਿਆਂ ਦੇ ਲਗਭਗ 90 ਫ਼ੀ ਸਦੀ ਮਾਮਲੇ ਅੱਠ ਰਾਜਾਂ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼, ਯੂਪੀ ਅਤੇ ਗੁਜਰਾਤ ਵਿਚ ਹਨ। ਭਾਰਤ ਵਿਚ ਕੋਰੋਨਾ ਵਾਇਰਸ ਸਿਹਤ ਸੇਵਾਵਾਂ ਸਬੰਧੀ ਬੁਨਿਆਦੀ ਢਾਂਚੇ ਬਾਰੇ ਜੀਓਐਮ ਨੂੰ ਸੂਚਿਤ ਕੀਤਾ ਗਿਆ ਕਿ ਦੇਸ਼ ਭਰ ਵਿਚ ਕੋਵਿਡ-19 ਦੇ ਇਲਾਜ ਲਈ 3914 ਹਪਸਤਾਲ ਹਨ।  (ਏਜੰਸੀ)

ਭਾਰਤ ਹਾਲੇ ਕਮਿਊਨਿਟੀ ਪੱਧਰ 'ਤੇ ਲਾਗ ਦੇ ਗੇੜ ਵਿਚ ਨਹੀਂ ਪੁੱਜਾ : ਸਰਕਾਰ
ਨਵੀਂ ਦਿੱਲੀ, 9 ਜੁਲਾਈ  : ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਤੇਜ਼ ਵਾਧੇ ਦੇ ਸਨਮੁਖ ਸਰਕਾਰ ਨੇ ਕਿਹਾ ਹੈ ਕਿ ਭਾਰਤ ਕੋਰੋਨਾ ਵਾਇਰਸ ਦੇ ਕਮਿਊਨਿਟੀ ਪੱਧਰ 'ਤੇ ਲਾਗ ਦੇ ਗੇੜ ਵਿਚ ਨਹੀਂ ਪੁੱਜਾ। ਕੇਂਦਰੀ ਸਿਹਤ ਮੰਤਰਾਲੇ ਵਿਚ ਓਐਸਡੀ ਰਾਜੇਸ਼ ਭੂਸ਼ਣ ਨੂੰ ਜਦ ਪੁਛਿਆ ਗਿਆ ਕਿ ਕੀ ਭਾਰਤ ਕਮਿਊਨਿਟੀ ਪੱਧਰ 'ਤੇ ਲਾਗ ਦੇ ਗੇੜ ਵਿਚ ਪਹੁੰਚ ਗਿਆ ਹੈ

ਤਾਂ ਉਨ੍ਹਾਂ ਕਿਹਾ, 'ਸਿਹਤ ਮੰਤਰਾਲੇ ਨੇ ਮੰਤਰੀ ਸਮੂਹ ਦੀ ਮੀਟਿੰਗ ਵਿਚ ਅੱਜ ਵੀ ਇਹ ਸਪੱਸ਼ਟ ਕੀਤਾ ਹੈ ਕਿ ਭਾਰਤ ਹਾਲੇ ਵੀ ਕਮਿਊਨਿਟੀ ਪੱਧਰ 'ਤੇ ਲਾਗ ਦੇ ਗੇੜ ਵਿਚ ਨਹੀਂ ਪੁੱਜਾ। ਕੁੱਝ ਭੂਗੋਲਿਕ ਖੇਤਰਾਂ ਵਿਚ ਸਥਾਨਕ ਪੱਧਰ 'ਤੇ ਲਾਗ ਫੈਲੀ ਹੈ।'  ਉਨ੍ਹਾਂ ਕਿਹਾ, 'ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਦੇਸ਼ ਦੇ ਕੇਵਲ 49 ਜ਼ਿਲ੍ਹਿਆਂ ਵਿਚ ਕੋਰੋਨਾ ਵਾਇਰਸ ਲਾਗ ਦੇ 80 ਫ਼ੀ ਸਦੀ ਮਾਮਲੇ ਹਨ। ਜੇ 733 ਤੋਂ ਵੱਧ ਜ਼ਿਲ੍ਹਿਆਂ ਵਾਲੇ ਦੇਸ਼ ਦੇ 49 ਜ਼ਿਲ੍ਹਿਆਂ ਵਿਚ 80 ਫ਼ੀ ਸਦੀ ਮਾਮਲੇ ਸਾਹਮਣੇ ਆਏ ਹਨ ਤਾਂ ਕਮਿਊਨਿਟੀ ਪੱਧਰ 'ਤੇ ਲਾਗ ਫੈਲਣ ਦੀ ਗੱਲ ਕਰਨਾ ਸਹੀ ਨਹੀਂ।'

ਭੂਸ਼ਣ ਨੇ ਕਿਹਾ ਕਿ ਜੇ ਕੋਈ ਮਰੀਜ਼ ਮਿਲਦਾ ਹੈ ਤਾਂ ਨਿਰਧਾਰਤ ਪ੍ਰੋਟੋਕਾਲ ਤਹਿਤ ਉਸ ਦੇ ਸੰਪਰਕ ਵਿਚ ਆਏ ਲੋਕਾਂ ਦਾ ਤਿੰਨ ਦਿਨਾਂ ਵਿਚ ਪਤਾ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਪ੍ਰਤੀ 10 ਲੱਖ ਲੋਕਾਂ ਵਿਚ ਕੋਰੋਨਾ ਵਾਇਰਸ ਲਾਗ ਦੇ ਮਾਮਲੇ ਅਤੇ ਮੌਤ ਦੀ ਗਿਣਤੀ ਦੀ ਸੱਭ ਤੋਂ ਘੱਟ ਦਰ ਵਾਲੇ ਦੇਸ਼ਾਂ ਵਿਚ ਸ਼ਾਮਲ ਹੈ। ਭੂਸ਼ਣ ਨੇ ਦਸਿਆ ਕਿ ਕੋਰੋਨਾ ਵਾਇਰਸ ਲਾਗ ਤੋਂ ਮੁਕਤ ਹੋਏ ਲੋਕਾਂ ਦੀ ਗਿਣਤੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਨਾਲੋਂ 1.75 ਗੁਣਾਂ ਵੱਧ ਹੈ। (ਏਜੰਸੀ)