ਮਿਜ਼ੋਰਮ 'ਚ ਭੂਚਾਲ ਦੇ ਤਿੰਨ ਹਫ਼ਤਿਆਂ 'ਚ 8ਵੀਂ ਵਾਰ ਫਿਰ ਝਟਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਿਜ਼ੋਰਮ ਵਿਚ ਅੱਜ 4.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

Mizoram quake shocks for eighth time in three weeks

ਆਈਜ਼ੋਲ, 9 ਜੁਲਾਈ : ਮਿਜ਼ੋਰਮ ਵਿਚ ਅੱਜ 4.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਮੁੱਖ ਤੌਰ 'ਤੇ ਭਾਰਤ-ਮਿਆਂਮਾਰ ਸਰਹੱਦ 'ਤੇ ਪੈਂਦੇ ਚੰਪਈ ਜ਼ਿਲੇ ਵਿਚ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਭੂਚਾਲ ਦੇ ਇਸ ਝਟਕੇ ਨੂੰ ਉਤਰ ਪੂਰਬ ਦੇ ਇਸ ਪਹਾੜੀ ਰਾਜ ਵਿਚ ਤਿੰਨ ਹਫ਼ਤਿਆਂ ਵਿਚ ਅੱਠਵੀਂ ਵਾਰ ਮਹਿਸੂਸ ਕੀਤਾ ਗਿਆ ਹੈ। ਨੈਸ਼ਨਲ ਸੈਂਟਰ ਫ਼ਾਰ ਸੀਜ਼ਮੋਲੋਜੀ ਅਨੁਸਾਰ ਦੁਪਹਿਰ 2 ਵਜ ਕੇ 28 ਮਿੰਟ 'ਤੇ ਆਏ ਭੂਚਾਲ ਦਾ ਕੇਂਦਰ ਚੰਪਾਈ ਸ਼ਹਿਰ ਤੋਂ 23 ਕਿਲੋਮੀਟਰ ਦੱਖਣ-ਪੱਛਮ ਵਿਚ ਸੀ।

ਭੂਚਾਲ ਦਾ ਕੇਂਦਰ ਧਰਤੀ ਤੋਂ 10 ਕਿਲੋਮੀਟਰ ਹੇਠਾਂ ਸੀ। ਚੰਪਾਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਾਰੀਆ ਸੀਟੀ ਜੁਆਲੀ ਨੇ ਦਸਿਆ ਕਿ ਭੂਚਾਲ ਦੇ ਝਟਕੇ ਬਹੁਤ ਸਾਰੇ ਪਿੰਡਾਂ ਅਤੇ ਚੰਪਾਈ ਸ਼ਹਿਰ ਵਿਚ ਮਹਿਸੂਸ ਕੀਤੇ ਗਏ। ਉਨ੍ਹਾਂ ਕਿਹਾ ਕਿ ਚੰਪਾਈ ਸ਼ਹਿਰ ਵਿਚ ਕਿਸੇ ਦੇ ਜਾਨੀ ਜਾਂ ਮਾਲੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਇਕ ਵਿਸਥਾਰਤ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਪਿਛਲੇ ਛੇ ਦਿਨਾਂ ਵਿਚ ਇਹ ਚੰਪਈ ਜ਼ਿਲ੍ਹੇ ਵਿਚ ਤੀਜੀ ਵਾਰ ਅਤੇ 18 ਜੂਨ ਤੋਂ ਅੱਠਵੀਂ ਵਾਰ ਆਇਆ ਹੈ।      (ਏਜੰਸੀ)