ਕੋਰੋਨਾ ਨਾਲ ਭਾਰਤ ਵਿਚ ਭਾਰੀ ਨੁਕਸਾਨ ਦੇ ਖ਼ਦਸ਼ੇ ਬੇਬੁਨਿਆਦ ਸਾਬਤ ਹੋਏ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦ ਕੋਰੋਨਾ ਸੰਕਟ ਸਾਹਮਣੇ ਆਇਆ ਤਾਂ ਭਾਰਤ ਵਿਚ ਇਸ ਨਾਲ ਹੋਣ ਵਾਲੇ ਨੁਕਸਾਨ

Narendra Modi

ਨਵੀਂ ਦਿੱਲੀ, 9 ਜੁਲਾਈ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦ ਕੋਰੋਨਾ ਸੰਕਟ ਸਾਹਮਣੇ ਆਇਆ ਤਾਂ ਭਾਰਤ ਵਿਚ ਇਸ ਨਾਲ ਹੋਣ ਵਾਲੇ ਨੁਕਸਾਨ ਬਾਬਤ ਵੱਡੇ ਵੱਡੇ ਮਾਹਰ ਤਰ੍ਹਾਂ-ਤਰ੍ਹਾਂ ਦੇ ਖ਼ਦਸ਼ੇ ਪ੍ਰਗਟ ਕਰ ਰਹੇ ਸਨ ਪਰ ਇਥੋਂ ਦੇ ਲੋਕਾਂ ਨੇ ਇਸ ਸੰਕਟ ਦਾ ਮਜ਼ਬੂਤੀ ਨਾਲ ਮੁਕਾਬਲਾ ਕਰਦਿਆਂ ਤਮਾਮ ਖ਼ਦਸ਼ਿਆਂ ਨੂੰ ਬੇਬੁਨਿਆਦ ਸਾਬਤ ਕਰ ਦਿਤਾ।

ਮੋਦੀ ਨੇ ਅਪਣੇ ਸੰਸਦੀ ਹਲਕੇ ਦੀਆਂ ਸਮਾਜਕ, ਧਾਰਮਕ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਦੇ ਪ੍ਰਤੀਨਿਧਾਂ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਗੱਲਬਾਤ ਕਰਦਿਆਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਅਤੇ ਵੱਧ ਤੋਂ ਵੱਧ ਲੋਕਾਂ ਦੀ ਜਾਨ ਬਚਾਉਣ ਲਈ ਯੂਪੀ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਤਾਲਾਬੰਦੀ ਦੌਰਾਨ ਵੱਖ ਵੱਖ ਸੰਸਥਾਵਾਂ ਦੇ ਸੇਵਾ ਭਾਵ ਨੂੰ ਬੇਮਿਸਾਲ ਦਸਿਆ ਅਤੇ ਸੰਕਟ ਦੇ ਸਮੇਂ ਵਿਚ ਲੋਕਾਂ ਤਕ ਖਾਣ ਪੀਣ ਦੀਆਂ ਚੀਜ਼ਾਂ ਪਹੁੰਚਾਣ ਲਈ ਸਰਕਾਰ ਦੇ ਵਿਭਾਗਾਂ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ, 'ਤੁਸੀਂ ਸੁਣਿਆ ਹੋਵੇਗਾ ਕਿ 100 ਸਾਲ ਪਹਿਲਾਂ ਅਜਿਹੀ ਹੀ ਭਿਆਨਕ ਬੀਮਾਰੀ ਆਈ ਸੀ।

ਤਦ ਭਾਰਤ ਵਿਚ ਏਨੀ ਆਬਾਦੀ ਨਹੀਂ ਸੀ। ਘੱਟ ਲੋਕ ਸਨ ਪਰ ਉਸ ਸਮੇਂ ਦੁਨੀਆਂ ਵਿਚ ਜਿਥੇ ਸੱਭ ਤੋਂ ਵੱਧ ਲੋਕ ਮਰੇ, ਉਨ੍ਹਾਂ ਵਿਚ ਭਾਰਤ ਵੀ ਸੀ। ਕਰੋੜਾਂ ਲੋਕ ਮਰ ਗਏ ਸਨ।'ਮੋਦੀ ਨੇ ਕਿਹਾ ਕਿ ਜਦ ਇਸ ਵਾਰ ਮਹਾਂਮਾਰੀ ਆਈ ਤਾਂ ਸਾਰੀ ਦੁਨੀਆਂ ਡਰ ਗਈ। ਲੋਕਾਂ ਨੂੰ ਡਰ ਲਗਦਾ ਸੀ ਕਿ 100 ਸਾਲ ਪਹਿਲਾਂ ਭਾਰਤ ਵਿਚ ਏਨੀ ਬਰਬਾਦੀ ਹੋਈ ਸੀ, ਏਨੇ ਲੋਕ ਮਰੇ ਸਨ ਤਾਂ ਅੱਜ ਕੀ ਹੋਵੇਗਾ

ਜਦਕਿ ਆਬਾਦੀ ਏਨੀ ਹੈ ਅਤੇ ਨਾਲ ਹੀ ਚੁਨੌਤੀਆਂ ਵੀ ਬੇਅੰਤ ਹਨ। ਉਨ੍ਹਾਂ ਕਿਹਾ ਕਿ ਵੱਡੇ ਵੱਡੇ ਮਾਹਰ ਕਹਿ ਰਹੇ ਸਨ ਕਿ ਹਾਲਾਤ ਵਿਗੜ ਜਾਣਗੇ ਪਰ ਲੋਕਾਂ ਦੇ ਸਹਿਯੋਗ ਅਤੇ ਮਿਹਨਤ ਨਾਲ ਸਾਰੇ ਖ਼ਦਸ਼ੇ ਧਰੇ-ਧਰਾਏ ਰਹਿ ਗਏ। ਉਨ੍ਹਾਂ ਕਿਹਾ ਕਿ ਬ੍ਰਾਜ਼ੀਲ ਜਿਹੇ ਦੇਸ਼ ਵਿਚ ਜਿਸ ਦੀ ਆਬਾਦੀ 24 ਕਰੋੜ ਹੈ, ਉਥੇ ਕੋਰੋਨਾ ਨਾਲ 65 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ ਪਰ ਓਨੀ ਆਬਾਦੀ ਵਾਲੇ ਯੂਪੀ ਵਿਚ ਲਗਭਗ 800 ਲੋਕਾਂ ਦੀ ਮੌਤ ਹੋਈ ਹੈ ਯਾਨੀ ਜ਼ਿੰਦਗੀਆਂ ਬਚਾ ਲਈਆਂ ਗਈਆਂ ਹਨ।  (ਏਜੰਸੀ)