ਜੰਮੂ ਦੀਆਂ ਸਿੱਖ ਜਥੇਬੰਦੀਆਂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਦਿਤਾ ਸਮਰਥਨ
ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਨੂੰ ਅਪਣੇ ਨਿਜੀ ਲਾਭ ਲਈ ਇਸਤੇਮਾਲ ਕੀਤਾ
ਜੰਮੂ, 9 ਜੁਲਾਈ (ਸਰਬਜੀਤ ਸਿੰਘ): ਸ਼੍ਰੋਮਣੀ ਅਕਾਲੀ ਦਲ ਜੰਮੂ ਕਸ਼ਮੀਰ ਦੀ ਪ੍ਰਧਾਨਗੀ ਹੇਠ ਜੰਮੂ ਕਸ਼ਮੀਰ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਇਕ ਪ੍ਰੈਸ ਕਾਨਫ਼ਰੰਸ ਪ੍ਰਧਾਨ ਦਰਬਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੁਖਦੇਵ ਸਿੰਘ ਢੀਂਡਸਾ ਨੂੰ ਪ੍ਰਧਾਨ ਬਣਨ 'ਤੇ ਉਨ੍ਹਾਂ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 1920 ਵਿਚ ਬਣੀ ਪੰਜਾਬ ਦੀ ਇਕ ਬਹੁਤ ਪੁਰਾਣੀ ਪਾਰਟੀ ਸੀ, ਜਿਸ ਨੇ ਭਾਰਤ ਦੀ ਆਜ਼ਾਦੀ ਅਤੇ ਗੁਰਦਵਾਰਾ ਸਾਹਿਬ ਨੂੰ ਭ੍ਰਿਸ਼ਟ ਪ੍ਰਥਾਵਾਂ ਤੋਂ ਮੁਕਤ ਕਰਾਉਣ ਲਈ ਮਹੱਤਵਪੂਰਣ ਭੂਮਿਕਾ ਨਿਭਾਈ ਸੀ ਪਰ ਬਦਕਿਸਮਤੀ ਨਾਲ ਇਸ ਪਾਰਟੀ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਅਪਣੇ ਕਬਜ਼ੇ ਵਿਚ ਲੈ ਲਿਆ ਅਤੇ ਪਾਰਟੀ ਨੂੰ ਅਪਣੇ ਨਿਜੀ ਲਾਭ ਲਈ ਇਸਤੇਮਾਲ ਕੀਤਾ।
ਅਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਨੂੰ ਪਾਰਟੀ ਅੰਦਰ ਉੱਚ ਅਹੁਦੇ ਤੇ ਸਬੰਧਤ ਸਰਕਾਰਾਂ ਵਿਚ ਨਿਯੁਕਤ ਕਰ ਕੇ ਪਾਰਟੀ ਨੂੰ ਖੋਖਲਾ ਕਰ ਦਿਤਾ। ਦਰਬਿੰਦਰ ਸਿੰਘ ਨੇ ਪੂਰੀ ਦੁਨੀਆਂ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਬਾਦਲ ਪ੍ਰਵਾਰ ਦਾ ਬਾਈਕਾਟ ਕਰਨ ਅਤੇ ਸੁਖਦੇਵ ਸਿੰਘ ਢੀਂਡਸਾ ਦਾ ਸਮਰਥਨ ਕਰਨ। ਇਸ ਤੋਂ ਇਲਾਵਾ ਦਰਬਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਗੁਰਦਵਾਰਾ ਪ੍ਰਬੰਧਕ ਕਮੇਟੀ ਜੰਮੂ ਜਿਸ ਦੀਆਂ ਚੋਣਾਂ 2015 ਵਿਚ ਹੋਈਆਂ ਸਨ ਦਾ ਕਾਰਜਕਾਲ ਪੰਜ ਸਾਲਾਂ ਬਾਅਦ ਪੂਰਾ ਹੋ ਗਿਆ ਹੈ।
ਉਨ੍ਹਾਂ ਉਪ ਰਾਜਪਾਲ ਗਿਰੀਸ਼ ਚੰਦਰ ਮਰਮੂ ਨੂੰ ਅਪੀਲ ਕੀਤੀ ਕਿ ਜਿੰਨੀ ਜਲਦੀ ਹੋ ਸਕੇ ਚੋਣਾਂ ਕਰਵਾਈਆਂ ਜਾਣ ਅਤੇ ਡੀਜੀਪੀਸੀ ਜੰਮੂ ਦੁਆਰਾ ਕੀਤੇ ਖ਼ਰਚਿਆਂ ਦਾ ਆਡਿਟ ਕਰਵਾਇਆ ਜਾਵੇ ਅਤੇ ਕਮੇਟੀ ਦੁਆਰਾ ਫ਼ੰਡਾਂ ਦੀ ਦੁਰਵਰਤੋਂ ਦੀ ਉੱਚ ਅਦਾਲਤ ਦੇ ਸੇਵਾਮੁਕਤ ਜੱਜ ਦੁਆਰਾ ਜਾਂਚ ਕਰਵਾਈ ਜਾਵੇ। ਇਸ ਦੌਰਾਨ ਮਹਿੰਦਰ ਸਿੰਘ ਚੀਫ਼ ਆਰਗੇਨਾਈਜ਼ਰ ਭਾਈ ਘਨ੍ਹਈਆ ਨਿਸ਼ਕਾਮ ਸੇਵਾ ਸੁਸਾਇਟੀ ਨੇ ਜੰਮੂ-ਕਸ਼ਮੀਰ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਜੇ.ਕੇ.ਪੀ.ਐਸ.ਸੀ ਵਿਚ ਇਕ ਸਿੱਖ ਮੈਂਬਰ ਨੂੰ ਨਿਯੁਕਤ ਕੀਤਾ ਜਾਵੇ ਕਿਉਂਕਿ ਪਹਿਲਾਂ ਬਣੇ ਸਾਰੇ ਕਮਿਸ਼ਨਾਂ ਵਿਚ ਇਕ ਸਿੱਖ ਮੈਂਬਰ ਹੁੰਦਾ ਸੀ। ਇਸ ਮੌਕੇ ਰਜਿੰਦਰ ਸਿੰਘ, ਚਰਨਜੀਤ ਸਿੰਘ, ਸੁਰਿੰਦਰ ਸਿੰਘ ਕਾਲਾ, ਰਵਿੰਦਰ ਸਿੰਘ ਸਰਪੰਚ, ਕੁਲਵੰਤ ਸਿੰਘ ਖਜੂਰੀਆ, ਗਜਨ ਸਿੰਘ, ਸੁਰਜੀਤ ਸਿੰਘ ਕੁੱਕੂ, ਹਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਲੱਕੀ ਆਦਿ ਮੌਜੂਦ ਸਨ।