ਅਸੀਂ ਕਦੇ ਵੀ ਫੌਜ ’ਚ ਭਾਰਤੀਆਂ ਦੀ ਭਰਤੀ ਨਹੀਂ ਕਰਨਾ ਚਾਹੁੰਦੇ ਸੀ, ਮਸਲੇ ਦੇ ਜਲਦੀ ਹੱਲ ਦੀ ਉਮੀਦ ਹੈ : ਰੂਸ 

ਏਜੰਸੀ

ਖ਼ਬਰਾਂ, ਰਾਸ਼ਟਰੀ

‘ਜ਼ਿਆਦਾਤਰ ਭਾਰਤੀਆਂ ਨੂੰ ‘ਕਮਰਸ਼ੀਅਲ ਫ਼ਰੇਮਵਰਕ’ ਤਹਿਤ ਭਰਤੀ ਕੀਤਾ ਗਿਆ ਸੀ ਕਿਉਂਕਿ ਉਹ ਪੈਸਾ ਕਮਾਉਣਾ ਚਾਹੁੰਦੇ ਸਨ।’

Roman Babushkin

ਨਵੀਂ ਦਿੱਲੀ: ਰੂਸ ਨੇ ਬੁਧਵਾਰ ਨੂੰ ਕਿਹਾ ਕਿ ਉਹ ਰੂਸੀ ਫੌਜ ’ਚ ਸਹਾਇਕ ਮੁਲਾਜ਼ਮਾਂ ਦੇ ਤੌਰ ’ਤੇ ਭਰਤੀ ਭਾਰਤੀਆਂ ਦੀ ਵਾਪਸੀ ਦੀ ਭਾਰਤ ਦੀ ਮੰਗ ਨਾਲ ਜੁੜੇ ਮੁੱਦੇ ਦੇ ਜਲਦੀ ਹੱਲ ਦੀ ਉਮੀਦ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦੀ ਭਰਤੀ ਪੂਰੀ ਤਰ੍ਹਾਂ ਇਕ ਪੈਸੇ ਨਾਲ ਸਬੰਧਤ ਮਾਮਲਾ ਹੈ। 

ਰੂਸੀ ਸਰਕਾਰ ਵਲੋਂ ਇਸ ਮੁੱਦੇ ’ਤੇ ਪਹਿਲੀ ਟਿਪਣੀ ਕਰਦਿਆਂ ਰੂਸੀ ਸਫ਼ਾਰਤਖ਼ਾਨੇ ਦੇ ਇੰਚਾਰਜ ਰੋਮਨ ਬਾਬੂਸ਼ਕਿਨ ਨੇ ਕਿਹਾ ਕਿ ਮਾਸਕੋ ਕਦੇ ਨਹੀਂ ਚਾਹੁੰਦਾ ਸੀ ਕਿ ਭਾਰਤੀ ਉਸ ਦੀ ਫੌਜ ਦਾ ਹਿੱਸਾ ਬਣਨ ਅਤੇ ਸੰਘਰਸ਼ ਦੇ ਸੰਦਰਭ ’ਚ ਉਨ੍ਹਾਂ ਦੀ ਗਿਣਤੀ ਨਾਮਾਤਰ ਹੈ। 

ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ’ਚ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਇਸ ਮੁੱਦੇ ’ਤੇ ਭਾਰਤ ਸਰਕਾਰ ਦੇ ਨਾਲ ਖੜ੍ਹੇ ਹਾਂ। ਸਾਨੂੰ ਉਮੀਦ ਹੈ ਕਿ ਇਹ ਮੁੱਦਾ ਜਲਦੀ ਹੀ ਹੱਲ ਹੋ ਜਾਵੇਗਾ।’’ ਬਾਬੂਸ਼ਕਿਨ ਦੀ ਇਹ ਟਿਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਜ਼ੋਰਦਾਰ ਢੰਗ ਨਾਲ ਇਹ ਮੁੱਦਾ ਉਠਾਉਣ ਦੇ ਇਕ ਦਿਨ ਬਾਅਦ ਆਈ ਹੈ, ਜਿਸ ਵਿਚ ਉਨ੍ਹਾਂ ਨੇ ਰੂਸੀ ਫੌਜ ਵਿਚ ਸਹਾਇਕ ਮੁਲਾਜ਼ਮਾਂ ਵਜੋਂ ਸੇਵਾ ਨਿਭਾ ਰਹੇ ਭਾਰਤੀ ਨਾਗਰਿਕਾਂ ਦੀ ਜਲਦੀ ਰਿਹਾਈ ਅਤੇ ਵਾਪਸੀ ਨੂੰ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਸੀ। 

ਬਾਬੂਸ਼ਕਿਨ ਨੇ ਕਿਹਾ, ‘‘ਇਸ ਮੁੱਦੇ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ।’’ ਉਨ੍ਹਾਂ ਕਿਹਾ, ‘‘ਅਸੀਂ ਇਹ ਸਪੱਸ਼ਟ ਕਰਦੇ ਹਾਂ ਕਿ ਅਸੀਂ ਕਦੇ ਨਹੀਂ ਚਾਹੁੰਦੇ ਸੀ ਕਿ ਭਾਰਤੀ ਰੂਸੀ ਫੌਜ ਦਾ ਹਿੱਸਾ ਬਣਨ। ਤੁਸੀਂ ਇਸ ਬਾਰੇ ਰੂਸੀ ਅਧਿਕਾਰੀਆਂ ਵਲੋਂ ਕੋਈ ਐਲਾਨ ਕਦੇ ਨਹੀਂ ਵੇਖੋਗੇ।’’

ਰੂਸੀ ਡਿਪਲੋਮੈਟ ਨੇ ਕਿਹਾ ਕਿ ਜ਼ਿਆਦਾਤਰ ਭਾਰਤੀਆਂ ਨੂੰ ‘ਕਮਰਸ਼ੀਅਲ ਫ਼ਰੇਮਵਰਕ’ ਤਹਿਤ ਭਰਤੀ ਕੀਤਾ ਗਿਆ ਸੀ ਕਿਉਂਕਿ ਉਹ ਪੈਸਾ ਕਮਾਉਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਵੱਡੇ ਟਕਰਾਅ ਦੇ ਸੰਦਰਭ ’ਚ ਭਾਰਤੀਆਂ ਦੀ ਗਿਣਤੀ 50, 60 ਜਾਂ 100 ਕੋਈ ਮਾਇਨੇ ਨਹੀਂ ਰਖਦੀ। 

ਉਨ੍ਹਾਂ ਕਿਹਾ, ‘‘ਉਹ ਪੂਰੀ ਤਰ੍ਹਾਂ ਵਪਾਰਕ ਕਾਰਨਾਂ ਕਰ ਕੇ ਆਏ ਸਨ ਅਤੇ ਅਸੀਂ ਉਨ੍ਹਾਂ ਨੂੰ ਭਰਤੀ ਨਹੀਂ ਕਰਨਾ ਚਾਹੁੰਦੇ ਸੀ।’’ ਉਨ੍ਹਾਂ ਕਿਹਾ ਕਿ ਸਹਾਇਕ ਸਟਾਫ ਵਜੋਂ ਭਰਤੀ ਕੀਤੇ ਗਏ ਜ਼ਿਆਦਾਤਰ ਭਾਰਤੀ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਕੰਮ ਕਰਨ ਲਈ ਉਚਿਤ ਵੀਜ਼ਾ ਨਹੀਂ ਸੀ। ਉਨ੍ਹਾਂ ਨੇ ਦਸਿਆ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਟੂਰਿਸਟ ਵੀਜ਼ਾ ’ਤੇ ਰੂਸ ਆਏ ਸਨ। 

ਇਹ ਪੁੱਛੇ ਜਾਣ ’ਤੇ ਕਿ ਮਾਰੇ ਗਏ ਲੋਕਾਂ ਦੇ ਪਰਵਾਰਾਂ ਨੂੰ ਕੀ ਮੁਆਵਜ਼ਾ ਅਤੇ ਰੂਸੀ ਨਾਗਰਿਕਤਾ ਦਿਤੀ ਜਾਵੇਗੀ, ਬਾਬੂਸ਼ਕਿਨ ਨੇ ਕਿਹਾ ਕਿ ਇਹ ਕਿਸੇ ਵੀ ਤਰ੍ਹਾਂ ਇਕਰਾਰਨਾਮੇ ਦੀਆਂ ਵਚਨਬੱਧਤਾਵਾਂ ਦੇ ਅਨੁਸਾਰ ਕੀਤਾ ਹੀ ਜਾਣਾ ਚਾਹੀਦਾ ਹੈ। 

ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਮੰਗਲਵਾਰ ਨੂੰ ਮਾਸਕੋ ’ਚ ਕਿਹਾ ਕਿ ਰੂਸ ਨੇ ਅਪਣੀ ਫੌਜ ’ਚ ਕੰਮ ਕਰ ਰਹੇ ਸਾਰੇ ਭਾਰਤੀ ਨਾਗਰਿਕਾਂ ਦੀ ਜਲਦੀ ਰਿਹਾਈ ਦਾ ਵਾਅਦਾ ਕੀਤਾ ਹੈ।