ਭਾਜਪਾ ਨੇ ਅਕਾਲੀਆਂ ਨੂੰ ਉਨ੍ਹਾਂ ਦੀ ਹੈਸੀਅਤ ਵਿਖਾਈ: ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜ ਸਭਾ ਦੇ ਡਿਪਟੀ ਚੇਅਰਮੈਨ ਦੀ ਚੋਣ ਦੇ ਮੁੱਦੇ 'ਤੇ ਭਾਜਪਾ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਕੀਤੇ ਗਏ ਵਿਹਾਰ 'ਤੇ ਟਿੱਪਣੀ ਕਰਦਿਆਂ.............

Paramjit Singh Sarna

ਨਵੀਂ ਦਿੱਲੀ : ਰਾਜ ਸਭਾ ਦੇ ਡਿਪਟੀ ਚੇਅਰਮੈਨ ਦੀ ਚੋਣ ਦੇ ਮੁੱਦੇ 'ਤੇ ਭਾਜਪਾ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਕੀਤੇ ਗਏ ਵਿਹਾਰ 'ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਇਸ ਅਹੁਦੇ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰੇਸ਼ ਗੁਜਰਾਲ ਨੂੰ ਪਾਸੇ ਕਰ ਕੇ, ਮੋਦੀ ਸਰਕਾਰ ਨੇ ਅਕਾਲੀ ਦਲ ਨੂੰ ਉਸਦੀ ਅਸਲ ਹੈਸੀਅਤ ਵਿਖਾ ਦਿਤੀ ਹੈ।  ਉਨ੍ਹਾਂ ਕਿਹਾ ਕਿ  ਇਸ ਘਟਨਾ ਤੋਂ ਸਾਫ ਹੈ ਕਿ ਐਨਡੀਏ ਨੂੰ 2019 ਦੀਆਂ ਚੋਣਾਂ ਲਈ ਅਕਾਲੀ ਦਲ ਵਾਧੂ ਦਾ ਬੋਝ ਜਾਪ ਰਿਹਾ ਹੈ, ਕਿਉਂਕਿ ਪੰਜਾਬ ਵਿਚ ਬਾਦਲਾਂ ਦੀ ਕਿਸ਼ਤੀ ਡੁੱਬ ਚੁਕੀ ਹੈ।

ਇਸ ਤਰ੍ਹਾਂ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਸਣੇ ਸ.ਪ੍ਰਕਾਸ਼ ਸਿੰਘ ਬਾਦਲ ਦੀ ਵੀ ਫ਼ਜ਼ੀਹਤ ਹੋਈ ਹੈ ਜਿਹੜੇ ਭਾਜਪਾ ਨਾਲ ਆਪਣੇ ਗੱਠਜੋੜ ਦੇ ਰਿਸ਼ਤਿਆਂ ਦੀਆਂ ਡੀਂਗਾਂ ਮਾਰਦੇ ਹੋਏ ਬਿਨਾਂ ਸ਼ਰਤ ਹਮਾਇਤ ਦੇ ਕੇ, ਭਾਜਪਾ ਦੀ ਝੋਲੀ ਵਿਚ ਬੈਠੇ ਹੋਏ ਹਨ। ਸ.ਸਰਨਾ ਨੇ ਕਿਹਾ ਕਿ ਆਰ.ਐਸ.ਐਸ.ਦੇ ਅਖਉਤੀ ਏਜੰਡੇ ਹੇਠ ਸਿੱਖ ਪੰਥ ਨਾਲ ਧ੍ਰੋਹ ਕਮਾ ਕੇ, ਸਿੱਖ ਸੰਸਥਾਵਾਂ ਦਾ ਅਖਉਤੀ ਭਗਵਾਂਕਰਨ ਕਰਵਾਉਣ ਵਾਲੇ

ਬਾਦਲਾਂ ਨੂੰ ਅੱਜ ਭਾਜਪਾ ਤੇ ਆਰ.ਐਸ.ਐਸ. ਨੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੇ ਮਾਮੂਲੀ ਜਿਹੇ ਅਹੁਦੇ ਵਾਸਤੇ ਵੀ ਨਕਾਰਾ ਸਾਬਤ ਕਰ ਕੇ ਰੱਖ ਦਿਤਾ ਹੈ। ਸ.ਸਰਨਾ ਨੇ ਪੰਥ ਪ੍ਰਸਤਾਂ ਨੂੰ ਸੱਦਾ ਦਿਤਾ ਹੈ ਕਿ ਉਹ ਅੱਗੇ ਆਉਣ ਤੇ ਪੰਜਾਬ ਦੀ ਨੌਜਵਾਨੀ, ਸਿੱਖ ਅਦਾਰਿਆਂ ਤੇ ਰਵਾਇਤਾਂ ਨੂੰ ਬਾਦਲਾ ਤੇ ਆਰ.ਐਸ.ਐਸ.ਦੇ ਅਖਉਤੀ ਗ਼ਲਬੇ ਤੋਂ ਬਚਾਉਣ।