ਰਾਜਸਥਾਨ 'ਚ ਚੋਣਾਂ ਤੋਂ ਪਹਿਲਾਂ ਬਦਲੇ ਗਏ ਇਨ੍ਹਾਂ ਤਿੰਨ ਪਿੰਡਾਂ ਦੇ ਨਾਮ
ਜੈਪੁਰ: ਰਾਜਸਥਾਨ ਵਿਚ ਕਰੀਬ 2000 ਲੋਕਾਂ ਦਾ ਇਕ ਪਿੰਡ ਹੁਣ ਨਵੇਂ ਨਾਮ ਨਾਲ ਜਾਣਿਆ ਜਾਵੇਗਾ। ਪਿਛਲੇ ਕਾਫੀ ਸਮੇਂ ਤੋਂ ਅਪਣੇ ਨਾਮ ਬਦਲਣ ਨੂੰ ਲੈ ਕੇ...
ਜੈਪੁਰ: ਰਾਜਸਥਾਨ ਵਿਚ ਕਰੀਬ 2000 ਲੋਕਾਂ ਦਾ ਇਕ ਪਿੰਡ ਹੁਣ ਨਵੇਂ ਨਾਮ ਨਾਲ ਜਾਣਿਆ ਜਾਵੇਗਾ। ਕਾਫੀ ਸਮੇਂ ਤੋਂ ਅਪਣੇ ਪਿੰਡ ਦਾ ਨਾਮ ਬਦਲਣ ਨੂੰ ਲੈ ਕੇ ਲੋਕਾਂ ਦੀ ਇੱਛਾ ਹੁਣ ਪੂਰੀ ਹੋ ਚੁੱਕੀ ਹੈ ਕਿਉਂਕਿ ਬਾੜਮੇਰ ਜ਼ਿਲ੍ਹੇ ਦੇ 'ਮੀਆਂ ਕਾ ਬਾੜਾ' ਪਿੰਡ ਦਾ ਨਾਮ ਬਦਲ ਕੇ ਹੁਣ ਭਗਵਾਨ ਸ਼ੰਕਰ ਦੇ ਨਾਮ 'ਤੇ ਰੱਖ ਦਿਤਾ ਗਿਆ ਹੈ। ਯਾਨੀ ਕਿ ਪਿੰਡ ਮੀਆਂ ਕਾ ਬਾੜਾ ਨਾਮ ਹੁਣ ਬਦਲ ਕੇ 'ਮਹੇਸ਼ ਨਗਰ' ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ ਹੈ। ਮੀਆਂ ਕਾ ਬਾੜਾ ਤੋਂ ਮੁਸਲਿਮ ਮਾਨਸਿਕਤਾ ਦੀ ਝਲਕ ਮਿਲਦੀ ਹੈ ਪਰ ਇਥੇ ਜ਼ਿਆਦਾਤਰ ਅਬਾਦੀ ਹਿੰਦੂਆਂ ਦੀ ਹੈ। ਇਸਦੇ ਨਾਲ ਹੀ ਹਿੰਦੂ ਹਕੂਮਤ ਵਾਲੇ ਇਲਾਕੇ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਇਸ ਨਾਮ ਦੇ ਕਾਰਨ ਉਨ੍ਹਾਂ ਦੇ ਬੱਚਿਆਂ ਦੇ ਵਿਆਹ ਕਰਨ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਰਕਾਰ ਨੇ ਬਾਰਡਰ ਦੇ ਕੋਲ ਵਾਲੇ ਬਾੜਮੇਰ ਜ਼ਿਲ੍ਹੇ ਦੇ ਇਸ ਪਿੰਡ ਦੇ ਨਾਮ ਨੂੰ ਮੀਆਂ ਕਾ ਬਾੜਾ ਤੋਂ ਬਦਲ ਕੇ ਹੁਣ ਮਹੇਸ਼ ਨਗਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਅਸਲ ਵਿਚ ਇਸ ਪਿੰਡ ਦਾ ਨਾਮ ਮਹੇਸ਼ ਰੋ ਬਾੜੋ ਸੀ।ਸਰਪੰਚ ਹਨੁਮੰਤ ਸਿੰਘ ਨੇ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਤਕ ਇਸ ਪਿੰਡ ਦਾ ਨਾਮ ਮਹੇਸ਼ ਰੋ ਬਾੜੋ ਸੀ ਪਰ ਉਸ ਤੋਂ ਬਾਅਦ ਇਸ ਦਾ ਨਾਮ ਮੀਆਂ ਕਾ ਬਾੜਾ ਬਦਲ ਦਿੱਤਾ ਗਿਆ ਪਰ ਹੁਣ ਇਸ ਦਾ ਨਾਮ ਮਹੇਸ਼ ਨਗਰ ਕਰ ਦਿੱਤਾ ਹੈ।
ਬਾੜਮੇਰ ਬਾਰਡਰ ਇਲਾਕੇ ਦਾ ਜ਼ਿਲ੍ਹਾ ਹੈ। ਮੀਆਂ ਕਾ ਬਾੜਾ ਉਸ ਸਮੇਂ ਦਾ ਹੈ ਜਦ ਪਿੰਡ ਵਿਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਸਨ ਪਰ ਹੁਣ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਮੀਆਂ ਸ਼ਬਦ ਮੁਸਲਿਮ ਲੋਕਾਂ ਲਈ ਵਰਤੋਂ ਵਿਚ ਲਿਆਂਦਾ ਜਾਂਦਾ ਹੈ ਅਤੇ ਇੱਥੇ ਮੁਸਲਿਮ ਭਾਈਚਾਰੇ ਦੀ ਆਬਾਦੀ ਬਹੁਤ ਘੱਟ ਹੈ। ਇਸ ਤੋਂ ਇਲਾਵਾ ਰਾਜਸਥਾਨ ਦੇ ਦੋ ਹੋਰ ਪਿੰਡਾਂ ਇਸਮਾਈਲ ਖੁਰਦ ਅਤੇ ਨਰਪਾੜਾ ਦਾ ਨਾਮ ਬਦਲ ਕੇ ਪਿਚਨਵਾ ਖੁਰਦ ਅਤੇ ਨਰਪੁਰਾ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਇਸ ਤੋਂ ਇਲਾਵਾ ਇਹ ਫੈਸਲਾ ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਕੀਤਾ ਗਿਆ ਹੈ। ਰਾਜਸਥਾਨ ਵਿਚ ਮੁੱਖ ਮੰਤਰੀ ਵਸੁੰਦਰਾ ਰਾਜੇ ਦੀ ਪ੍ਰਧਾਨਗੀ ਵਾਲੀ ਭਾਜਪਾ ਸਰਕਾਰ ਸੱਤਾ ਵਿਚ ਹੈ। ਸੂਤਰ ਨੇ ਦੱਸਿਆ ਕਿ ਝੁੰਝੁਨੂ ਜ਼ਿਲ੍ਹੇ ਦੇ ਇਮਾਈਲ ਖੁਰਦ ਦਾ ਨਾਲ ਬਦਲ ਕੇ ਪਿਚਨਵਾ ਖੁਰਦ ਅਤੇ ਜਾਲੌਰ ਜ਼ਿਲ੍ਹੇ ਦੇ ਨਰਪਾੜਾ ਦਾ ਨਰਪੁਰਾ ਕਰ ਦਿੱਤਾ ਗਿਆ ਹੈ। ਰੇਲ ਮੰਤਰਾਲਾ, ਡਾਕ ਵਿਭਾਗ ਅਤੇ ਭਾਰਤੀ ਸਰਵੇਖਣ ਵਿਭਾਗ ਦੁਆਰਾ ਕੋਈ ਇਤਰਾਜ਼ ਨਾ ਜਤਾਉਣ 'ਤੇ ਗ੍ਰਹਿ ਮੰਤਰਾਲੇ ਨੇ ਇਹ ਨਾਮ ਬਦਲੇ। ਇਸ ਸਬੰਧ ਵਿਚ ਪ੍ਰਸਤਾਵ ਰਾਜਸਥਾਨ ਸਰਕਾਰ ਨੇ ਭੇਜਿਆ ਸੀ।