ਕਾਂਗਰਸ ਨੂੰ ਦਿਸ਼ਾਹੀਣ ਹੋਣ ਦੀ ਧਾਰਨਾ ਖ਼ਤਮ ਕਰਨ ਲਈ ਕੁਲਵਕਤੀ ਪ੍ਰਧਾਨ ਚੁਣਨਾ ਚਾਹੀਦੈ : ਥਰੂਰ
ਰਾਹੁਲ ਗਾਂਧੀ ਕੋਲ ਹੌਸਲਾ, ਸਮਰੱਥਾ ਅਤੇ ਯੋਗਤਾ ਹੈ
ਨਵੀਂ ਦਿੱਲੀ, 9 ਅਗੱਸਤ : ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਪਾਰਟੀ ਦੇ ਟੀਚਾਹੀਣ ਅਤੇ ਦਿਸ਼ਾਹੀਣ ਹੋਣ ਦੀ ਲੋਕਾਂ ਦੇ ਮਨਾਂ ਵਿਚ ਵਧਦੀ ਧਾਰਨਾ ਨੂੰ ਖ਼ਤਮ ਕਰਨ ਲਈ ਕੁਲਵਕਤੀ ਪ੍ਰਧਾਨ ਲੱਭਣ ਦੀ ਕਵਾਇਦ ਜ਼ਰੂਰ ਹੀ ਤੇਜ਼ ਕਰਨੀ ਚਾਹੀਦੀ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਨੇ ਇਹ ਵੀ ਕਿਹਾ ਕਿ ਉਸ ਨੂੰ ਨਿਸ਼ਚੇ ਹੀ ਅਜਿਹਾ ਲਗਦਾ ਹੈ ਕਿ ਪਾਰਟੀ ਦੀ ਇਕ ਵਾਰ ਫਿਰ ਅਗਵਾਈ ਕਰਨ ਲਈ ਰਾਹੁਲ ਗਾਂਧੀ ਕੋਲ ਹੌਸਲਾ, ਸਮਰੱਥਾ ਅਤੇ ਯੋਗਤਾ ਹੈ ਪਰ ਜੇ ਉਹ ਅਜਿਹਾ ਨਹੀਂ ਕਰਨਾ ਚਾਹੁੰਦੇ ਤਾਂ ਪਾਰਟੀ ਨੂੰ ਨਵਾਂ ਪ੍ਰਧਾਨ ਚੁਣਨ ਦੀ ਦਿਸ਼ਾ ਵਿਚ ਜ਼ਰੂਰ ਹੀ ਅੱਗੇ ਵਧਣਾ ਚਾਹੀਦਾ ਹੈ।
ਉਨ੍ਹਾਂ ਦੀ ਇਹ ਟਿਪਣੀ ਇਸ ਗੱਲੋਂ ਅਹਿਮ ਹੈ ਕਿਉਂਕਿ ਇਹ ਸੋਨੀਆ ਗਾਂਧੀ ਦੇ ਕਾਂਗਰਸ ਦੇ ਅੰਤਰਮ ਪ੍ਰਧਾਨ ਵਜੋਂ 10 ਅਗੱਸਤ ਨੂੰ ਇਕ ਸਾਲ ਪੂਰਾ ਕਰਨ ਤੋਂ ਠੀਕ ਪਹਿਲਾਂ ਆਈ ਹੈ। ਥਰੂਰ ਨੇ ਕਿਹਾ, 'ਮੇਰਾ ਮੰਨਣਾ ਹੇ ਕਿ ਸਾਨੂੰ ਅਪਣੀ ਲੀਡਰਸ਼ਿਪ ਦੇ ਅੱਗੇ ਵਧਣ ਬਾਰੇ ਸਪੱਸ਼ਟ ਹੋਣਾ ਚਾਹੀਦਾ ਹੈ। ਮੈਂ ਪਿਛਲੇ ਸਾਲ ਅੰਤਰਮ ਪ੍ਰਧਾਨ ਵਜੋਂ ਸੋਨੀਆ ਜੀ ਦੀ ਨਿਯੁਕਤੀ ਦਾ ਸਵਾਗਤ ਕੀਤਾ ਸੀ ਪਰ ਮੇਰਾ ਮੰਨਣਾ ਹੈ ਕਿ ਉਨ੍ਹਾਂ ਕੋਲੋਂ ਅਣਮਿੱਥੇ ਸਮੇਂ ਤਕ ਇਸ ਜ਼ਿੰਮੇਵਾਰੀ ਨੂੰ ਚੁੱਕਣ ਦੀ ਉਮੀਦ ਕਰਨਾ ਠੀਕ ਨਹੀਂ ਹੋਵੇਗਾ।'
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, 'ਸਾਨੂੰ ਲੋਕਾਂ ਅੰਦਰ ਵਧਦੀ ਅਤੇ ਮੀਡੀਆ ਦੁਆਰਾ ਤੂਲ ਦਿਤੀ ਜਾ ਰਹੀ ਧਾਰਨਾ ਨੂੰ ਖ਼ਤਮ ਕਰਨ ਦੀ ਲੋੜ ਹੈ ਕਿ ਕਾਂਗਰਸ ਟੀਚਾਹੀਣ ਅਤੇ ਦਿਸ਼ਾਹੀਣ ਪਾਰਟੀ ਬਣ ਗਈ ਹੈ ਅਤੇ ਭਰੋਸੇਯੋਗ ਕੌਮੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੇ ਅਸਮਰੱਥ ਹੈ।' ਥਰੂਰ ਨੇ ਕਿਹਾ ਕਿ ਕੁਲਵਕਤੀ ਪ੍ਰਧਾਨ ਲੱਭਣ ਦੀ ਕਵਾਇਦ ਤੇਜ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, 'ਬੇਸ਼ੱਕ ਜੇ ਰਾਹੁਲ ਗਾਂਧੀ ਮੁੜ ਅਗਵਾਈ ਕਰਨ ਲਈ ਤਿਆਰ ਹਨ ਤਾਂ ਉਨ੍ਹਾਂ ਨੂੰ ਅਪਣਾ ਅਸਤੀਫ਼ਾ ਵਾਪਸ ਲੈਣਾ ਪਵੇਗਾ। ਉਹ ਦਸੰਬਰ 2022 ਤਕ ਸੇਵਾ ਦੇਣ ਲਈ ਚੁਣੇ ਗਏ ਸਨ ਅਤੇ ਉਨ੍ਹਾਂ ਨੂੰ ਮੁੜ ਵਾਗਡੋਰ ਸੰਭਾਲਣੀ ਚਾਹੀਦੀ ਹੈ।'