ਕੋਰੋਨਾ ਦਾ ਕਹਿਰ : ਇਕ ਦਿਨ ਵਿਚ ਰੀਕਾਰਡ 64,399 ਨਵੇਂ ਮਾਮਲੇ, 861 ਮਰੀਜ਼ਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰ ਮਿੰਟ ਵਿਚ ਲਗਭਗ 500 ਨਮੂਨਿਆਂ ਦੀ ਜਾਂਚ

Covid 19

ਨਵੀਂ ਦਿੱਲੀ, 9 ਅਗੱਸਤ : ਭਾਰਤ ਵਿਚ ਕੋਰੋਨਾ ਵਾਇਰਸ ਲਾਗ ਦੇ ਇਕ ਦਿਨ ਵਿਚ ਰੀਕਾਰਡ 64399 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਐਤਵਾਰ ਨੂੰ ਲਾਗ ਦੇ ਕੁਲ ਮਾਮਲੇ 21 ਲੱਖ ਦਾ ਅੰਕੜਾ ਪਾਰ ਕਰ ਗਏ ਜਦਕਿ 861 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ 43379 ਹੋ ਗਈ।

ਸਿਹਤ ਮੰਤਰਾਲੇ ਨੇ ਦਸਿਆ ਕਿ ਪਿਛਲੇ 24 ਘੰਟਿਆਂ ਵਿਚ 53879 ਹੋਰ ਮਰੀਜ਼ ਸਿਹਤਯਾਬ ਹੋ ਗਏ ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁਲ ਗਿਣਤੀ 1480884 ਹੋ ਗਈ। ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ 68.78 ਫ਼ੀ ਸਦੀ ਹੋ ਗਈ ਹੈ। ਮ੍ਰਿਤਕਾਂ ਦੀ ਦਰ ਘੱਟ ਕੇ 2.01 ਫ਼ੀ ਸਦੀ ਰਹਿ ਗਈ ਹੈ। ਦੇਸ਼ ਵਿਚ ਇਸ ਸਮੇਂ 628747 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹਨ।

ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁਲ ਮਾਮਲੇ ਵੱਧ ਕੇ 2153010 ਹੋ ਗਏ ਹਨ ਜਿਨ੍ਹਾਂ ਵਿਚੋਂ 43379 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। ਇਹ ਲਗਾਤਾਰ ਤੀਜਾ ਦਿਨ ਹੈ ਜਦ ਕੋਵਿਡ-19 ਦੇ ਇਕ ਦਿਨ ਵਿਚ 60 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਭਾਰਤ ਵਿਚ ਸ਼ੁਕਰਵਾਰ ਨੂੰ ਲਾਗ ਦੇ ਮਾਮਲੇ 20 ਲੱਖ ਤੋਂ ਵੱਧ ਹੋ ਗਏ ਸਨ। ਸਨਿਚਰਵਾਰ ਨੂੰ 719364 ਨਮੂਨਿਆਂ ਦੀ ਜਾਂਚ ਕੀਤੀ ਗਈ ਜੋ ਹੁਣ ਤਕ ਇਕ ਦਿਨ ਵਿਚ ਟੈਸਟਾਂ ਦੀ ਸੱਭ ਤੋਂ ਵੱਧ ਗਿਣਤੀ ਹੈ। ਹੁਣ ਤਕ ਕੁਲ 24106535 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।

ਭਾਰਤ ਵਿਚ ਹਰ ਮਿੰਟ ਵਿਚ ਲਗਭਗ 500 ਨਮੂਨਿਆਂ ਦੀ ਜਾਂਚ ਹੋ ਰਹੀ ਹੈ ਅਤੇ ਪ੍ਰਤੀ ਦਿਨ ਟੈਸਟਾਂ ਦੀ ਸਮਰੱਥਾ ਵਧ ਕੇ ਪੰਜ ਲੱਖ ਤੋਂ ਵੱਧ ਹੋ ਗਈ ਹੈ।  24 ਘੰਟਿਆਂ ਵਿਚ ਹੋਈਆਂ 861 ਮੌਤਾਂ ਵਿਚੋਂ ਸੱਭ ਤੋਂ ਵੱਧ 275 ਮੌਤਾਂ ਮਹਾਰਾਸ਼ਟਰ ਵਿਚ, 118 ਤਾਮਿਲਨਾਡੂ, 97 ਆਂਧਰਾ ਪ੍ਰਦੇਸ਼ ਅਤੇ 93 ਮਰੀਜ਼ਾਂ ਦੀ ਮੌਤ ਕਰਨਾਟਕ ਵਿਚ ਹੋਈ ਹੈ।

ਪਛਮੀ ਬੰਗਾਲ ਵਿਚ ਇਸ ਬੀਮਾਰੀ ਨੇ 51, ਯੂਪੀ ਵਿਚ 47, ਪੰਜਾਬ ਤੇ ਗੁਜਰਾਤ ਵਿਚ 23-23 ਮਰੀਜ਼ਾਂ ਦੀ ਜਾਨ ਲਈ। ਦਿੱਲੀ ਵਿਚ ਕਰੋਨਾ ਵਾਇਰਸ ਨਾਲ 16, ਮੱਧ ਪ੍ਰਦੇਸ਼ ਵਿਚ 15, ਬਿਹਾਰ ਵਿਚ 13, ਤੇਲੰਗਾਨਾ ਅਤੇ ਉੜੀਸਾ ਵਿਚ 12-12, ਰਾਜਸਥਾਨ ਵਿਚ 11 ਅਤੇ ਜੰਮੂ ਕਸ਼ਮੀਰ ਵਿਚ 10 ਜਣਿਆਂ ਦੀ ਮੌਤ ਹੋਈ ਹੈ। ਆਸਾਮ ਵਿਚ ਅੱਠ, ਹਰਿਆਣਾ ਵਿਚ ਸੱਤ, ਪੁਡੂਚੇਰੀ ਅਤੇ ਉਤਰਾਖੰਡ ਵਿਚ ਪੰਜ-ਪੰਜ, ਝਾਰਖੰਡ, ਕੇਰਲਾ ਅਤੇ ਤ੍ਰਿਪੁਰਾ ਵਿਚ ਚਾਰ-ਚਾਰ ਮਰੀਜ਼ਾਂ ਦੀ ਮੌਤ ਹੋਈ ਹੈ। ਹੁਣ ਤਕ ਹੋਈਆਂ ਕੁਲ 43379 ਮੌਤਾਂ ਵਿਚੋਂ ਸੱਭ ਤੋਂ ਵੱਧ 17367 ਮੌਤਾਂ ਮਹਾਰਾਸ਼ਟਰ ਵਿਚ ਹੋਈਆਂ ਹਨ।