ਰੇਲਵੇ ਵਲੋਂ ਨੌਕਰੀਆਂ ਸਬੰਧੀ ਫ਼ਰਜ਼ੀ ਇਸ਼ਤਹਾਰ ਜਾਰੀ ਕਰਨ ਵਾਲੀ ਏਜੰਸੀ ਖਿਲਾਫ਼ ਕਾਰਵਾਈ ਸ਼ੁਰੂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਰੇਲਵੇ ਭਰਤੀ ਸਬੰਧੀ ਛਪੇ ਫ਼ਰਜ਼ੀ ਇਸ਼ਤਿਹਾਰ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ

Indian Railways

ਨਵੀਂ ਦਿੱਲੀ : ਰੇਲਵੇ ਵਿਚ ਕਰੀਬ ਪੰਜ ਹਜ਼ਾਰ ਅਸਾਮੀਆਂ ਭਰਨ ਸਬੰਧੀ ਫ਼ਰਜ਼ੀ ਇਸ਼ਤਿਹਾਰ ਜਾਰੀ ਕਰਨ ਦੇ ਮਾਮਲੇ ਵਿਚ ਰੇਲਵੇ ਨੇ ਇਕ ਨਿਜੀ ਏਜੰਸੀ ਖਿਲਾਫ਼ ਕਾਰਵਾਈ ਦੀ ਤਿਆਰੀ ਖਿੱਚ ਲਈ ਹੈ। ਰੇਲਵੇ ਨੇ ਅਜਿਹਾ ਕੋਈ ਵੀ ਇਸ਼ਤਿਹਾਰ ਜਾਰੀ ਕਰਨ ਦਾ ਖੰਡਨ ਕਰਦਿਆਂ ਲੋਕਾਂ ਨੂੰ ਅਜਿਹੇ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

ਕਾਬਲੇਗੌਰ ਹੈ ਕਿ ਪਿਛਲੇ ਦਿਨਾਂ ਦੌਰਾਨ ਅਖ਼ਬਾਰਾਂ ਵਿਚ ਇਕ ਇਸ਼ਤਿਹਾਰ ਛਪਿਆ ਸੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਰੇਲਵੇ ਨੇ ਅੱਠ ਸ਼ਰੇਣੀਆਂ ਵਿਚ 5,285 ਅਸਾਮੀਆਂ ਨੂੰ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਇਸ਼ਤਿਹਾਰ 'ਅਵੇਸਟਰਾਨ ਇੰਫੋਟੇਕ' ਨਾਮ ਦੀ ਏਜੰਸੀ ਵਲੋਂ 8 ਅਗੱਸਤ 2020 ਨੂੰ ਜਾਰੀ ਕੀਤਾ ਗਿਆ ਸੀ।

ਕਈ ਪ੍ਰਮੁੱਖ ਅਖ਼ਬਾਰਾਂ 'ਚ ਛਪੇ ਇਸ ਇਸ਼ਤਿਹਾਰ 'ਚ ਦਾਅਵਾ ਕੀਤਾ ਗਿਆ ਸੀ ਕਿ ਆਊਟਸੋਰਸਿੰਗ ਦੇ ਆਧਾਰ 'ਤੇ ਭਾਰਤੀ ਰੇਲਵੇ ਵਿਚ 11 ਸਾਲ ਤਕ ਸੰਵਿਦਾ 'ਤੇ ਕੰਮ ਕਰਨ ਲਈ ਅੱਠ ਸ਼ਰੇਣੀਆਂ ਵਿਚ 5,285 ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਲਈ ਉਮੀਦਵਾਰਾਂ ਤੋਂ 750 ਰੁਪਏ ਬਤੌਰ ਫ਼ੀਸ ਆਨਲਾਇਨ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ। ਇਸ਼ਤਿਹਾਰ ਵਿਚ ਅਪਲਾਈ ਕਰਨ ਦੀ ਅੰਤਿਮ ਮਿਤੀ 10 ਸਤੰਬਰ 2020 ਦੱਸੀ ਗਈ ਹੈ।

ਇਸ ਸਬੰਧੀ ਬਿਆਨ ਜਾਰੀ ਰੇਲਵੇ ਨੇ ਕਿਹਾ ਕਿ ਰੇਲਵੇ ਵਿਚ ਭਰਤੀ ਲਈ ਇਸ਼ਤਿਹਾਰ ਹਮੇਸ਼ਾ ਭਾਰਤੀ ਰੇਲਵੇ ਵਲੋਂ ਹੀ ਜਾਰੀ ਕੀਤਾ ਜਾਂਦਾ ਹੈ। ਇਹ ਕਾਰਜ ਕਦੇ ਵੀ ਕਿਸੇ ਨਿੱਜੀ ਏਜੰਸੀ ਨੂੰ ਨਹੀਂ ਸੌਂਪਿਆ ਗਿਆ ਅਤੇ ਨਾ ਹੀ ਕੋਈ ਏਜੰਸੀ ਇਸ ਲਈ ਅਧਿਕ੍ਰਿਤ ਹੈ।

ਰੇਲਵੇ ਮੁਤਾਬਕ ਉਕਤ ਏਜੰਸੀ ਵਲੋਂ ਜਾਰੀ ਕੀਤਾ ਗਿਆ ਇਹ ਇਸ਼ਤਿਹਾਰ ਪੂਰੀ ਤਰ੍ਹਾਂ ਫ਼ਰਜ਼ੀ ਅਤੇ ਗ਼ੈਰ ਕਾਨੂੰਨੀ ਹੈ। ਇਸ ਏਜੰਸੀ ਨੇ ਫ਼ਰਜ਼ੀ ਇਸ਼ਤਿਹਾਰ ਛਾਪ ਕੇ ਜਿੱਥੇ ਫ਼ੀਸ ਦੇ ਨਾਂ 'ਤੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੀ ਸਾਜ਼ਿਸ਼ ਰਚੀ ਹੈ ਉਥੇ ਹੀ ਰੇਲਵੇ ਦੇ ਨਾਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਰੇਲਵੇ ਸਬੰਧਤ ਏਜੰਸੀ ਖਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਉਣ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।