ਸਾਬਕਾ ਭਾਜਪਾ ਬੁਲਾਰੇ ਸਮੇਤ 6 ਗ੍ਰਿਫ਼ਤਾਰ, ਜੰਤਰ-ਮੰਤਰ ‘ਤੇ ਰੈਲੀ ਦੌਰਾਨ ਲਗਾਏ ਸੀ ਵਿਵਾਦਿਤ ਨਾਅਰੇ

ਏਜੰਸੀ

ਖ਼ਬਰਾਂ, ਰਾਸ਼ਟਰੀ

 ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵਿਰੁੱਧ ਭਾਰਤੀ ਦੰਡ ਵਿਧਾਨ ਦੀ ਧਾਰਾ 153 ਏ ਅਤੇ 188 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Violent Anti-Muslim Slogans Raised In Delhi

ਨਵੀਂ ਦਿੱਲੀ - ਸੁਪਰੀਮ ਕੋਰਟ ਦੇ ਵਕੀਲ ਅਤੇ ਭਾਜਪਾ ਦੇ ਸਾਬਕਾ ਬੁਲਾਰੇ ਅਸ਼ਵਨੀ ਉਪਾਧਿਆਏ ਅਤੇ ਪੰਜ ਹੋਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ 'ਤੇ ਐਤਵਾਰ ਨੂੰ ਦਿੱਲੀ ਦੇ ਜੰਤਰ-ਮੰਤਰ' ਤੇ ਰੋਸ ਮੁਜ਼ਾਹਰੇ ਦੌਰਾਨ ਮੁਸਲਿਮ ਵਿਰੋਧੀ ਨਾਅਰੇ ਲਗਾਉਣ ਦਾ ਦੋਸ਼ ਹੈ।

ਉਪਾਧਿਆਏ ਤੋਂ ਇਲਾਵਾ ਵਿਨੋਦ ਸ਼ਰਮਾ, ਦੀਪਕ ਸਿੰਘ, ਦੀਪਕ, ਵਿਨੀਤ ਕ੍ਰਾਂਤੀ ਅਤੇ ਪ੍ਰੀਤ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵਿਰੁੱਧ ਭਾਰਤੀ ਦੰਡ ਵਿਧਾਨ ਦੀ ਧਾਰਾ 153 ਏ ਅਤੇ 188 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਦਿੱਲੀ ਪੁਲਿਸ ਨੇ ਉਪਾਧਿਆਏ ਸਮੇਤ ਸਾਰੇ ਦੋਸ਼ੀਆਂ ਤੋਂ ਮੰਗਲਵਾਰ ਸਵੇਰ ਤੱਕ ਪੁੱਛਗਿੱਛ ਕੀਤੀ। ਪੁਲਿਸ ਨੇ ਸੋਮਵਾਰ ਰਾਤ ਨੂੰ ਉਪਾਧਿਆਏ ਨੂੰ ਕਨਾਟ ਪਲੇਸ ਥਾਣੇ ਆਉਣ ਲਈ ਸੰਮਨ ਭੇਜਿਆ ਸੀ। ਕੁਝ ਹੋਰ ਸ਼ੱਕੀ ਵਿਅਕਤੀਆਂ ਨੂੰ ਫੜਨ ਲਈ ਸ਼ਹਿਰ ਵਿਚ ਛਾਪੇ ਮਾਰੇ ਜਾ ਰਹੇ ਹਨ।

ਸੋਮਵਾਰ ਨੂੰ ਰੋਸ ਪ੍ਰਦਰਸ਼ਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋਇਆ ਸੀ। ਇਸ ਵਿਰੋਧ ਦਾ ਵੀਡੀਓ ਸੋਸ਼ਲ ਮੀਡੀਆ' ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ। ਵੀਡੀਓ 'ਚ ਸਾਫ਼ ਦਿਖ ਰਿਹਾ ਸੀ ਕਿ ਦਿੱਲੀ ਦੇ ਜੰਤਰ-ਮੰਤਰ' ਤੇ ਇਕੱਠੀ ਹੋਈ ਭੀੜ 'ਰਾਮ-ਰਾਮ' ਅਤੇ 'ਹਿੰਦੁਸਤਾਨ ਵਿਚ ਰਹਿਣਾ ਹੋਵੇਗਾ, ਜੈ ਸ਼੍ਰੀ ਰਾਮ ਕਹਿਣਾ ਹੋਵੇਗਾ' ਦੇ ਨਾਅਰੇ ਲਗਾ ਰਹੀ ਹੈ।

ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਦੇ ਕਾਰਨ ਇਸ ਰੈਲੀ ਦੀ ਇਜਾਜ਼ਤ ਨਹੀਂ ਦਿੱਤੀ ਸੀ, ਫਿਰ ਵੀ ਭੀੜ ਉੱਥੇ ਇਕੱਠੀ ਹੋ ਗਈ। ਇਸ ਦੌਰਾਨ ਕੋਈ ਵੀ ਪੁਲਿਸ ਕਰਮਚਾਰੀ ਉੱਥੇ ਮੌਜੂਦ ਨਹੀਂ ਸੀ। ਆਪਣੇ ਭੜਕਾਊ ਭਾਸ਼ਣਾਂ ਲਈ ਜਾਣੇ ਜਾਂਦੇ ਪੰਡਤ ਨਰਸਿਹਮਾਨੰਦ ਸਰਸਵਤੀ, ਅਤੇ ਟੀਵੀ ਅਦਾਕਾਰ ਅਤੇ ਭਾਜਪਾ ਨੇਤਾ ਗਜੇਂਦਰ ਚੌਹਾਨ ਵੀ ਵਿਰੋਧ ਦਾ ਹਿੱਸਾ ਸਨ।

ਇੱਕ ਬਿਆਨ ਵਿਚ ਅਸ਼ਵਨੀ ਉਪਾਧਿਆਏ ਨੇ ਕਿਹਾ, 'ਰੈਲੀ ਸੇਵ ਇੰਡੀਆ ਫਾਊਡੇਸ਼ਨ ਦੁਆਰਾ ਆਯੋਜਿਤ ਕੀਤੀ ਗਈ ਸੀ। ਮੇਰਾ ਇਸ ਸੰਗਠਨ ਨਾਲ ਕੋਈ ਲੈਣਾ -ਦੇਣਾ ਨਹੀਂ ਹੈ। ਮੈਂ ਉੱਥੇ ਆਰਵੀਐਸ ਮਨੀ, ਫਿਰੋਜ਼ ਬਖ਼ਤ ਅਹਿਮਦ ਅਤੇ ਗਜੇਂਦਰ ਚੌਹਾਨ ਦੀ ਤਰ੍ਹਾਂ ਮਹਿਮਾਨ ਵਜੋਂ ਗਿਆ ਸੀ। ਅਸੀਂ ਉੱਥੇ 11 ਵਜੇ ਪਹੁੰਚੇ ਅਤੇ 12 ਵਜੇ ਨਿਕਲ ਗਏ ਸੀ। ਨਾਅਰੇ ਲਾਉਣ ਵਾਲਿਆਂ ਨੂੰ ਮੈਂ ਨਹੀਂ ਮਿਲਿਆ। ਮੈਂ ਤੁਹਾਨੂੰ ਮਿਲ ਕੇ ਅਪਣਾ ਲਿਖਤੀ ਬਿਆਨ ਦੇਣ ਲਈ ਤਿਆਰ ਹਾਂ।

ਇਸ ਤੋਂ ਪਹਿਲਾਂ ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਉਹ ਇਨ੍ਹਾਂ ਵੀਡਿਓਜ਼ ਬਾਰੇ ਜਾਣੂ ਨਹੀਂ ਸੀ। ਜਦੋਂ ਇਹ ਸਭ ਹੋਇਆ, ਨਾ ਤਾਂ ਮੈਂ ਉੱਥੇ ਸੀ, ਨਾ ਹੀ ਮੈਨੂੰ ਇਸ ਬਾਰੇ ਪਤਾ ਸੀ, ਨਾ ਹੀ ਮੈਂ ਇਨ੍ਹਾਂ ਲੋਕਾਂ ਨੂੰ ਬੁਲਾਇਆ ਸੀ। ਇਹ ਸਭ ਮੇਰੇ ਤੋਂ ਬਾਅਦ ਹੋਇਆ ਹੋਵੇਗਾ। ਵੀਡੀਓ ਵਿਚ ਦਿਖਾਈ ਦੇਣ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਿਰਫ 5-6 ਲੋਕਾਂ ਨੇ ਇਹ ਨਾਅਰੇ ਲਗਾਏ, ਉਹ ਵੀ ਉਦੋਂ ਜਦੋਂ ਰੈਲੀ ਖ਼ਤਮ ਹੋ ਗਈ ਸੀ। ਹਾਲਾਂਕਿ, ਅਜਿਹੇ ਨਾਅਰੇ ਨਹੀਂ ਲਾਉਣੇ ਚਾਹੀਦੇ ਸਨ।