ਨਿਤੀਸ਼ ਕੁਮਾਰ ਨੇ 8ਵੀਂ ਵਾਰ ਚੁੱਕੀ ਮੁੱਖ ਮੰਤਰੀ ਵਜੋਂ ਸਹੁੰ

ਏਜੰਸੀ

ਖ਼ਬਰਾਂ, ਰਾਸ਼ਟਰੀ

ਤੇਜਸਵੀ ਯਾਦਵ ਨੇ ਵੀ ਚੁੱਕੀ ਸਹੁੰ, ਉੱਪ ਮੁੱਖ ਮੰਤਰੀ ਬਣਨ ਦੀ ਸੰਭਾਵਨਾ 

Nitish Kumar

 

ਪਟਨਾ - ਜਨਤਾ ਦਲ ਦੇ ਨੇਤਾ ਨਿਤੀਸ਼ ਕੁਮਾਰ ਨੇ ਬੁੱਧਵਾਰ ਨੂੰ ਮੁੜ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ, ਜਿਨ੍ਹਾਂ ਨੂੰ ਨਵੀਂ ਸਰਕਾਰ 'ਚ ਉਪ ਮੁੱਖ ਮੰਤਰੀ ਨਿਯੁਕਤ ਕੀਤੇ ਜਾਣ ਦੀ ਸੰਭਾਵਨਾ ਹੈ, ਉਹਨਾਂ ਨੇ ਵੀ ਸਹੁੰ ਚੁੱਕੀ ਹੈ। ਨਿਤੀਸ਼ (71) ਨੇ ਮੰਗਲਵਾਰ ਨੂੰ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਸੱਤ-ਪਾਰਟੀ ਮਹਾਗਠਜੋੜ ਦੇ ਵਿਧਾਇਕਾਂ ਦੇ ਸਮਰਥਨ ਨਾਲ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਉਨ੍ਹਾਂ ਨੇ ਅੱਠਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਦੱਸ ਦਈਏ ਕਿ ਬਿਹਾਰ ਵਿਚ ਇੱਕ ਵਾਰ ਫਿਰ ਮਹਾਂ ਗਠਜੋੜ ਸਰਕਾਰ ਦੀ ਅਗਵਾਈ ਕਰਨ ਜਾ ਰਹੇ ਮੁੱਖ ਮੰਤਰੀ ਨਿਤੀਸ਼ ਕੁਮਾਰ ਪਹਿਲਾ ਵਾਂਗ ਗ੍ਰਹਿ ਵਿਭਾਗ ਆਪਣੇ ਕੋਲ ਰੱਖ ਸਕਦੇ ਹਨ, ਹਾਲਾਂਕਿ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੀ ਇਸ ਵਿੱਚ ਵੱਡੀ ਹਿੱਸੇਦਾਰੀ ਹੈ। ਨਵੀਂ ਕੈਬਨਿਟ ਅਤੇ ਕਈ ਅਹਿਮ ਵਿਭਾਗ ਉਹਨਾਂ ਦੇ ਹਿੱਸੇ ਆਉਣ ਦੀ ਸੰਭਾਵਨਾ ਹੈ। ਸੂਤਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਨਵੀਂ ਕੈਬਨਿਟ ਦੀ ਰਚਨਾ 'ਤੇ ਸਿਧਾਂਤਕ ਸਮਝੌਤਾ ਹੋ ਗਿਆ ਹੈ, ਜਿਸ ਵਿਚ ਜਨਤਾ ਦਲ (ਯੂਨਾਈਟਿਡ), ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਦੇ ਲਗਭਗ 35 ਮੈਂਬਰ ਹੋਣ ਦੀ ਸੰਭਾਵਨਾ ਹੈ।

ਜਨਤਾ ਦਲ ਦੇ ਨੇਤਾ ਨਿਤੀਸ਼ ਕੁਮਾਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਵੀ ਟੈਲੀਫੋਨ 'ਤੇ ਗੱਲਬਾਤ ਕੀਤੀ ਸੀ।
ਮੰਤਰੀ ਅਹੁਦੇ ਦੀ ਵੰਡ ਦੇ ਫਾਰਮੂਲੇ ਦੇ ਅਨੁਸਾਰ, ਰਾਸ਼ਟਰੀ ਜਨਤਾ ਦਲ ਦੇ ਕੋਲ ਕੋਟੇ ਤੋਂ ਸਭ ਤੋਂ ਵੱਧ ਮੰਤਰੀ ਹੋਣਗੇ ਕਿਉਂਕਿ ਸੱਤ ਪਾਰਟੀਆਂ ਦੇ ਮਹਾਗਠਜੋੜ ਵਿੱਚ ਇਸ ਕੋਲ ਸਭ ਤੋਂ ਵੱਧ ਵਿਧਾਇਕ ਹਨ। ਲਾਲੂ ਪ੍ਰਸਾਦ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾ ਦਲ ਦੇ 79 ਵਿਧਾਇਕ ਹਨ।

ਨਵੀਂ ਕੈਬਨਿਟ ਦੇ ਗਠਨ ਲਈ ਆਪਸੀ ਸਹਿਮਤੀ ਮੁਤਾਬਕ ਜੇਡੀਯੂ ਤੋਂ 13 ਅਤੇ ਰਾਸ਼ਟਰੀ ਜਨਤਾ ਦਲ ਦੇ 16 ਮੰਤਰੀ ਹੋ ਸਕਦੇ ਹਨ। ਕਾਂਗਰਸ ਵੱਲੋਂ ਚਾਰ ਅਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੇ ਹਿੰਦੁਸਤਾਨੀ ਅਵਾਮ ਮੋਰਚੇ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲਣ ਦੀ ਸੰਭਾਵਨਾ ਹੈ।