ਬਾਲੀਵੁੱਡ ਅਦਾਕਾਰ ਤੇ BJP ਨੇਤਾ ਪਰੇਸ਼ ਰਾਵਲ ਬਣੇ National School of Drama ਦੇ ਨਵੇਂ ਮੁਖੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਭਾਜਪਾ ਨੇਤਾ ਪਰੇਸ਼ ਰਾਵਲ ਨੂੰ ਨੈਸ਼ਨਲ ਸਕੂਲ ਆਫ ਡਰਾਮਾ (NSD) ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ।

Paresh Rawal

ਨਵੀਂ ਦਿੱਲੀ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਭਾਜਪਾ ਨੇਤਾ ਪਰੇਸ਼ ਰਾਵਲ ਨੂੰ ਨੈਸ਼ਨਲ ਸਕੂਲ ਆਫ ਡਰਾਮਾ (NSD) ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਰੇਸ਼ ਰਾਵਲ ਨੂੰ ਐਨਐਸਡੀ ਦਾ ਮੁਖੀ ਨਿਯੁਕਤ ਕੀਤਾ ਹੈ। ਪਰੇਸ਼ ਰਾਵਲ ਪ੍ਰਸਿੱਧ ਰਾਜਸਥਾਨੀ ਕਵੀ ਅਰਜੁਨ ਦੇਵ ਚਰਣ ਦੀ ਥਾਂ ਲੈਣਗੇ।

ਅਰਜੁਨ ਦੇਵ ਸਾਲ 2018 ਵਿਚ ਐਨਐਸਡੀ ਦੇ ਮੁਖੀ ਬਣੇ ਸੀ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਪਰੇਸ਼ ਰਾਵਲ ਨੂੰ ਵਧਾਈ ਸੰਦੇਸ਼ ਭੇਜ ਰਹੇ ਹਨ। ਨੈਸ਼ਨਲ ਸਕੂਲ ਆਫ ਡਰਾਮਾ ਦੇ ਅਧਿਕਾਰਤ ਟਵਿਟਰ ਹੈਂਡਲ ਵੱਲੋਂ ਪਰੇਸ਼ ਰਾਵਲ ਨੂੰ ਵਧਾਈ ਦਿੱਤੀ ਗਈ ਹੈ।

ਟਵੀਟ ਵਿਚ ਲਿਖਿਆ ਹੈ, ‘ਸਾਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਮਾਣਯੋਗ ਰਾਸ਼ਟਰਪਤੀ ਨੇ ਪ੍ਰਸਿੱਧ ਅਭਿਨੇਤਾ ਅਤੇ ਪਦਮ ਸ਼੍ਰੀ ਨਾਲ ਸਨਮਾਨਤ ਪਰੇਸ਼ ਰਾਵਲ ਨੂੰ ਐਨਐਸਡੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਐਨਐਸਡੀ ਪਰਿਵਾਰ ਉਹਨਾਂ ਦਾ ਸਵਾਗਤ ਕਰਦਾ ਹੈ, ਉਹ ਅਪਣੇ ਮਾਰਗਦਰਸ਼ਨ ਨਾਲ ਐਨਐਸਡੀ ਨੂੰ ਨਵੀਂ ਉਚਾਈ ‘ਤੇ ਪਹੁੰਚਾਉਣਗੇ’।

ਕੇਂਦਰੀ ਸੰਸਕ੍ਰਿਤੀ ਰਾਜ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਵੀ ਪਰੇਸ਼ ਰਾਵਲ ਨੂੰ ਨੈਸ਼ਨਲ ਸਕੂਲ ਆਫ ਡਰਾਮਾ ਦੇ ਮੁਖੀ ਬਣਾਏ ਜਾਣ ‘ਤੇ ਵਧਾਈ ਦਿੱਤੀ। ਦੱਸ ਦਈਏ ਕਿ ਪਰੇਸ਼ ਰਾਵਲ ਭਾਰਤੀ ਜਨਤਾ ਪਾਰਟੀ ਦੀ ਟਿਕਟ ਨਾਲ ਅਹਿਮਦਾਬਾਦ ਈਸਟ ਦੇ ਸੰਸਦੀ ਖੇਤਰ ਵਿਚ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। ਬਾਲੀਵੁੱਡ ਵਿਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਨੂੰ ਪਦਮ ਸ੍ਰੀ ਨਾਲ ਵੀ ਨਿਵਾਜ਼ਿਆ ਜਾ ਚੁੱਕਾ ਹੈ।