ਬਾਹੂਬਲੀਆਂ ਦੀ 5 ਸਾਲਾਂ 'ਚ 3954 ਕਰੋੜ ਦੀ ਜਾਇਦਾਦ ਕੁਰਕ, ਮੁਖਤਾਰ ਅੰਸਾਰੀ ਦੀ 448 ਕਰੋੜ ਦੀ ਜਾਇਦਾਦ ਸ਼ਾਮਲ  

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਖਤਾਰ ਦੀਆਂ ਜਾਇਦਾਦਾਂ ਪਿਛਲੇ ਦੋ ਸਾਲਾਂ ਵਿਚ ਨੌਂ ਵਾਰ ਕੁਰਕ ਕੀਤੀਆਂ ਗਈਆਂ।

3954 crore property of Baahubali in 5 years

 

ਉੱਤਰ ਪ੍ਰਦੇਸ਼ - ਯੂਪੀ 'ਚ ਬਾਹੂਬਲੀ ਨੇਤਾਵਾਂ ਅਤੇ ਗੈਂਗਸਟਰਾਂ ਖਿਲਾਫ਼ ਯੋਗੀ ਸਰਕਾਰ ਦੀ ਕਾਰਵਾਈ ਜਾਰੀ ਹੈ। ਪਿਛਲੇ 5 ਸਾਲਾਂ ਵਿਚ ਇੱਕ ਹਫ਼ਤਾ ਵੀ ਅਜਿਹਾ ਨਹੀਂ ਲੰਘਿਆ ਜਦੋਂ ਮਾਫ਼ੀਆ ਖ਼ਿਲਾਫ਼ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਨਾ ਕੀਤੀ ਗਈ ਹੋਵੇ। ਪਿਛਲੇ 5 ਸਾਲਾਂ ਵਿਚ ਸਰਕਾਰ ਨੇ ਯੂਪੀ ਅੰਦਰ 3,954 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਕਿਸੇ ਸਮੇਂ 5 ਵੱਡੇ ਬਾਹੂਬਲੀਆਂ ਦਾ ਦਬਦਬਾ ਸੀ ਪਰ ਅੱਜ ਸਾਰੇ ਜੇਲ੍ਹ ਵਿਚ ਹਨ।

ਅੱਜ ਅਸੀਂ ਉਨ੍ਹਾਂ ਬਾਹੂਬਲੀ ਨੇਤਾਵਾਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਸਭ ਤੋਂ ਵੱਧ ਜਾਇਦਾਦ ਯੋਗੀ ਸਰਕਾਰ ਨੇ ਜ਼ਬਤ ਕੀਤੀ ਹੈ। ਇਸ ਸੂਚੀ 'ਚ ਸਭ ਤੋਂ ਉੱਪਰ ਪ੍ਰਯਾਗਰਾਜ ਦੇ ਬਾਹੂਬਲੀ ਨੇਤਾ ਅਤੀਕ ਅਹਿਮਦ ਦਾ ਨਾਮ ਹੈ। ਯੋਗੀ ਸਰਕਾਰ ਵੱਲੋਂ ਸਭ ਤੋਂ ਵੱਧ ਕਾਰਵਾਈਆਂ ਅਤੀਕ ਅਹਿਮਦ ਖ਼ਿਲਾਫ਼ ਕੀਤੀਆਂ ਗਈਆਂ ਹਨ। ਜਾਇਦਾਦਾਂ ਦੀ ਜ਼ਬਤੀ ਅਪ੍ਰੈਲ 2017 ਤੋਂ ਅਗਸਤ 2022 ਤੱਕ ਜਾਰੀ ਰਹੀ। ਪਿਛਲੀ ਵਾਰ 24 ਅਗਸਤ ਨੂੰ ਪ੍ਰਯਾਗਰਾਜ ਪ੍ਰਸ਼ਾਸਨ ਨੇ ਅਤੀਕ ਦੀਆਂ 3 ਜਾਇਦਾਦਾਂ 'ਤੇ ਕੁਰਕੀ ਦੀ ਕਾਰਵਾਈ ਕੀਤੀ ਸੀ। ਇਸ ਦੀ ਕੀਮਤ 76 ਕਰੋੜ ਰੁਪਏ ਸੀ। ਪ੍ਰਸ਼ਾਸਨ ਨੇ ਪਿਛਲੇ ਦੋ ਸਾਲਾਂ ਵਿਚ ਅਤੀਕ ਖ਼ਿਲਾਫ਼ 52 ਵਾਰ ਕਾਰਵਾਈ ਕੀਤੀ ਹੈ। 

ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿਚ ਬੰਦ ਅਤੀਕ ਅਹਿਮਦ ਖ਼ਿਲਾਫ਼ 163 ਕੇਸ ਦਰਜ ਹਨ। ਉਸ 'ਤੇ ਕਤਲ ਦੀ ਕੋਸ਼ਿਸ਼, ਕਤਲ ਦੀ ਸਾਜ਼ਿਸ਼ ਰਚਣ, ਜਾਇਦਾਦ ਹੜੱਪਣ, ਫਿਰੌਤੀ ਮੰਗਣ ਵਰਗੇ ਗੰਭੀਰ ਮਾਮਲੇ ਦਰਜ ਹਨ। ਹਾਲਾਂਕਿ ਇਨ੍ਹਾਂ 'ਚੋਂ ਕਈ ਮਾਮਲਿਆਂ 'ਚ ਉਹ ਬਰੀ ਹੋ ਚੁੱਕਾ ਹੈ। 38 ਕੇਸਾਂ ਦੀ ਸੁਣਵਾਈ ਚੱਲ ਰਹੀ ਹੈ। ਅਤੀਕ ਖ਼ਿਲਾਫ਼ ਪਹਿਲਾ ਕੇਸ 1979 ਵਿਚ ਦਰਜ ਹੋਇਆ ਸੀ। 

ਅਤੀਕ ਅਹਿਮਦ ਤੋਂ ਬਾਅਦ ਯੋਗੀ ਸਰਕਾਰ ਨੇ ਸਭ ਤੋਂ ਵੱਧ ਕਾਰਵਾਈ ਮੁਖਤਾਰ ਅੰਸਾਰੀ ਖਿਲਾਫ਼ ਕੀਤੀ ਹੈ। ਅੰਸਾਰੀ ਦੀ ਹੁਣ ਤੱਕ 448 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ। ਇਸ ਵਿਚ ਮੁਖਤਾਰ ਦੇ ਨਾਲ ਉਸ ਦੀ ਪਤਨੀ ਅਫਸ਼ਾ ਅੰਸਾਰੀ, ਬੇਟੇ ਅੱਬਾਸ ਅੰਸਾਰੀ ਅਤੇ ਭਰਾਵਾਂ ਦੀ ਜਾਇਦਾਦ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਚੋਣ ਕਮਿਸ਼ਨ 'ਚ ਦਿੱਤੇ ਅੰਕੜਿਆਂ ਮੁਤਾਬਕ 2017 'ਚ ਮੁਖਤਾਰ ਦੀ ਕੁੱਲ ਜਾਇਦਾਦ 21 ਕਰੋੜ 88 ਲੱਖ ਸੀ। 

ਮੁਖਤਾਰ ਦੀਆਂ ਜਾਇਦਾਦਾਂ ਪਿਛਲੇ ਦੋ ਸਾਲਾਂ ਵਿਚ ਨੌਂ ਵਾਰ ਕੁਰਕ ਕੀਤੀਆਂ ਗਈਆਂ। ਇਸ ਵਿਚ ਲਖਨਊ ਦੇ ਹੁਸੈਨਗੰਜ ਦੀ ਜ਼ਮੀਨ ਵੀ ਸ਼ਾਮਲ ਹੈ। ਇਸ ਦੀ ਕੀਮਤ 3 ਕਰੋੜ ਰੁਪਏ ਸੀ। 26 ਅਕਤੂਬਰ 2021 ਨੂੰ ਪ੍ਰਸ਼ਾਸਨ ਨੇ ਲਾਲ ਦਰਵਾਜ਼ਾ ਖੇਤਰ ਵਿਚ ਬਣ ਰਹੇ ਕੰਪਲੈਕਸ ਨੂੰ ਸੀਲ ਕਰ ਦਿੱਤਾ ਸੀ। ਇਹ ਉਨ੍ਹਾਂ ਦੀ ਪਤਨੀ ਅਫਸ਼ਾ ਅੰਸਾਰੀ ਦੇ ਨਾਂ 'ਤੇ ਰਜਿਸਟਰਡ ਹੈ। ਮਹੂਬਾਗ ਇਲਾਕੇ ਵਿਚ ਗਜ਼ਲ ਹੋਟਲ ਦੀ ਗਰਾਊਂਡ ਫਲੋਰ ’ਤੇ ਬਣੀਆਂ 17 ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਇਸ ਦੀ ਕੁੱਲ ਕੀਮਤ 10 ਕਰੋੜ ਰੁਪਏ ਸੀ। 

ਗਾਜ਼ੀਪੁਰ ਦੇ ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ਖਿਲਾਫ਼ ਹੁਣ ਤੱਕ 56 ਮਾਮਲੇ ਦਰਜ ਹਨ। 15 ਦੀ ਸੁਣਵਾਈ ਚੱਲ ਰਹੀ ਹੈ। ਇਸ ਵਿਚ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਵਰਗੇ ਗੰਭੀਰ ਮਾਮਲੇ ਦਰਜ ਹਨ। ਮੁਖਤਾਰ ਅੰਸਾਰੀ 1996 ਤੋਂ 2017 ਤੱਕ ਮਊ ਦੀ ਸਦਰ ਸੀਟ ਤੋਂ ਵਿਧਾਇਕ ਰਹੇ ਪਰ ਇਸ ਸਮੇਂ ਉਹ ਬੰਦਾ ਜੇਲ੍ਹ ਵਿਚ ਬੰਦ ਹਨ। ਉਨ੍ਹਾਂ ਦਾ ਪੁੱਤਰ ਅੱਬਾਸ ਅੰਸਾਰੀ ਸਦਰ ਸੀਟ ਤੋਂ ਵਿਧਾਇਕ ਹੈ।

ਯਸ਼ਪਾਲ ਤੋਮਰ ਮੇਰਠ ਦਾ ਮਸ਼ਹੂਰ ਗੈਂਗਸਟਰ ਹੈ। ਉਸ ਖ਼ਿਲਾਫ਼ ਕੁੱਲ 13 ਕੇਸ ਦਰਜ ਹਨ। STF ਨੇ ਉਸ ਨੂੰ ਜਨਵਰੀ 2022 'ਚ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਉਹ ਜੇਲ੍ਹ ਵਿਚ ਹੈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਦਿੱਲੀ ਦੇ ਬਾਗਪਤ, ਮੇਰਠ ਵਿਚ ਯਸ਼ਪਾਲ ਅਤੇ ਉਸ ਦੇ ਰਿਸ਼ਤੇਦਾਰਾਂ ਦੀ ਕੁੱਲ 153 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਇਸ ਵਿਚ ਤੋਮਰ ਦੀ 1.25 ਕਰੋੜ ਦੀ ਗੱਡੀ ਵੀ ਸ਼ਾਮਲ ਹੈ ਜੋ ਬੁਲੇਟ ਪਰੂਫ ਸੀ। 

ਯਸ਼ਪਾਲ ਦੀ ਜੀਬੀਨਗਰ ਦੇ ਚਿਤੇਹਰਾ ਪਿੰਡ 'ਚ 63 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ ਸੀ। ਇਹ ਉਨ੍ਹਾਂ ਦੇ ਸਹੁਰੇ ਗਿਆਨ ਚੰਦ ਦੇ ਨਾਂ 'ਤੇ ਸੀ।ਹਰਿਦੁਆਰ ਵਿਚ 2.455 ਹੈਕਟੇਅਰ ਜ਼ਮੀਨ ਜ਼ਬਤ ਕੀਤੀ ਗਈ। ਇਸ ਦੀ ਕੁੱਲ ਲਾਗਤ ਲਗਭਗ 72 ਕਰੋੜ ਰੁਪਏ ਹੈ। ਤੋਮਰ ਨੇ ਇਸ ਨੂੰ ਆਪਣੇ ਜੀਜਾ ਅਰੁਣ ਕੁਮਾਰ ਦੇ ਨਾਂ 'ਤੇ ਖਰੀਦਿਆ ਸੀ। ਪੁਲਿਸ ਨੇ ਫਾਰਚੂਨਰ ਕਾਰ, ਇਨੋਵਾ, ਵਿੰਗਰ ਸਮੇਤ 8 ਵਾਹਨ ਵੀ ਜ਼ਬਤ ਕੀਤੇ ਹਨ। 

ਬਹਿਰਾਇਚ ਲੈਂਡ ਮਾਫ਼ੀਆ ਗੈਂਗਸਟਰ ਦੇਵੇਂਦਰ ਸਿੰਘ ਉਰਫ ਗੱਬਰ ਸਿੰਘ ਦੀ 110 ਕਰੋੜ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਗੱਬਰ ਖ਼ਿਲਾਫ਼ ਕੁੱਲ 56 ਕੇਸ ਦਰਜ ਹਨ। ਗੱਬਰ ਸਿੰਘ, ਜਿਸ 'ਤੇ ਇੱਕ ਲੱਖ ਦਾ ਇਨਾਮ ਸੀ, ਇਸ ਸਮੇਂ ਜੇਲ੍ਹ ਵਿਚ ਹੈ। 2 ਮਹੀਨੇ ਪਹਿਲਾਂ ਉਸ ਦਾ 40 ਕਮਰਿਆਂ ਵਾਲਾ ਬੌਂਡ ਹੋਟਲ, ਮੈਰਿਜ ਲਾਅਨ, ਰੈਸਟੋਰੈਂਟ ਸੀਲ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਬਹਿਰਾਇਚ ਦੇ ਛੋਟੇ ਬਾਜ਼ਾਰ 'ਚ ਬਣ ਰਹੇ ਮਾਲ ਨੂੰ ਵੀ ਸੀਲ ਕਰ ਦਿੱਤਾ ਗਿਆ। ਇਨ੍ਹਾਂ ਜ਼ਮੀਨਾਂ ਅਤੇ ਅਦਾਰਿਆਂ ਦੀ ਕੀਮਤ 110 ਕਰੋੜ ਰੁਪਏ ਹੈ। 

ਪ੍ਰਯਾਗਰਾਜ ਮਾਫ਼ੀਆ ਦਲੀਪ ਮਿਸ਼ਰਾ ਦੀ ਕੁੱਲ 32 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਚੱਕਾ ਦੇ ਸਾਬਕਾ ਬਲਾਕ ਪ੍ਰਧਾਨ ਦਲੀਪ ਮਿਸ਼ਰਾ 'ਤੇ ਯੋਗੀ ਸਰਕਾਰ ਦੇ ਮੰਤਰੀ ਨੰਦ ਗੋਪਾਲ ਨੰਦੀ 'ਤੇ ਹਮਲਾ ਕਰਨ ਦਾ ਦੋਸ਼ ਹੈ। ਦੋ ਸਾਲ ਪਹਿਲਾਂ ਦਲੀਪ ਮਿਸ਼ਰਾ ਵੱਲੋਂ ਬਣਾਏ ਗਏ ਕਾਲਜ ਨੂੰ ਢਾਹੁਣ ਲਈ ਪ੍ਰਸ਼ਾਸਨ ਪਿੰਡ ਲਵਾਈਨ ਕਲਾਂ ਪਹੁੰਚ ਗਿਆ ਸੀ ਪਰ ਅਦਾਲਤ ਦੇ ਹੁਕਮਾਂ ਤੋਂ ਬਾਅਦ ਵਾਪਸ ਆ ਗਿਆ। 

ਪ੍ਰਸ਼ਾਸਨ ਨੇ ਯੂਪੀ ਦੇ ਚੋਟੀ ਦੇ 10 ਅਪਰਾਧੀਆਂ ਵਿਚੋਂ ਇੱਕ ਆਜ਼ਮਗੜ੍ਹ ਦੇ ਧਰੁਵ ਕੁਮਾਰ ਸਿੰਘ ਉਰਫ਼ ਕੁੰਟੂ ਸਿੰਘ ਦੀ 20 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਧਰੁਵ ਡੀ-11 ਗੈਂਗ ਨੂੰ ਚਲਾਉਂਦਾ ਸੀ। ਫਿਲਹਾਲ ਉਹ ਕਾਸਗੰਜ ਜੇਲ੍ਹ 'ਚ ਬੰਦ ਹੈ। ਕੁੱਲ 75 ਕੇਸ ਦਰਜ ਹਨ। ਫਰੂਖਾਬਾਦ ਜ਼ਿਲ੍ਹੇ ਦੇ ਬਸਪਾ ਨੇਤਾ ਅਨੁਪਮ ਦੂਬੇ ਦੀ ਕੁੱਲ 19.4 ਕਰੋੜ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਅਨੁਪਮ ਇਸ ਸਮੇਂ ਇੰਸਪੈਕਟਰ ਰਾਮਨਿਵਾਸ ਯਾਦਵ ਅਤੇ ਠੇਕੇਦਾਰ ਸ਼ਮੀਮ ਖਾਨ ਦੇ ਕਤਲ ਦੇ ਦੋਸ਼ ਵਿਚ ਮੈਨਪੁਰੀ ਜੇਲ੍ਹ ਵਿਚ ਬੰਦ ਹੈ।

ਪੱਛਮੀ ਯੂਪੀ ਦਾ ਸਭ ਤੋਂ ਖ਼ਤਰਨਾਕ ਮਾਫ਼ੀਆ ਸੁਨੀਲ ਰਾਠੀ ਯੂਪੀ ਪ੍ਰਸ਼ਾਸਨ ਦੇ ਸਾਹਮਣੇ ਟਿਕ ਨਹੀਂ ਸਕਿਆ। ਪ੍ਰਸ਼ਾਸਨ ਵੱਲੋਂ ਹੁਣ ਤੱਕ ਉਸ ਦੀ 12 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਜਾ ਚੁੱਕੀ ਹੈ। 1999 ਵਿਚ ਬਾਗਪਤ ਦੀ ਨਗਰ ਪੰਚਾਇਤ ਟਿੱਕਰੀ ਦੇ ਚੇਅਰਮੈਨ ਸੁਨੀਲ ਦੇ ਪਿਤਾ ਨਰੇਸ਼ ਰਾਠੀ ਦੀ ਹੱਤਿਆ ਕਰ ਦਿੱਤੀ ਗਈ ਸੀ। ਪਿਤਾ ਦਾ ਕਤਲ ਕਰਨ ਤੋਂ ਬਾਅਦ ਸੁਨੀਲ ਨੇ ਚਾਰ ਲੋਕਾਂ ਦਾ ਇਕੱਠਿਆ ਦਾ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ।

ਇਹ ਸਭ ਬਾਹੂਬਲੀ ਉਹ ਸਨ ਜਿਨ੍ਹਾਂ ਦੀ 10 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਸੀ। ਇਸ ਤੋਂ ਇਲਾਵਾ ਸੁਨੀਲ, ਅੰਬੇਡਕਰ ਨਗਰ ਦੇ ਖਾਨ ਮੁਬਾਰਕ, ਮੇਰਠ ਦੇ ਬਦਨ ਸਿੰਘ ਬੱਦੋ, ਯਾਕੂਬ ਕੁਰੈਸ਼ੀ ਵਰਗੇ ਕਰੀਬ 50 ਨਾਮ ਹਨ, ਜਿਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਸਨ। ਮਾਰਚ 2022 ਵਿੱਚ ਦੂਜੀ ਵਾਰ ਸਰਕਾਰ ਬਣਨ ਦੇ 100 ਦਿਨਾਂ ਦੇ ਅੰਦਰ ਗੈਂਗਸਟਰਾਂ ਤੋਂ 864 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਸੀ।