ਕਰਤੱਵਿਆ ਪਥ 'ਤੇ ਸੈਲਾਨੀ ਆਉਣੇ ਸ਼ੁਰੂ, ਪਰ ਲੋਕਾਂ ਦੀਆਂ ਯਾਦਾਂ 'ਚੋਂ ਨਹੀਂ ਨਿੱਕਲ ਰਹੀ 'ਅਮਰ ਜਵਾਨ ਜੋਤ'

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ 'ਅਮਰ ਜਵਾਨ ਜੋਤ' ਬਿਨਾਂ ਵੱਖਰਾ ਲੱਗਦਾ ਹੈ ਇੰਡੀਆ ਗੇਟ 

Tourists started coming on the pilgrimage path, but 'Amar Jawan Jot' is not leaving people's memories.

ਨਵੀਂ ਦਿੱਲੀ -  ਰਾਇਸੀਨਾ ਹਿੱਲ ਕੰਪਲੈਕਸ ਤੋਂ ਇੰਡੀਆ ਗੇਟ ਅਤੇ ਇਸ ਦੇ ਨਾਲ ਲੱਗਦੇ ਪਾਰਕ ਦੇ ਵਿਚਕਾਰ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ 'ਕਰਤੱਵਿਆ ਪਥ' ਜਿਸ ਨੂੰ ਪਹਿਲਾਂ ਰਾਜਪਥ ਕਿਹਾ ਜਾਂਦਾ ਸੀ, ਲਗਭਗ ਦੋ ਸਾਲਾਂ ਦੇ ਵਕਫ਼ੇ ਤੋਂ ਬਾਅਦ ਸ਼ੁੱਕਰਵਾਰ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਜਦੋਂ ਵੀ ਇੱਥੇ ਆਉਣ, ਤਾਂ ਆਪਣੀ 'ਸੈਲਫੀ' ਲੈਣ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ। ਸੈਂਟਰਲ ਵਿਸਟਾ ਪੁਨਰਵਿਕਾਸ ਪ੍ਰੋਜੈਕਟ ਦੀ ਕਲਪਨਾ ਸਤੰਬਰ 2019 ਵਿੱਚ ਕੀਤੀ ਗਈ ਸੀ।

ਇੰਡੀਆ ਗੇਟ ਤੇ ਆਉਣ ਵਾਲੇ ਸੈਲਾਨੀ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ 'ਸੈਲਫੀ' ਅਤੇ ਤਸਵੀਰਾਂ ਲੈਂਦੇ ਦੇਖੇ ਜਾ ਸਕਦੇ ਹਨ। ਪਰ ਉਹਨਾਂ ਦੀਆਂ ਪ੍ਰਤੀਕਿਰਿਆਵਾਂ ਵੱਖੋ-ਵੱਖਰੀਆਂ ਵੀ ਹਨ ਅਤੇ ਦਿਲਚਸਪ ਵੀ। ਸਮਾਰਕ ਦਾ ਦੌਰਾ ਕਰਨ ਆਏ ਗ਼ਾਜ਼ੀਆਬਾਦ ਨਿਵਾਸੀ ਗ੍ਰਾਫ਼ਿਕ ਡਿਜ਼ਾਈਨਰ ਮਨੀਸ਼ ਭੰਡਾਰੀ ਨੇ ਕਿਹਾ, "ਇੰਡੀਆ ਗੇਟ ਦੇ ਹੇਠਾਂ ਅਮਰ ਜਵਾਨ ਜੋਤੀ ਦੀ ਅਣਹੋਂਦ ਆਪਣੇ ਆਪ ਵਿੱਚ ਵਿਸ਼ੇਸ਼ ਹੈ, ਕਿਉਂਕਿ ਅਸੀਂ ਸਭ ਨੇ ਆਪਣੇ ਬਚਪਨ ਤੋਂ ਇਸ ਦੀ ਲਾਟ ਨੂੰ ਬਲ਼ਦੇ ਦੇਖਿਆ ਹੈ। ਬਿਨਾਂ ਸ਼ੱਕ ਮੈਂ ਇਸ ਨੂੰ ਯਾਦ ਕਰ ਰਿਹਾ ਹਾਂ, ਕਿਉਂਕਿ ਇਹ ਸਾਡੀਆਂ ਯਾਦਾਂ ਦਾ ਹਿੱਸਾ ਸੀ। ਇਸ ਦੀ ਸ਼ਾਨਦਾਰ ਲਾਟ ਤੋਂ ਬਿਨਾਂ ਇੰਡੀਆ ਗੇਟ ਵੱਖਰਾ ਮਹਿਸੂਸ ਹੁੰਦਾ ਹੈ।"

ਦਰਅਸਲ 'ਅਮਰ ਜਵਾਨ ਜੋਤ' 1971 ਦੀ ਭਾਰਤ-ਪਾਕਿ ਜੰਗ ਵਿੱਚ ਭਾਰਤ ਦੀ ਜਿੱਤ ਦੀ ਯਾਦ ਵਿੱਚ ਬਣਾਈ ਗਈ ਸੀ, ਜਿਸ ਦਾ ਉਦਘਾਟਨ ਅਤੇ 26 ਜਨਵਰੀ, 1972 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤਾ ਸੀ। ਇਸੇ ਤਰ੍ਹਾਂ ਮੂਲ ਰੂਪ ਤੋਂ ਝਾਰਖੰਡ ਦਾ ਰਹਿਣ ਵਾਲਾ ਸ਼ਹਿਜ਼ਾਦ ਖਾਨ (19) ਕੰਪਲੈਕਸ ਦੇ ਉਦਘਾਟਨ ਦੇ ਪਹਿਲੇ ਦਿਨ ਇੰਡੀਆ ਗੇਟ ਦੇਖਣ ਆਇਆ। ਖਾਨ ਨੇ ਕਿਹਾ, ''ਮੈਂ ਪਹਿਲੀ ਵਾਰ ਦਿੱਲੀ ਆਇਆ ਹਾਂ। ਹੁਣ ਤੱਕ ਮੈਂ ਇੰਡੀਆ ਗੇਟ ਨੂੰ ਟੀਵੀ ਅਤੇ ਫ਼ਿਲਮਾਂ ਵਿੱਚ ਹੀ ਦੇਖਿਆ ਹੈ। ਇਸ ਲਈ, ਮੈਂ ਇਸ ਦੇ ਪੁਰਾਣੇ ਅਤੇ ਨਵੇਂ ਅਵਤਾਰ ਵਿਚਕਾਰ ਅੰਤਰ ਨਹੀਂ ਦੱਸ ਸਕਦਾ, ਪਰ ਮੈਨੂੰ ਅਮਰ ਜਵਾਨ ਜੋਤੀ ਦੀ ਯਾਦ ਜ਼ਰੂਰ ਆਈ।"

ਹਾਲਾਂਕਿ ਕਈ ਸੈਲਾਨੀਆਂ ਦਾ ਕਹਿਣਾ ਹੈ ਕਿ 'ਅਮਰ ਜਵਾਨ ਜੋਤੀ' ਨੂੰ ਸਿਰਫ਼ ਭੌਤਿਕ ਤੌਰ 'ਤੇ ਹੀ ਨਜ਼ਦੀਕੀ ਜੰਗੀ ਯਾਦਗਾਰ 'ਤੇ ਤਬਦੀਲ ਕੀਤਾ ਗਿਆ ਹੈ, ਅਤੇ ਅਸਲ 'ਚ ਇਹ ਹਾਲੇ ਵੀ ਆਪਣੇ ਮੂਲ ਸਥਾਨ ਦੇ ਨੇੜੇ ਹੀ ਪ੍ਰਕਾਸ਼ਮਾਨ ਹੈ।