Jammu and Kashmir News : ਸਰਹੱਦ ਪੂਰੀ ਤਰ੍ਹਾਂ ਸੁਰੱਖਿਅਤ, ਅੱਤਵਾਦੀਆਂ ਨੂੰ ਚੋਣਾਂ ’ਚ ਵਿਘਨ ਪਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ : BSF
ਬੀ.ਐਸ.ਐਫ. ਨੇ ਪੁਲਿਸ ਸਮੇਤ ਸਬੰਧਤ ਏਜੰਸੀਆਂ ਨਾਲ ਮਿਲ ਕੇ ਘੁਸਪੈਠ ਵਿਰੋਧੀ ਸਾਰੇ ਜ਼ਰੂਰੀ ਕਦਮ ਚੁਕੇ ਹਨ
Jammu and Kashmir News : ਸਰਹੱਦੀ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਸਰਹੱਦ ’ਤੇ ਘੁਸਪੈਠ ਰੋਕੂ ਕਦਮ ਚੁਕੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਤਿਵਾਦੀ ਜੰਮੂ-ਕਸ਼ਮੀਰ ’ਚ ਘੁਸਪੈਠ ਨਾ ਕਰਨ ਅਤੇ ਵਿਧਾਨ ਸਭਾ ਚੋਣਾਂ ’ਚ ਵਿਘਨ ਨਾ ਪਾਉਣ।
ਬੀ.ਐਸ.ਐਫ. ਜੰਮੂ ਫਰੰਟੀਅਰ ਦੇ ਇੰਸਪੈਕਟਰ ਜਨਰਲ ਡੀ.ਕੇ. ਬੂਰਾ ਡੋਡਾ ਜ਼ਿਲ੍ਹੇ ਦੇ ਭਦਰਵਾਹ ਇਲਾਕੇ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪਹਿਲੇ ਪੜਾਅ ’ਚ ਦਖਣੀ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਅਤੇ ਛੇ ਹੋਰ ਜ਼ਿਲ੍ਹਿਆਂ ’ਚ 24 ਵਿਧਾਨ ਸਭਾ ਹਲਕਿਆਂ ਅਤੇ ਜੰਮੂ ਦੀ ਚਿਨਾਬ ਘਾਟੀ ਖੇਤਰ ’ਚ 18 ਸਤੰਬਰ ਨੂੰ ਵੋਟਾਂ ਪੈਣਗੀਆਂ।
ਬੀ.ਐਸ.ਐਫ. ਅਧਿਕਾਰੀ ਨੇ ਕਿਹਾ, ‘‘ਸਰਹੱਦਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਕਿਉਂਕਿ ਬੀ.ਐਸ.ਐਫ. ਨੇ ਪੁਲਿਸ ਸਮੇਤ ਸਬੰਧਤ ਏਜੰਸੀਆਂ ਨਾਲ ਮਿਲ ਕੇ ਘੁਸਪੈਠ ਵਿਰੋਧੀ ਸਾਰੇ ਜ਼ਰੂਰੀ ਕਦਮ ਚੁਕੇ ਹਨ। ਮੈਂ ਸਾਰਿਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਚੋਣ ਪ੍ਰਕਿਰਿਆ ਦੌਰਾਨ ਅਜਿਹੀ ਕਿਸੇ ਵੀ ਗਤੀਵਿਧੀ (ਸਰਹੱਦ ਪਾਰ ਤੋਂ ਅਤਿਵਾਦੀਆਂ ਦੀ ਘੁਸਪੈਠ) ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।’’
ਉਨ੍ਹਾਂ ਕਿਹਾ ਕਿ ਬੀ.ਐਸ.ਐਫ. ਕਿਸੇ ਵੀ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਹੈ ਅਤੇ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ’ਚ ਅਪਣੀ ਭੂਮਿਕਾ ਨਿਭਾਏਗੀ।