ਧੋਖਾਧੜੀ ਤੋਂ ਇਨਕਾਰ ਕੀਤਾ ਤਾਂ ਖਾਣਾ ਬੰਦ, ਦਿਤੇ ਜਾਂਦੇ ਸਨ ਬਿਜਲੀ ਦੇ ਝਟਕੇ, NIA ਜਾਂਚ ’ਚ ਸਾਹਮਣੇ ਆਏ ਮਨੁੱਖੀ ਤਸਕਰੀ ਦਾ ਹੈਰਾਨਕੁੰਨ ਕੇਸ

ਏਜੰਸੀ

ਖ਼ਬਰਾਂ, ਰਾਸ਼ਟਰੀ

NIA ਨੇ ਲਾਓਸ ਕੰਪਨੀ ਦੇ CEO ’ਤੇ ਮਨੁੱਖੀ ਤਸਕਰੀ ਰੈਕੇਟ ਦਾ ਹਿੱਸਾ ਹੋਣ ਦਾ ਦੋਸ਼ ਲਾਇਆ 

Representative Image.

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (NIA) ਨੇ ਮੰਗਲਵਾਰ ਨੂੰ ਲਾਓਸ ਸਥਿਤ ਲੌਂਗ ਸ਼ੇਂਗ ਕੰਪਨੀ ਦੇ CEO ਵਿਰੁਧ ਕੌਮਾਂਤਰੀ ਮਨੁੱਖੀ ਤਸਕਰੀ ਗਿਰੋਹ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ’ਚ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਗਿਰੋਹ ਨੌਜੁਆਨਾਂ ਨੂੰ ਨੌਕਰੀਆਂ ਦੇ ਬਹਾਨੇ ਫਸਾਉਂਦਾ ਸੀ ਅਤੇ ਆਖਰਕਾਰ ਉਨ੍ਹਾਂ ਨੂੰ ਆਨਲਾਈਨ ਧੋਖਾਧੜੀ ਲਈ ਮਜਬੂਰ ਕਰਦਾ ਸੀ। ਇਹ ਜਾਣਕਾਰੀ ਇਕ ਅਧਿਕਾਰਤ ਬਿਆਨ ਤੋਂ ਮਿਲੀ ਹੈ। 

ਜਾਂਚ ਦੇ ਹੈਰਾਨ ਕਰਨ ਵਾਲੇ ਵੇਰਵਿਆਂ ਤੋਂ ਪਤਾ ਲਗਦਾ ਹੈ ਕਿ ਤਸਕਰੀ ਕੀਤੇ ਗਏ ਨੌਜੁਆਨਾਂ ਨੂੰ ਲਾਓਸ ’ਚ ਸਾਈਬਰ ਧੋਖਾਧੜੀ ’ਚ ਸ਼ਾਮਲ ਹੋਣ ਤੋਂ ਇਨਕਾਰ ਕਰਨ ’ਤੇ ਬੰਦ ਕਮਰਿਆਂ ’ਚ ਭੁੱਖੇ ਰੱਖਿਆ ਗਿਆ ਅਤੇ ਕੁੱਟਿਆ ਗਿਆ ਸੀ। 

ਐਨ.ਆਈ.ਏ. ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ, ‘‘ਕੁੱਝ ਨੌਜੁਆਨਾਂ ਨੂੰ ਸੋਸ਼ਲ ਮੀਡੀਆ ’ਤੇ ਸੰਭਾਵਤ ਪੀੜਤਾਂ ਨਾਲ ਦੋਸਤੀ ਕਰਨ ਦੇ ਟੀਚੇ ਨੂੰ ਪੂਰਾ ਕਰਨ ’ਚ ਅਸਫਲ ਰਹਿਣ ਲਈ ਬਿਜਲੀ ਦੇ ਝਟਕੇ ਵੀ ਦਿਤੇ ਗਏ ਸਨ।’’

ਇਸ ਵਿਚ ਕਿਹਾ ਗਿਆ ਹੈ ਕਿ ਦੋਸ਼ੀ ਸੁਦਰਸ਼ਨ ਦਰਾਡੇ ਨੂੰ NIA ਨੇ ਇਸ ਸਾਲ ਜੂਨ ਵਿਚ ਗ੍ਰਿਫਤਾਰ ਕੀਤਾ ਸੀ ਅਤੇ ਮੁੰਬਈ ਦੀ ਇਕ ਅਦਾਲਤ ਵਿਚ ਦਾਇਰ ਚਾਰਜਸ਼ੀਟ ਵਿਚ ਉਸ ਨੂੰ ਮੁੱਖ ਸਾਜ਼ਸ਼ਕਰਤਾ ਦਸਿਆ ਗਿਆ ਹੈ। 

NIA ਦੀ ਜਾਂਚ ’ਚ ਪ੍ਰਗਟਾਵਾ ਹੋਇਆ ਹੈ ਕਿ ਦੱਖਣ-ਪੂਰਬੀ ਏਸ਼ੀਆਈ ਦੇਸ਼ ਦੇ ਬੋਕੀਓ ਸੂਬੇ ’ਚ ਸਥਿਤ ਦਰਾਡੇ ਦੀ ਕੰਪਨੀ ਲੌਂਗ ਸ਼ੇਂਗ ਨੌਕਰੀ ਦੀ ਪੇਸ਼ਕਸ਼ ਦੇ ਬਹਾਨੇ ਬੈਂਕਾਕ ਰਾਹੀਂ ਲਾਓਸ ’ਚ ਨੌਜੁਆਨਾਂ ਦੀ ਤਸਕਰੀ ਨਾਲ ਜੁੜੇ ਇਕ ਰੈਕੇਟ ’ਚ ਸਰਗਰਮੀ ਨਾਲ ਸ਼ਾਮਲ ਸੀ। 

ਬਿਆਨ ਵਿਚ ਕਿਹਾ ਗਿਆ ਹੈ ਕਿ ਕੰਪਨੀ ਵਟਸਐਪ ਇੰਟਰਵਿਊ ਲੈਂਦੀ ਸੀ ਅਤੇ ਉਨ੍ਹਾਂ ਨੌਜੁਆਨਾਂ ਨੂੰ ਨਿਯੁਕਤੀ ਪੱਤਰ ਭੇਜਦੀ ਸੀ ਜਿਨ੍ਹਾਂ ਨੂੰ ਮੰਜ਼ਿਲ ’ਤੇ ਪਹੁੰਚਣ ’ਤੇ ਆਨਲਾਈਨ ‘ਕ੍ਰਿਪਟੋਕਰੰਸੀ’ ਧੋਖਾਧੜੀ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। 

ਬਿਆਨ ’ਚ ਕਿਹਾ ਗਿਆ ਹੈ ਕਿ ਦਾਰਾਡੇ ਇਸ ਮਾਮਲੇ ’ਚ ਚਾਰਜਸ਼ੀਟ ਦਾ ਛੇਵਾਂ ਮੁਲਜ਼ਮ ਹੈ ਅਤੇ ਜੈਰੀ ਜੈਕਬ ਅਤੇ ਗੌਡਫ੍ਰੇ ਅਲਵਰੇਸ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਤੀਜਾ ਦੋਸ਼ੀ ਹੈ। 

ਜਾਂਚ ਏਜੰਸੀ ਨੇ ਕਿਹਾ ਕਿ ਜੈਕਬ ਦਰਾਡੇ ਦੇ ਹੁਕਮਾਂ ’ਤੇ ਭਾਰਤੀਆਂ ਨੂੰ ਲਾਓਸ ਲਿਜਾਣ ਦਾ ਪ੍ਰਬੰਧ ਕਰ ਰਿਹਾ ਸੀ। ਦਰਾਡੇ ਦੇ ਮੋਬਾਈਲ ਫੋਨ ਤੋਂ ਵੱਡੀ ਮਾਤਰਾ ’ਚ ਅਪਰਾਧਕ ਸਮੱਗਰੀ ਬਰਾਮਦ ਕੀਤੀ ਗਈ।

ਦਰਾਡੇ ਨੇ NIA ਨੂੰ ਇਕ ਹੋਰ ਲੋੜੀਂਦੇ ਦੋਸ਼ੀ ਸੰਨੀ ਗੋਂਸਾਲਵਿਸ ਦੇ ਨਾਲ-ਨਾਲ ਵਿਦੇਸ਼ੀ ਨਾਗਰਿਕ ਨੀਊ ਨਿਊ ਅਤੇ ਐਲਵਿਸ ਡੂ ਬਾਰੇ ਵੀ ਸੂਚਿਤ ਕੀਤਾ, ਜੋ ਅਜੇ ਵੀ ਫਰਾਰ ਹਨ। ਏਜੰਸੀ ਭਗੌੜਿਆਂ ਬਾਰੇ ਸੁਰਾਗ ਪ੍ਰਾਪਤ ਕਰਨ ਲਈ ਜਾਣਕਾਰੀ ਦੀ ਵਰਤੋਂ ਕਰ ਰਹੀ ਹੈ। 

ਬਿਆਨ ’ਚ ਕਿਹਾ ਗਿਆ ਹੈ, ‘‘NIA ਇਸ ਰੈਕੇਟ ’ਚ ਸ਼ਾਮਲ ਹੋਰ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਪਛਾਣੇ ਗਏ/ਬਚਾਏ ਗਏ ਪੀੜਤਾਂ ਨਾਲ ਲਗਾਤਾਰ ਸੰਪਰਕ ’ਚ ਹੈ ਅਤੇ ਨੌਜੁਆਨਾਂ ’ਚ ਰੁਜ਼ਗਾਰ ਲਈ ਗੈਰ-ਪ੍ਰਮਾਣਿਤ ਕੌਮਾਂਤਰੀ ਕੰਪਨੀਆਂ ਨਾਲ ਜੁੜਨ ਦੇ ਖਤਰਿਆਂ ਬਾਰੇ ਜਾਗਰੂਕਤਾ ਪੈਦਾ ਕਰ ਰਹੀ ਹੈ।’’