ਅੱਜ ਤੋਂ ਯਾਤਰੀ ਕਰਨਗੇ ਜੰਨਤ ਦੇ ਦੀਦਾਰ, ਹਟੇਗੀ 67 ਦਿਨ ਪੁਰਾਣੀ ਪਾਬੰਦੀ
ਧਰਤੀ ਦੀ ਜੰਨਤ ਕਿਹਾ ਜਾਣ ਵਾਲਾ ਜੰਮੂ-ਕਸ਼ਮੀਰ ਅੱਜ ਤੋਂ ਇਕ ਵਾਰ ਫਿਰ ਯਾਤਰੀਆਂ ਲਈ ਖੁੱਲ੍ਹ ਰਿਹਾ ਹੈ।
ਨਵੀਂ ਦਿੱਲੀ: ਧਰਤੀ ਦੀ ਜੰਨਤ ਕਿਹਾ ਜਾਣ ਵਾਲਾ ਜੰਮੂ-ਕਸ਼ਮੀਰ ਅੱਜ ਤੋਂ ਇਕ ਵਾਰ ਫਿਰ ਯਾਤਰੀਆਂ ਲਈ ਖੁੱਲ੍ਹ ਰਿਹਾ ਹੈ। 2 ਅਗਸਤ ਨੂੰ ਅਮਰਨਾਥ ਯਾਤਰਾ ਨੂੰ ਵਿਚ ਹੀ ਰੋਕ ਕੇ ਸੂਬਾ ਪ੍ਰਸ਼ਾਸਨ ਨੇ ਇਕ ਐਡਵਾਈਜ਼ਰੀ ਜਾਰੀ ਕਰ ਕੇ ਸੂਬੇ ਵਿਚ ਮੌਜੂਦ ਯਾਤਰੀਆਂ ਨੂੰ ਘਾਟੀ ਛੱਡਣ ਲਈ ਕਿਹਾ ਸੀ। ਹੁਣ ਕਰੀਬ 70 ਦਿਨ ਬਾਅਦ ਇਸ ਐਡਵਾਈਜ਼ਰੀ ਨੂੰ ਵਾਪਸ ਲੈ ਲਿਆ ਗਿਆ ਹੈ। ਧਾਰਾ 370 ਦੇ ਖਤਮ ਹੋਣ ਤੋਂ ਬਾਅਦ ਪਹਿਲੀ ਵਾਰ ਯਾਤਰੀ ਅਸਾਨੀ ਨਾਲ ਘਾਟੀ ਵਿਚ ਜਾ ਸਕਣਗੇ।
ਕੇਂਦਰ ਸਰਕਾਰ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਐਲਾਨ ਕੀਤਾ ਸੀ, ਇਸ ਨਾਲ ਘਾਟੀ ਵਿਚ ਥਾਂ-ਥਾਂ ‘ਤੇ ਸੁਰੱਖਿਆ ਬਲ ਤੈਨਾਤ ਹੋ ਗਏ ਸਨ। ਇਸ ਦੇ ਨਾਲ ਹੀ ਘਾਟੀ ਵਿਚ ਯਾਤਰੀਆਂ ਦੇ ਆਉਣ ‘ਤੇ ਪਾਬੰਧੀ ਲਗਾ ਦਿੱਤੀ ਸੀ ਪਰ ਹੁਣ ਰਾਜਪਾਲ ਵੱਲੋਂ ਇਸ ਨੂੰ ਹਟਾ ਦਿੱਤਾ ਗਿਆ ਹੈ।ਰਾਜਪਾਲ ਸੱਤਿਆਪਾਲ ਮਲਿਕ ਨੇ ਸੋਮਵਾਰ ਨੂੰ ਸਲਾਹਕਾਰਾਂ ਅਤੇ ਮੁੱਖ ਸਕੱਤਰ ਨਾਲ ਜੰਮੂ-ਕਸ਼ਮੀਰ ਦੇ ਹਲਾਤਾਂ ‘ਤੇ ਸਮੀਖਿਆ ਮੀਟਿੰਗ ਕੀਤੀ ਸੀ।
ਇਸ ਦੌਰਾਨ ਉਹਨਾਂ ਨੇ ਇਸ ਐਡਵਾਈਜ਼ਰੀ ਨੂੰ ਵਾਪਸ ਲੈਣ ਦੀ ਗੱਲ ਕਹੀ ਸੀ ਅਤੇ 10 ਅਕਤੂਬਰ ਤੋਂ ਆਦੇਸ਼ ਲਾਗੂ ਹੋਣ ਦੀ ਗੱਲ ਕਹੀ ਸੀ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬੁੱਧਵਾਰ ਧਾਰਾ 370 ਦੇ ਹਟਣ ਤੋਂ ਬਾਅਦ ਹਿਰਾਸਤ ਵਿਚ ਲਏ ਗਏ ਤਿੰਨ ਨੇਤਾਵਾਂ ਨੂੰ ਰਿਹਾਅ ਕਰਨ ਦਾ ਵੀ ਐਲਾਨ ਕੀਤਾ ਸੀ। ਉਹਨਾਂ ਨੇ ਦੱਸਿਆ ਸੀ ਕਿ ਯਾਵਰ ਮੀਰ, ਨੂਰ ਮੁਹੰਮਦ ਅਤੇ ਸੋਇਬ ਲੋਨ ਨੂੰ ਇਕ ਹਲਫੀਆ ਬਿਆਨ 'ਤੇ ਦਸਤਖਤ ਕਰਨ ਤੋਂ ਬਾਅਦ ਰਿਹਾਅ ਕੀਤਾ ਜਾਵੇਗਾ।
ਅੱਜ ਤੋਂ ਕਸ਼ਮੀਰ ਵਿਚ ਯਾਤਰੀਆਂ ਦੀ ਐਂਟਰੀ ਤਾਂ ਸ਼ੁਰੂ ਹੋ ਰਹੀ ਹੈ ਪਰ ਹਾਲੇ ਵੀ ਘਾਟੀ ਵਿਚ ਕੁਝ ਮੁਸ਼ਕਲਾਂ ਹਨ ਜਿਨ੍ਹਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਘਾਟੀ ਵੀ ਹਾਲੇ ਵੀ ਮੋਬਾਈਲ ਫੋਨ, ਇੰਟਰਨੈਟ ਦੀ ਸਹੂਲਤ ਪੂਰੀ ਤਰ੍ਹਾਂ ਨਾਲ ਸ਼ੁਰੂ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਘਾਟੀ ਵਿਚ 9 ਅਕਤੂਬਰ ਨੂੰ ਕਾਲਜ, ਯੂਨੀਵਰਸਿਟੀ ਖੁੱਲ੍ਹ ਗਏ ਸਨ। ਇਸ ਤੋਂ ਪਹਿਲਾਂ ਸਾਰੇ ਸਕੂਲਾਂ ਨੂੰ ਵੀ ਖੋਲ੍ਹਣ ਦਾ ਆਦੇਸ਼ ਜਾਰੀ ਹੋ ਗਿਆ ਸੀ, ਪਰ ਵਿਦਿਆਰਥੀਆਂ ਦੀ ਗਿਣਤੀ ਘੱਟ ਹੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ