ਬੰਗਾਲ ’ਚ ਸਿੱਖ ਜਵਾਨ ਦੀ ਪੱਗ ਨਾਲ ਹੋਈ ਬੇਅਦਬੀ, ਭੜਕੇ ਹਰਭਜਨ ਨੇ ਮਮਤਾ ਤੋਂ ਕੀਤੀ ਕਾਰਵਾਈ ਦੀ ਮੰਗ
ਇਸ ਵੀਡੀਉ ’ਤੇ ਅਜੇ ਤਕ ਬੰਗਾਲ ਸਰਕਾਰ ਜਾਂ ਪੁਲਿਸ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ
ਨਵੀਂ ਦਿੱਲੀ : ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਬੰਗਾਲ ’ਚ ਇਕ ਸਿੱਖ ਸੁਰੱਖਿਆ ਮੁਲਾਜ਼ਮ ਦੀ ਕੁੱਟਮਾਰ ਦੌਰਾਨ ਪੱਗ ਨੂੰ ਹਟਾਉਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਸ ਮੁੱਦੇ ’ਤੇ ਗ਼ੌਰ ਕਰਨ ਦੀ ਬੇਨਤੀ ਕੀਤੀ ਹੈ। ਬੰਗਾਲ ’ਚ ਇਕ ਸਿੱਖ ਸੁਰੱਖਿਆ ਕਰਮਚਾਰੀ ਦੀ ਕੁੱਟਮਾਰ ਦਾ ਇਕ ਵੀਡੀਉ ਵੀ ਵਾਇਰਲ ਹੋਇਆ ਹੈ, ਜੋ ਇਕ ਭਾਜਪਾ ਨੇਤਾ ਦੀ ਸੁਰੱਖਿਆ ਹੇਠ ਪੋਸਟ ਕੀਤਾ ਗਿਆ ਸੀ। ਕੁੱਟਮਾਰ ਦੌਰਾਨ ਉਸ ਦੀ ਪੱਗ ਖੁੱਲ ਗਈ।
ਹਰਭਜਨ ਸਿੰਘ ਨੇ ਭਾਜਪਾ ਨੇਤਾ ਇਮਰਤ ਸਿੰਘ ਬਖ਼ਸ਼ੀ ਦੀ ਇਕ ਵੀਡੀਉ ਟਵਿੱਟਰ ’ਤੇ ਸਾਂਝੀ ਕੀਤੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਕਾਰਵਾਈ ਦੀ ਮੰਗ ਕੀਤੀ। ਸਥਾਨਕ ਭਾਜਪਾ ਨੇਤਾ ਪ੍ਰਿਅੰਗੂ ਪਾਂਡੇ ਦੀ ਸੁਰੱਖਿਆ ਹੇਠ ਤਾਇਨਾਤ ਸਿੱਖ ਸੁਰੱਖਿਆ ਗਾਰਡ ਬਲਵਿੰਦਰ ਸਿੰਘ ਦਾ ਇੱਕ ਵੀਡੀਉ ਵਾਇਰਲ ਹੋ ਰਿਹਾ ਹੈ। ਵੀਡੀਉ ਵਿਚ ਕੋਲਕਾਤਾ ਪੁਲਿਸ ਇਸ ਸੁਰੱਖਿਆ ਕਰਮਚਾਰੀ ਨੂੰ ਕੁੱਟਦੀ ਦਿਖਾਈ ਦੇ ਰਹੀ ਹੈ
ਜਿਸ ਦੌਰਾਨ ਉਸਦੀ ਪੱਗ ਖੋਲ੍ਹੀ ਜਾ ਰਹੀ ਹੈ। ਹੁਣ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵੀਡੀਉ ’ਤੇ ਅਜੇ ਤਕ ਬੰਗਾਲ ਸਰਕਾਰ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ, ਪਰ ਟੀਐਮਸੀ ਨਿਸ਼ਚਤ ਤੌਰ ’ਤੇ ਭਾਜਪਾ ਵਿਰੁਧ ਹਮਲਾਵਰ ਹੈ। ਦਿੱਲੀ ਭਾਜਪਾ ਦੇ ਨੇਤਾ ਇਮਰਤ ਸਿੰਘ ਬਖ਼ਸ਼ੀ ਨੇ ਟਵੀਟ ਕੀਤਾ ਕਿ ਪ੍ਰਿਯਾਂਗੂ ਪਾਂਡੇ ਦੀ ਸੁਰੱਖਿਆ ਵਿਚ ਤਾਇਨਾਤ ਬਲਵਿੰਦਰ ਸਿੰਘ ਦੀ ਪੱਗ ਨੂੰ ਖਿੱਚਣ ਦੀ ਵੀਡੀਉ ਵਾਇਰਲ ਹੋ ਰਹੀ ਹੈ,
ਉਸਨੂੰ ਸੜਕ ਤੇ ਖਿੱਚ ਕੇ ਬੇਰਹਿਮੀ ਨਾਲ ਕੁੱਟਿਆ ਜਾਣਾ ਬੰਗਾਲ ਪੁਲਿਸ ਦੀ ਬੇਰਹਿਮੀ ਨੂੰ ਦਰਸਾਉਂਦਾ ਹੈ। ਮਮਤਾ ਬੈਨਰਜੀ ਦੋਸ਼ੀ ਪੁਲਿਸ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।