ਲੱਦਾਖ਼ ਸਰਹੱਦ ਤੋਂ ਵਾਧੂ ਫ਼ੌਜ ਨੂੰ ਪਿੱਛੇ ਸੱਦਣ ਲਈ ਅੱਜ ਹੋਵੇਗੀ ਭਾਰਤ-ਚੀਨ ਵਿਚਕਾਰ ਅਹਿਮ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋਹਾਂ ਦੇਸ਼ਾਂ ਵਿਚਾਲੇ 12ਵੇਂ ਦੌਰ ਦੀ ਗੱਲਬਾਤ 31 ਜੁਲਾਈ ਨੂੰ ਹੋਈ ਸੀ।

India-China to hold military talks today

 

ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਾਲੇ ਉੱਚ ਪੱਧਰੀ ਫ਼ੌਜੀ ਗੱਲਬਾਤ ਦਾ ਇਕ ਹੋਰ ਦੌਰ ਐਤਵਾਰ ਨੂੰ ਹੋਵੇਗਾ, ਜਿਸ ’ਚ ਪੂਰਬੀ ਲੱਦਾਖ਼ ’ਚ ਟਕਰਾਅ ਵਾਲੇ ਬਾਕੀ ਬਿੰਦੂਆਂ ਤੋਂ ਫ਼ੌਜੀਆਂ ਦੀ ਵਾਪਸੀ ਪ੍ਰਕਿਰਿਆ ’ਚ ਕੁੱਝ ਅੱਗੇ ਵਧਣ ’ਤੇ ਧਿਆਨ ਦਿਤਾ ਜਾਵੇਗਾ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਸੂਤਰਾਂ ਨੇ ਸਨਿਚਰਵਾਰ ਨੂੰ ਦਸਿਆ ਕਿ ਗੱਲਬਾਤ ਪੂਰਬੀ ਲੱਦਾਖ਼ ’ਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੇ ਚੀਨੀ ਪੱਖ ’ਤੇ ਮੋਲਡੋ ਸਰਹੱਦ ਬਿੰਦੂ ’ਤੇ ਸਵੇਰੇ 10.30 ਵਜੇ ਸ਼ੁਰੂ ਹੋਵੇਗੀ। ਭਾਰਤੀ ਪੱਖ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਦੇਪਸਾਂਗ ਬੁਲਗੇ ਅਤੇ ਡੇਮਚੋਕ ’ਚ ਮੁੱਦਿਆਂ ਦੇ ਹੱਲ ਲਈ ਦਬਾਅ ਪਾਉਣ ਤੋਂ ਇਲਾਵਾ ਟਕਰਾਅ ਵਾਲੇ ਬਾਕੀ ਬਿੰਦੂਆਂ ਤੋਂ ਜਲਦ ਤੋਂ ਜਲਦ ਫੌਜੀਆਂ ਦੀ ਵਾਪਸੀ ਦੀ ਮੰਗ ਕਰੇਗਾ। ਦੋਹਾਂ ਦੇਸ਼ਾਂ ਵਿਚਾਲੇ 12ਵੇਂ ਦੌਰ ਦੀ ਗੱਲਬਾਤ 31 ਜੁਲਾਈ ਨੂੰ ਹੋਈ ਸੀ।

ਗੱਲਬਾਤ ਦੇ ਕੱੁਝ ਦਿਨਾਂ ਬਾਅਦ, ਦੋਹਾਂ ਫ਼ੌਜਾਂ ਨੇ ਗੋਗਰਾ ’ਚ ਫ਼ੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਕੀਤੀ, ਜਿਸ ਨੂੰ ਇਸ ਖੇਤਰ ’ਚ ਸ਼ਾਂਤੀ ਦੀ ਬਹਾਲੀ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਦੇ ਰੂਪ ’ਚ ਦੇਖਿਆ ਗਿਆ। ਚੀਨੀ ਫ਼ੌਜੀਆਂ ਵਲੋਂ ਘੁਸਪੈਠ ਦੀ ਕੋਸ਼ਿਸ਼ ਦੀ ਹਾਲ ਦੀਆਂ ਘਟਨਾਵਾਂ ਦਰਮਿਆਨ 13ਵੇਂ ਦੌਰ ਦੀ ਗੱਲਬਾਤ ਹੋਵੇਗੀ। ਇਹ ਘਟਨਾਵਾਂ ਉਤਰਾਖੰਡ ਦੇ ਬਾਰਾਹੋਤੀ ਸੈਕਟਰ ’ਚ ਅਤੇ ਦੂਜੀ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ’ਚ ਹੋਈ ਸੀ।

ਭਾਰਤੀ ਅਤੇ ਚੀਨੀ ਫ਼ੌਜੀਆਂ ਦਰਮਿਆਨ ਪਿਛਲੇ ਹਫ਼ਤੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ’ਚ ਯਾਂਗਜੀ ਕੋਲ ਕੁੱਝ ਦੇਰ ਲਈ ਬਹਿਸ ਹੋਈ ਸੀ ਅਤੇ ਇਸ ਨੂੰ ਸਥਾਪਤ ਪ੍ਰੋਟੋਕਾਲ ਅਨੁਸਾਰ ਦੋਹਾਂ ਪੱਖਾਂ ਦੇ ਸਥਾਨਕ ਕਮਾਂਡਰਾਂ ਦਰਮਿਆਨ ਗੱਲਬਾਤ ਤੋਂ ਬਾਅਦ ਸੁਲਝਾਇਆ ਗਿਆ। ਸੂਤਰਾਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ ਸੀ। ਐਤਵਾਰ ਦੀ ਗੱਲਬਾਤ ’ਚ ਭਾਰਤੀ ਵਫਦ ਦੀ ਅਗਵਾਈ ਲੇਹ ਸਥਿਤ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੀ.ਜੀ.ਕੇ. ਮੇਨਨ ਕਰਨਗੇ।