ਲਖੀਮਪੁਰ ’ਚ ਭਾਜਪਾ ਵਰਕਰਾਂ ਦੀ ਹਤਿਆ ਕਰਨ ਵਾਲਿਆਂ ਨੂੰ ਅਪਰਾਧੀ ਨਾ ਸਮਝਿਆ ਜਾਵੇ : ਟਿਕੈਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਰਾਂ ਦੇ ਕਾਫ਼ਲੇ ਨੇ ਲਖੀਮਪੁਰ ਵਿਚ ਚਾਰ ਕਿਸਾਨਾਂ ਨੂੰ ਦਰੜ ਦਿਤਾ, ਜਿਸ ਦੇ ਜਵਾਬ ਵਿਚ ਦੋ ਭਾਜਪਾ ਵਰਕਰ ਮਾਰੇ ਗਏ

Rakesh Tikait

 

ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਨੇਤਾ ਰਾਕੇਸ ਟਿਕੈਤ ਨੇ ਕਿਹਾ ਹੈ ਕਿ ਲਖੀਮਪੁਰ ਵਿਚ ਭਾਜਪਾ ਵਰਕਰਾਂ ਦੀ ਹਤਿਆ ਕਰਨ ਵਾਲਿਆਂ ਨੂੰ ਅਪਰਾਧੀ ਨਾ ਸਮਝਿਆ ਜਾਵੇ, ਕਿਉਂਕਿ ਉਨ੍ਹਾਂ ਨੇ ਸਿਰਫ਼ ਪ੍ਰਦਰਸ਼ਕਾਰੀਆਂ ਉਪਰ ਐਸਯੂਪੀ ਚੜ੍ਹਾਉਣ ਦੀ ਪ੍ਰਤੀਕਿਰਿਆ ਵਿਚ ਅਜਿਹਾ ਕੀਤਾ। ਟਿਕੈਤ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਅਪਰਾਧੀ ਨਹੀਂ ਮੰਨਦੇ ਜਿਨ੍ਹਾਂ ਨੇ ਕਥਿਤ ਤੌਰ ’ਤੇ ਉਤਰ ਪ੍ਰਦੇਸ ਦੇ ਲਖੀਮਪੁਰ ਖੇੜੀ ਵਿਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਹਤਿਆ ਕੀਤੀ ਸੀ ਕਿਉਂਕਿ ਉਨ੍ਹਾਂ ਨੇ ਪ੍ਰਦਰਸਨਕਾਰੀਆਂ ’ਤੇ ਕਾਰ ਚਲਾਏ ਜਾਣ ਦੇ ਪ੍ਰਤੀਕਰਮ ਵਜੋਂ ਅਜਿਹਾ ਕੀਤਾ ਸੀ।

ਇਥੇ ਪੱਤਰਕਾਰਾਂ ਵਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਟਿਕੈਤ ਨੇ ਕਿਹਾ, “ਕਾਰਾਂ ਦੇ ਕਾਫ਼ਲੇ ਨੇ ਲਖੀਮਪੁਰ ਵਿਚ ਚਾਰ ਕਿਸਾਨਾਂ ਨੂੰ ਦਰੜ ਦਿਤਾ, ਜਿਸ ਦੇ ਜਵਾਬ ਵਿਚ ਦੋ ਭਾਜਪਾ ਵਰਕਰ ਮਾਰੇ ਗਏ। ਇਹ ਕਿਰਿਆ ਦੇ ਬਦਲੇ ਦੀ ਪ੍ਰਤੀਕਰਮ ਸੀ, ਮੈਂ ਕਤਲ ਵਿਚ ਸ਼ਾਮਲ ਲੋਕਾਂ ਨੂੰ ਅਪਰਾਧੀ ਨਹੀਂ ਮੰਨਦਾ।” ਸੰਯੁਕਤ ਕਿਸਾਨ ਮੋਰਚਾ ਦੇ ਨੇਤਾ ਯੋਗੇਂਦਰ ਯਾਦਵ ਨੇ ਕਿਹਾ, “ਅਸੀਂ ਲੋਕਾਂ ਦੀ ਮੌਤ ਤੋਂ ਦੁਖੀ ਹਾਂ, ਚਾਹੇ ਉਹ ਭਾਜਪਾ ਦੇ ਵਰਕਰ ਹੋਣ ਜਾਂ ਕਿਸਾਨ। ਇਹ ਮੰਦਭਾਗਾ ਸੀ ਅਤੇ ਸਾਨੂੰ ਉਮੀਦ ਹੈ ਕਿ ਨਿਆਂ ਮਿਲੇਗਾ।” ਕਿਸਾਨ ਆਗੂਆਂ ਨੇ ਸਨਿਚਰਵਾਰ ਨੂੰ ਕੇਂਦਰੀ ਮੰਤਰੀ ਅਜੈ ਮਿਸਰਾ ਅਤੇ ਉਨ੍ਹਾਂ ਦੇ ਬੇਟੇ ਨੂੰ ਲਖੀਮਪੁਰ ਹਿੰਸਾ ਮਾਮਲੇ ਵਿਚ ਗਿ੍ਰਫ਼ਤਾਰ ਕਰਨ ਦੀ ਮੰਗ ਕੀਤੀ।

ਸੰਯੁਕਤ ਕਿਸਾਨ ਮੋਰਚਾ ਦੇ ਨੇਤਾ ਦਰਸ਼ਨ ਪਾਲ ਨੇ ਕਿਹਾ ਹੈ ਕਿ ਲਖੀਮਪੁਰ ਘਟਨਾ ਪਹਿਲਾਂ ਤੋਂ ਸੋਚੀ ਸਮਝੀ ਸਾਜ਼ਸ਼ ਸੀ। ਹਮਲਾਵਰਾਂ ਅਜਿਹਾ ਕਰ ਕੇ ਕਿਸਾਨਾਂ ਨੂੰ ਡਰਾਉਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਪ੍ਰਤੀ ਹਿੰਸਕ ਪਹੁੰਚ ਅਪਣਾਈ ਹੈ ਪਰ ਕਿਸਾਨ ਹਿੰਸਾ ਦਾ ਰਾਹ ਨਹੀਂ ਅਪਣਾਉਣਗੇ।

ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਨੇ ਮੰਗ ਕੀਤੀ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਤੇ ਉਸ ਦੇ ਪੁੱਤ ਆਸ਼ੀਸ਼ ਮਿਸ਼ਰਾ ਨੂੰ ਗਿ੍ਰਫ਼ਤਾਰ ਕੀਤਾ ਜਾਵੇ। ਯੋਗੇਂਦਰ ਯਾਦਵ ਨੇ ਕਿਹਾ ਕਿ ਦਸਹਿਰੇ ’ਤੇ 15 ਅਕਤੂਬਰ ਨੂੰ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੂਕੇ ਜਾਣਗੇ। ਉਨ੍ਹਾਂ 18 ਅਕਤੂਬਰ ਨੂੰ ਦੇਸ਼ ਭਰ ਵਿਚ ਰੇਲਾਂ ਰੋਕਣ ਦਾ ਸੱਦਾ ਦਿਤਾ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ।