ਅਦਾਲਤ ਨੇ ਦਿੱਲੀ-ਐਨ.ਸੀ.ਆਰ. ’ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ’ਤੇ ਰੀਪੋਰਟ ਮੰਗੀ
ਨਿਆਂ ਮਿੱਤਰ ਅਪਰਾਜਿਤਾ ਸਿੰਘ ਨੇ ਪਰਾਲੀ ਸਾੜਨ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੀ ‘ਗੰਭੀਰ ਸਮੱਸਿਆ’ ਵਲ ਅਦਾਲਤ ਦਾ ਧਿਆਨ ਦਿਵਾਇਆ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਦਿੱਲੀ ਅਤੇ ਨੇੜਲੇ ਇਲਾਕਿਆਂ ’ਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਮੰਗਲਵਾਰ ਨੂੰ ਹਵਾ ਮਿਆਰ ਪ੍ਰਬੰਧਨ ਕਮਿਸ਼ਨ (ਸੀ.ਕਿਊ.ਐਮ.) ਤੋਂ ਰੀਪੋਰਟ ਮੰਗੀ। ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੀ ਬੈਂਚ ਨੇ ਸਰਦੀ ਦੌਰਾਨ ਹਵਾ ਪ੍ਰਦੂਸ਼ਣ ਦੀ ਸਮੱਸਿਆ ਅਤੇ ਪਰਾਲੀ ਸਾੜੇ ਜਾਣ ਨੂੰ ਲੈ ਕੇ ਨਿਆਂ ਮਿੱਤਰ (ਐਮੀਕਸ ਕਿਊਰੀ) ਦੇ ਰੂਪ ’ਚ ਸਿਖਰਲੀ ਅਦਾਲਤ ਦੀ ਮਦਦ ਕਰ ਰਹੀ ਸੀਨੀਅਰ ਵਕੀਲ ਅਪਰਾਜਿਤਾ ਸਿੰਘ ਦੀਆਂ ਦਲੀਲਾਂ ’ਤੇ ਧਿਆਨ ਦਿਤਾ।
ਬੈਂਚ ਨੇ ਕਿਹਾ ਕਿ ਨਿਆਂ ਮਿੱਤਰ ਨੇ ਸਰਦੀ ਆਉਣ ’ਤੇ ਪਰਾਲੀ ਸਾੜਨ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ ਦੀ ‘ਗੰਭੀਰ ਸਮੱਸਿਆ’ ਵਲ ਧਿਆਨ ਦਿਵਾਇਆ ਅਤੇ ਕਿਹਾ ਹੈ ਕਿ ਇਹ ਮੁੱਦੇ ਸੀ.ਕਿਊ.ਐਮ. ਦੇ ਸਾਹਮਣੇ ਹਨ। ਬੈਂਚ ਨੇ ਕਿਹਾ, ‘‘ਅਸੀਂ ਸੀ.ਕਿਊ.ਐਮ. ਤੋਂ ਰਾਜਧਾਨੀ ਅਤੇ ਉਸ ਦੇ ਆਸਪਾਸ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਤੁਰਤ ਇਕ ਰੀਪੋਰਟ ਪੇਸ਼ ਕਰਨ ਦੀ ਅਪੀਲ ਕਰਦੇ ਹਾਂ।’’
ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 31 ਅਕਤੂਬਰ ਨੂੰ ਤੈਅ ਕੀਤੀ ਹੈ। ਅਪਰਾਜਿਤਾ ਸਿੰਘ ਨੇ ਕਿਹਾ, ‘‘ਮੇਰੀ ਇਕ ਅਪੀਲ ਹੈ। ਸਰਦ ਰੁੱਤ ਦੀ ਸ਼ੁਰੂਆਤ ਅਤੇ ਦਿਵਾਲੀ ਆਉਣ ਨਾਲ ਹਵਾ ਪ੍ਰਦੂਸ਼ਣ ਦੀ ਸਮੱਸਿਆ ਬਹੁਤ ਵਧਣ ਵਾਲੀ ਹੈ।’’
ਉਨ੍ਹਾਂ ਨੇ ਬੈਂਚ ਨੂੰ ਅਪੀਲ ਕੀਤੀ ਕਿ ਇਸ ਸਮੇਂ ਦੌਰਾਨ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੀਤੇ ਉਪਾਅ ਅਤੇ ਇਸ ਤੋਂ ਵੀ ਮਹੱਤਵਪੂਰਨ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਦੇ ਮੁੱਦੇ ’ਤੇ ਸੀ.ਕਿਊ.ਐਮ. ਤੋਂ ਰੀਪੋਰਟ ਮੰਗੀ ਜਾਵੇ। ਸੰਜੇ ਸਿੰਘ ਨੇ ਕਿਹਾ ਕਿ ਕਮਿਸ਼ਨ ਇਨ੍ਹਾਂ ਮੁੱਦਿਆਂ ’ਤੇ ਗੌਰ ਕਰ ਰਿਹਾ ਹੈ ਅਤੇ ਉਹ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਚੁੱਕੇ ਕਦਮਾਂ ’ਤੇ ਇਕ ਰੀਪੋਰਟ ਦੇ ਸਕਦੇ ਹਨ।