ਬਰਤਾਨੀਆ ਖ਼ਾਲਿਸਤਾਨੀਆਂ ਵਿਰੁਧ ਕਾਰਵਾਈ ਕਰੇ : ਮੋਦੀ
ਭਾਰਤੀ ਫੌਜ ਨੂੰ ਮਿਜ਼ਾਈਲਾਂ ਦੀ ਸਪਲਾਈ ਕਰੇਗਾ ਬਰਤਾਨੀਆ
ਮੁੰਬਈ: ਪ੍ਰਧਾਨ ਮੰਤਰੀ ਮੋਦੀ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਮੁੰਬਈ ਵਿਚ ਦੁਵੱਲੀ ਗੱਲਬਾਤ ਤੋਂ ਬਾਅਦ ਇਕ ਸਾਂਝਾ ਬਿਆਨ ਜਾਰੀ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਮੁੰਬਈ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਖ਼ਾਲਿਸਤਾਨੀ ਅਤਿਵਾਦ ’ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਿੰਸਾ ਅਤੇ ਕੱਟੜਪੰਥ ਦੀ ਲੋਕਤੰਤਰ ਵਿਚ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਦੋਵਾਂ ਦੇਸ਼ਾਂ ਨੂੰ ਅਪਣੇ-ਅਪਣੇ ਕਾਨੂੰਨਾਂ ਅਨੁਸਾਰ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਦੂਜੇ ਪਾਸੇ ਸਟਾਰਮਰ ਅਪਣੇ ਦੇਸ਼ ਵਿਚ ਭਾਰਤ ਦੇ ਆਧਾਰ ਕਾਰਡ ਵਰਗੀ ਪ੍ਰਣਾਲੀ ਲਾਗੂ ਕਰਨਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਮੋਦੀ ਅਤੇ ਸਟਾਰਮਰ ਨੇ ਇੰਡੋ-ਪੈਸੀਫਿਕ, ਪੱਛਮੀ ਏਸ਼ੀਆ ਅਤੇ ਯੂਕਰੇਨ ਸੰਘਰਸ਼ ’ਤੇ ਵੀ ਚਰਚਾ ਕੀਤੀ। ਰਖਿਆ ਸਹਿਯੋਗ ਦੇ ਖੇਤਰ ਵਿਚ, ਭਾਰਤ ਅਤੇ ਬ੍ਰਿਟੇਨ ਨੇ ਇਕ ਫ਼ੌਜੀ ਸਿਖਲਾਈ ਸਮਝੌਤੇ ’ਤੇ ਹਸਤਾਖ਼ਰ ਕੀਤੇ ਹਨ, ਜਿਸ ਦੇ ਤਹਿਤ ਭਾਰਤੀ ਹਵਾਈ ਸੈਨਾ ਦੇ ਫ਼ਲਾਇੰਗ ਇੰਸਟਰਕਟਰ ਹੁਣ ਬ੍ਰਿਟਿਸ਼ ਰਾਇਲ ਹਵਾਈ ਸੈਨਾ ਵਿਚ ਟਰੇਨਰ ਵਜੋਂ ਸੇਵਾ ਕਰਨਗੇ।
ਰਧਾਨ ਮੰਤਰੀ ਨੇ ਵਿਸ਼ਵਵਿਆਪੀ ਕੰਪਨੀਆਂ ਨੂੰ ਭਾਰਤ ਦੀ ਵਿਕਾਸ ਗਾਥਾ ਦਾ ਹਿੱਸਾ ਬਣਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਹ ਦੇਸ਼ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਹੈ। ਇਥੇ ‘ਗਲੋਬਲ ਫ਼ਿਨਟੈਕ ਫ਼ੈਸਟ 2025’ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤਕਨਾਲੋਜੀ ਸਿਰਫ਼ ਸਹੂਲਤ ਦਾ ਸਾਧਨ ਨਹੀਂ ਹੈ, ਸਗੋਂ ਸਮਾਨਤਾ ਦਾ ਸਾਧਨ ਵੀ ਹੈ। ਮੋਦੀ ਨੇ ਕਿਹਾ ਕਿ ਭਾਰਤ ਦੀ ਵਿੱਤੀ ਤਕਨਾਲੋਜੀ (ਫ਼ਿਨਟੈਕ) ਸਮਰੱਥਾਵਾਂ ਨੂੰ ਵਿਸ਼ਵਵਿਆਪੀ ਮਾਨਤਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾ ਸਿਰਫ਼ ਦੂਜੇ ਦੇਸ਼ਾਂ ਨਾਲ ਤਕਨਾਲੋਜੀ ਸਾਂਝੀ ਕਰ ਰਿਹਾ ਹੈ, ਸਗੋਂ ਉਨ੍ਹਾਂ ਨੂੰ ਵਿਕਸਤ ਕਰਨ ਵਿਚ ਵੀ ਮਦਦ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,‘‘ਮੈਂ ਸਾਰੇ ਦੇਸ਼ਾਂ, ਖ਼ਾਸ ਕਰ ਕੇ ਬ੍ਰਿਟੇਨ ਨੂੰ ਭਾਰਤ ਨਾਲ ਭਾਈਵਾਲੀ ਕਰਨ ਲਈ ਸੱਦਾ ਦਿੰਦਾ ਹਾਂ। ਸਾਰੇ ਵਿਸ਼ਵਵਿਆਪੀ ਨਿਵੇਸ਼ਕਾਂ ਨੂੰ ਭਾਰਤ ਦੀ ਵਿਕਾਸ ਗਾਥਾ ਦਾ ਹਿੱਸਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਅਸੀਂ 2030 ਤੋਂ ਪਹਿਲਾਂ ਭਾਰਤ-ਬ੍ਰਿਟੇਨ ਵਪਾਰ ਨੂੰ ਮੌਜੂਦਾ 56 ਅਰਬ ਡਾਲਰ ਤੋਂ ਵਧਾ ਕੇ ਦੁਗਣਾ ਕਰ ਸਕਾਂਗੇ। ਸੀਈਟੀਏ ਦੇ ਚਾਰ ਪਹਿਲੂਆਂ- ਵਣਜ ਅਤੇ ਅਰਥਵਿਵਸਥਾ, ਸਿਖਿਆ ਅਤੇ ਲੋਕਾਂ ਵਿਚਾਲੇ ਸਬੰਧ, ਤਕਨਾਲੋਜੀ ਅਤੇ ਨਵੀਨਤਾ ਅਤੇ ਇੱਛਾਵਾਂ ’ਤੇ ਪ੍ਰਕਾਸ਼ ਪਾਉਂਦਿਆਂ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਖੁਲ੍ਹੀਆਂ ਤੇ ਲੋਕਤੰਤਰੀ ਅਰਥਵਿਵਸਥਾਵਾਂ ਸਾਂਝੇਦਾਰੀ ਲਈ ਅਥਾਹ ਸੰਭਾਵਨਾਵਾਂ ਪ੍ਰਦਾਨ ਕਰਦੀਆਂ ਹਨ।
ਮੋਦੀ ਨੇ ਕਿਹਾ,‘‘ਭਾਵੇਂ ਇਹ ਫਿਨਟੈਕ ਹੋਵੇ, ਸੈਮੀਕੰਡਕਟਰ ਹੋਵੇ, ਗ੍ਰੀਨ ਹਾਈਡਰੋਜਨ ਹੋਵੇ ਜਾਂ ਸਟਾਰਟਅੱਪ, ਭਾਰਤ ਅਤੇ ਬ੍ਰਿਟੇਨ ਨੂੰ ਗਲੋਬਲ ਮਿਆਰ ਸਥਾਪਤ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।’’ ਬ੍ਰਿਟੇਨ ਦੀਆਂ 9 ਯੂਨੀਵਰਸਿਟੀਆਂ ਦੁਆਰਾ ਭਾਰਤ ਵਿਚ ਕੈਂਪਸ ਖੋਲ੍ਹਣ ਦਾ ਐਲਾਨ ਕਰਦੇ ਹੋਏ, ਉਨ੍ਹਾਂ ਕਿਹਾ ਕਿ ਭਵਿੱਖ ਵਿਚ, ਸਿਖਿਆ ਅਤੇ ਉਦਯੋਗ ਵਿਚਕਾਰ ਸਾਂਝੇਦਾਰੀ ਦੋਵਾਂ ਦੇਸ਼ਾਂ ਦੀ ਨਵਾਂਚਾਰ ਅਰਥਵਿਵਸਥਾ ਨੂੰ ਤੇਜ਼ ਕਰੇਗੀ। ਸਟਾਰਮਰ ਨੇ ਕਿਹਾ,‘‘ਗੁਣਵੱਤਾ ਵਾਲੀ ਉੱਚ ਸਿਖਿਆ ਦੀ ਮੰਗ ਬਹੁਤ ਜ਼ਿਆਦਾ ਹੈ। ਇਸ ਲਈ, ਮੈਨੂੰ ਇਹ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਹੋਰ ਬ੍ਰਿਟਿਸ਼ ਯੂਨੀਵਰਸਿਟੀਆਂ ਭਾਰਤ ਵਿਚ ਕੈਂਪਸ ਸਥਾਪਤ ਕਰਨਗੀਆਂ, ਜਿਸ ਨਾਲ ਬ੍ਰਿਟੇਨ ਭਾਰਤ ਵਿਚ ਅੰਤਰਰਾਸ਼ਟਰੀ ਸਿਖਿਆ ਪਹੁੰਚਾਏਗਾ।’’
ਭਾਰਤ ਅਤੇ ਯੂਕੇ ਨੇ ਵੀਰਵਾਰ ਨੂੰ ਸੰਯੁਕਤ ਆਰਥਿਕ ਅਤੇ ਵਪਾਰ ਕਮੇਟੀ (ਜੇਈਟੀਸੀਓ) ਦੇ ਪੁਨਰਗਠਨ ਲਈ ਨਿਯਮਾਂ ਅਤੇ ਸ਼ਰਤਾਂ ’ਤੇ ਦਸਤਖਤ ਕਰਨ ਦਾ ਐਲਾਨ ਕੀਤਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਇਹ ਸੰਸਥਾਗਤ ਪੁਨਰਗਠਨ ਰਣਨੀਤਕ ਭਾਈਵਾਲੀ ਲਈ ਦੁਵੱਲੇ ਢਾਂਚੇ ਨੂੰ ਮਜ਼ਬੂਤ ਕਰੇਗਾ ਅਤੇ ਭਾਰਤ-ਬ੍ਰਿਟੇਨ ਵਿਆਪਕ ਆਰਥਿਕ ਵਪਾਰ ਸਮਝੌਤੇ ਦੇ ਲਾਗੂ ਕਰਨ ਨੂੰ ਤੇਜ਼ ਕਰੇਗਾ। ਉਨ੍ਹਾਂ ਕਿਹਾ ਕਿ ਇਹ ਦੁਵੱਲੇ ਵਪਾਰ ਨੂੰ ਮਹੱਤਵਪੂਰਨ ਤੌਰ ’ਤੇ ਵਧਾਉਣ ਦੀ ਸਾਂਝੀ ਇੱਛਾ ਨੂੰ ਵੀ ਮਜ਼ਬੂਤ ਕਰੇਗਾ।