ਬਿਹਾਰ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ, 98 ਸੀਟਾਂ 'ਤੇ ਮਹਾਗਠਜੋੜ, 87 'ਤੇ NDA ਅੱਗੇ
ਨਿਤੀਸ਼ ਕੁਮਾਰ ਤੇ ਤੇਜਸਵੀ ਯਾਦਵ ਵਿਚਾਲੇ ਸਖ਼ਤ ਮੁਕਾਬਲਾ
ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ 2020 ਲਈ ਵੋਟਾਂ ਦੀ ਗਿਣਤੀ ਮੰਗਲਵਾਰ ਨੂੰ ਸਵੇਰੇ ਅੱਠ ਵਜੇ ਸ਼ੁਰੂ ਹੋਈ। ਬਿਹਾਰ ਚੋਣਾਂ ਲਈ 38 ਜ਼ਿਲ੍ਹਿਆਂ ਦੇ 55 ਵੋਟਿੰਗ ਕੇਂਦਰਾਂ 'ਤੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਇਹਨਾਂ ਚੋਣਾਂ ਦੇ ਨਤੀਜੇ ਸੂਬੇ ਵਿਚ ਨਿਤੀਸ਼ ਕੁਮਾਰ ਸਰਕਾਰ ਦਾ ਭਵਿੱਖ ਤੈਅ ਕਰਨਗੇ।
ਨਿਤੀਸ਼ ਕੁਮਾਰ ਪਿਛਲੇ 15 ਸਾਲਾਂ ਤੋਂ ਬਿਹਾਰ ਦੇ ਮੁੱਖ ਮੰਤਰੀ ਹਨ। ਸ਼ੁਰੂਆਤੀ ਰੁਝਾਨਾਂ ਵਿਚ ਤੇਜਸ਼ਵੀ ਯਾਦਵ ਦੀ ਅਗਵਾਈ ਵਾਲਾ ਮਹਾਗਠਜੋੜ ਅਤੇ ਨਿਤੀਸ਼ ਦੀ ਅਗਵਾਈ ਵਾਲੇ ਐਨਡੀਏ ਵਿਚ ਸਖ਼ਤ ਮੁਕਾਬਲਾ ਹੈ। ਜ਼ਿਆਦਾਤਰ ਐਗਜ਼ਿਟ ਪੋਲ ਵਿਚ ਰਾਜਦ ਨੇਤਾ ਤੇਜਸ਼ਵੀ ਯਾਦਵ ਦੀ ਅਗਵਾਈ ਵਿਚ ਪੰਜ ਪਾਰਟੀਆਂ ਦੇ ਮਹਾਗਠਜੋੜ ਦੀ ਜਿੱਤ ਦਾ ਦਾਅਵਾ ਕੀਤਾ ਗਿਆ ਹੈ।
ਸ਼ੁਰੂਆਤੀ ਰੁਝਾਨਾਂ ਵਿਚ ਮਹਾਗਠਜੋੜ 98 ਸੀਟਾਂ 'ਤੇ ਜਦਕਿ ਐਨਡੀਏ 87 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਵੋਟਾਂ ਦੀ ਗਿਣਤੀ ਦੌਰਾਨ ਤੇਜਸਵੀ ਯਾਦਵ ਦੇ ਸਮਰਥਕ ਉਹਨਾਂ ਦੇ ਘਰ ਦੇ ਬਾਹਰ ਇਕੱਠੇ ਹੋਏ ਹਨ। ਦਸਣਯੋਗ ਹੈ ਕਿ ਬਿਹਾਰ 'ਚ 243 ਸੀਟਾਂ 'ਤੇ ਤਿੰਨ ਗੇੜਾਂ 'ਚ ਵੋਟਿੰਗ ਹੋਈ ਸੀ।
ਪਹਿਲੇ ਗੇੜ ਵਿਚ 16 ਜ਼ਿਲ੍ਹਿਆਂ ਦੀਆਂ 71 ਸੀਟਾਂ 'ਤੇ 28 ਅਕਤੂਬਰ ਨੂੰ ਵੋਟਾਂ ਪਈਆਂ। ਦੂਜੇ ਗੇੜ 'ਚ 17 ਜ਼ਿਲ੍ਹਿਆਂ ਦੀਆਂ 94 ਸੀਟਾਂ 'ਤੇ ਵੋਟਿੰਗ 3 ਨਵੰਬਰ ਨੂੰ ਹੋਈ ਅਤੇ ਆਖ਼ਰੀ ਅਤੇ ਤੀਜੇ ਗੇੜ ਵਿਚ 15 ਜ਼ਿਲ੍ਹਿਆਂ 'ਚ 78 ਸੀਟਾਂ 'ਤੇ 7 ਨਵੰਬਰ ਨੂੰ ਵੋਟਾਂ ਪਈਆਂ।
ਦੱਸ ਦਈਏ ਕਿ 243 ਸੀਟਾਂ ਲਈ 3,755 ਉਮੀਦਵਾਰਾਂ ਦੀ ਕਿਸਮਤ ਅਜ਼ਮਾਈ ਹੈ। ਨਿਤੀਸ਼ ਕੁਮਾਰ, ਚਿਰਾਗ ਪਾਸਵਾਨ ਜਾਂ ਫਿਰ ਤੇਜਸਵੀ ਯਾਦਵ ਮੁੱਖ ਮੰਤਰੀ ਦੀ ਦੌੜ 'ਚ ਹਨ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਬਿਹਾਰ ਦੀ ਸੱਤਾ ਦੀ ਚਾਬੀ ਕਿਸ ਦੇ ਹੱਥ ਆਉਂਦੀ ਹੈ।