ਮਜ਼ਬੂਤ ਫ਼ੌਜੀ ਤਾਕਤ ਬਿਨਾਂ ਵਿਰੋਧੀ ਫ਼ਾਇਦਾ ਚੁੱਕ ਸਕਦੇ ਹਨ : ਰਾਵਤ
ਅਸੀਂ ਬੇਹਦ ਮੁਸ਼ਕਲ, ਅਨਿਸ਼ਚਿਤ ਅਤੇ ਅਸਥਿਰ ਮਾਹੌਲ 'ਚ ਕੰਮ ਕਰ ਰਹੇ ਹਾਂ
image
ਨਵੀਂ ਦਿੱਲੀ, 10 ਨਵੰਬਰ : ਪ੍ਰਮੁੱਖ ਰਖਿਆ ਮੁਖੀ (ਸੀ.ਡੀ.ਐਸ) ਜਨਰਲ ਬਿਪਿਨ ਰਾਵਤ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਫ਼ੌਜੀ ਬਲ ਬਹੁਤ ਮੁਸ਼ਕਲ ਅਤੇ ਅਨਿਸ਼ਚਿਤ ਮਾਹੌਲ 'ਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਖੇਤਰ 'ਚ ਸ਼ਾਂਤੀ ਲਈ ਸਮਰੱਥਾ ਵਧਾਉਣੀ ਹੋਵੇਗੀ ਕਿਉਂਕਿ ਜੇਕਰ ਫ਼ੌਜੀ ਤਾਕਤ ਮਜ਼ਬੂਤ ਨਹੀਂ ਹੋਵੇਗੀ ਤਾਂ ਭਾਰਤ ਦੇ ਵਿਰੋਧੀ ਇਸ ਦਾ ਫ਼ਾਇਦਾ ਚੁੱਕ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਤਰ ਲੋੜ ਪੈਣ 'ਤੇ ਗੁਆਂਢੀ ਮਿੱਤਰ ਦੇਸ਼ਾਂ ਨਾਲ ਅਪਣੀ ਫ਼ੌਜ ਸਮਰੱਥਾ ਨੂੰ ਸਾਝਾ ਕਰਨਾ ਚਾਹੁੰਦਾ ਹੈ। ਪ੍ਰਮੁੱਖ ਰਖਿਆ ਮੁਖੀ ਰਖਿਆ ਅਤੇ ਫ਼ੌਜੀ ਮੁੱਦਿਆਂ 'ਤੇ ਆਧਾਰਤ ਇਕ ਪੋਰਟਲ 'ਭਾਰਤੀ ਸ਼ਕਤੀ ਡਾਟ ਇਨ' ਦੇ ਪੰਜਵੇਂ ਸਾਲਾਨਾ ਸਮਾਰੋਹ ਦੇ ਸ਼ੁਰੂਆਤੀ ਸੈਸ਼ਨ ਨੂੰ ਸੰਬੋਧਤ ਕਰ ਰਹੇ ਸਨ। ਜਨਰਲ ਰਾਵਤ ਨੇ ਕਿਹਾ, ''ਅੱਜ ਅਸੀਂ ਬੇਹਦ ਮੁਸ਼ਕਲ, ਅਨਿਸ਼ਚਿਤ ਅਤੇ ਅਸਥਿਰ ਮਾਹੌਲ 'ਚ ਕੰਮ ਕਰ ਰਹੇ ਹਨ। ਵਿਸ਼ਵ ਦੇ ਲਗਭਗ ਹਰ ਖੇਤਰ 'ਚ ਛੋਟੀ, ਵੱਡੀ ਜੰਗ ਛਿੜੀ ਹੋਈ ਹੈ। ਇਸ ਲਈ ਸਾਨੂੰ ਖ਼ੁਦ ਦੀ ਰਖਿਆ ਕਰਨੀ ਹੈ, ਅਪਣੇ ਦੇਸ਼ ਦੀ, ਅਪਣੇ ਦੇਸ਼ ਦੀ ਅਖੰਡਤਾ ਅਤੇ ਅਪਣੇ ਲੋਕਾਂ ਦੀ ਰਖਿਆ ਕਰਨੀ ਹੈ ਤਾਂ ਸਾਨੂੰ ਮਜ਼ਬੂਤ ਫ਼ੌਜ ਬਲ ਦੀ ਜ਼ਰੂਰਤ ਹੈ।''image
ਜਨਰਲ ਬਿਪਿਨ ਰਾਵਤ ਨੇ ਕਿਹਾ, ''ਸਾਡੀ ਸਮੁੰਦਰੀ ਫ਼ੌਜ ਹਿੰਦ ਪ੍ਰਸ਼ਾਂਤ ਖੇਤਰ 'ਚ ਤੈਨਾਤ ਹੈ, ਜਿਥੇ ਤੋਂ ਜਹਾਜ਼ਾਂ ਦੀ ਸੱਭ ਤੋਂ ਵੱਧ ਆਵਾਜਾਈ ਹੁੰਦੀ ਹੈ। ਉਨ੍ਹਾਂ ਨੂੰ ਸਮੁੰਦਰ 'ਚ ਹੀ ਨਹੀਂ, ਬਲਕਿ ਸਮੁੰਦਰ ਦੇ ਅੰਦਰ ਕੰਮ ਕਰਨ ਦੇ ਨਾਲ ਹੀ ਤੇਜ਼ੀ ਨਾਲ ਬਣ ਰਹੇ ਮੁਸ਼ਕਲ ਹਾਲਾਤ ਦੌਰਾਨ ਤਕਨੋਲਾਜੀ ਨੂੰ ਵੀ ਵਿਕਸਿਤ ਕਰਨ ਦੀ ਜ਼ਰੂਰਤ ਹੈ।'' (ਪੀਟੀਆਈ)