ਯੂਪੀ 'ਚ ਅਲਰਟ : 9 ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਚਿੱਠੀ 'ਚ ਲਿਖਿਆ- ਜੇਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗਾ
ਮੇਰਠ : ਇੱਕ ਧਮਕੀ ਭਰਿਆ ਪੱਤਰ ਮਿਲਣ ਮਗਰੋਂ ਸੂਬੇ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਦੱਸ ਦੇਈਏ ਕਿ ਮੰਗਲਵਾਰ ਦੁਪਹਿਰ 3:30 ਵਜੇ ਇੱਕ ਧਮਕੀ ਭਰਿਆ ਪੱਤਰ ਉੱਤਰ ਪ੍ਰਦੇਸ਼ ਦੇ ਮੇਰਠ ਦੇ ਸਿਟੀ ਰੇਲਵੇ ਸਟੇਸ਼ਨ 'ਤੇ ਪਹੁੰਚਿਆ। ਇਸ ਪੱਤਰ ਵਿਚ 26 ਨਵੰਬਰ ਨੂੰ ਮੇਰਠ ਸਮੇਤ ਕਈ ਜ਼ਿਲ੍ਹਿਆਂ ਦੇ ਰੇਲਵੇ ਸਟੇਸ਼ਨਾਂ ਅਤੇ 6 ਦਸੰਬਰ ਨੂੰ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿਤੀ ਗਈ ਹੈ। ਇਸ ਸਬੰਧੀ ਜੀਆਰਪੀ ਵਲੋਂ ਰੇਲਵੇ ਸਟੇਸ਼ਨ ’ਤੇ ਕੰਪੈਕਸ਼ਨ ਚੈਕਿੰਗ ਕੀਤੀ ਗਈ।
ਮੇਰਠ ਸਿਟੀ ਰੇਲਵੇ ਸਟੇਸ਼ਨ ਸੁਪਰਡੈਂਟ ਦੇ ਨਾਂ ਭੇਜੇ ਗਏ ਇਸ ਪੱਤਰ 'ਚ ਲਿਖਿਆ ਹੈ ਕਿ ਮੈਂ ਆਪਣੇ ਜੇਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗਾ। ਰੱਬ ਮੈਨੂੰ ਮਾਫ਼ ਕਰ ਦੇਵੇ, ਅਸੀਂ ਭਾਰਤ ਨੂੰ ਤਬਾਹ ਕਰ ਦੇਵਾਂਗੇ। 26 ਨਵੰਬਰ ਨੂੰ ਗਾਜ਼ੀਆਬਾਦ, ਹਾਪੁੜ, ਮੇਰਠ, ਮੁਜ਼ੱਫਰਨਗਰ, ਅਲੀਗੜ੍ਹ, ਖੁਰਜਾ, ਕਾਨਪੁਰ, ਲਖਨਊ, ਸ਼ਾਹਜਹਾਪੁਰ ਸਮੇਤ ਕਈ ਰੇਲਵੇ ਸਟੇਸ਼ਨ ਬੰਬਾਂ ਨਾਲ ਉਡਾ ਦਿਤੇ ਜਾਣਗੇ। 6 ਦਸੰਬਰ ਨੂੰ ਅਯੁੱਧਿਆ ਵਿਚ ਹਨੂੰਮਾਨਗੜ੍ਹੀ, ਰਾਮਜਨਮ ਭੂਮੀ, ਇਲਾਹਾਬਾਦ, ਗਾਜ਼ੀਆਬਾਦ, ਮੇਰਠ, ਮੁਜ਼ੱਫਰਨਗਰ ਅਤੇ ਸਹਾਰਨਪੁਰ ਸਮੇਤ ਯੂਪੀ ਦੇ ਕਈ ਮੰਦਰਾਂ ਨੂੰ ਬੰਬਾਂ ਨਾਲ ਉਡਾ ਦਿਤਾ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਰੇਲਵੇ ਸਟੇਸ਼ਨ 'ਤੇ ਤਿੰਨ ਧਮਕੀ ਭਰੇ ਪੱਤਰ ਆ ਚੁੱਕੇ ਹਨ।
ਇਹ ਵੀ ਪੜ੍ਹੋ : 'ਆਪ' ਦੀ ਵਿਧਾਇਕਾ ਰੁਪਿੰਦਰ ਰੂਬੀ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿਤਾ ਅਸਤੀਫ਼ਾ
ਇਹ ਚਿੱਠੀ ਮਿਲਣ ਤੋਂ ਬਾਅਦ ਸਟੇਸ਼ਨ ਮੁਖੀ ਆਰ ਪੀ ਸਿੰਘ ਨੇ ਜੀਆਰਪੀ ਠਾਣੇ ਵਿਚ FIR ਦਰਜ ਕਰਵਾ ਦਿਤੀ ਹੈ ਅਤੇ ਬੰਬ ਨਿਰੋਧਕ ਟੀਮ ਨਾਲ ਰੇਲਵੇ ਸਟੇਸ਼ਨ 'ਤੇ ਕੰਪੈਕਸ਼ਨ ਚੈਕਿੰਗ ਮੁਹਿੰਮ ਚਲਾਈ। ਦੱਸਿਆ ਜਾਂਦਾ ਹੈ ਕਿ ਮੰਗਲਵਾਰ ਦੁਪਹਿਰ ਡੀਆਰਐਮ ਡਿਮੀ ਗਰਗ ਨੇ ਰੇਲਵੇ ਸਟੇਸ਼ਨ ਦਾ ਨਿਰੀਖਣ ਕੀਤਾ। ਜੀਆਰਪੀ ਇੰਚਾਰਜ ਵਿਜੇ ਕਾਂਤ ਸਤਿਆਰਥੀ ਨੇ ਦੱਸਿਆ ਕਿ ਸੰਵੇਦਨਸ਼ੀਲ ਮਾਮਲੇ ਨੂੰ ਦੇਖਦੇ ਹੋਏ ਸ਼ਾਮ ਨੂੰ ਸਾਰੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਪਲੇਟਫਾਰਮ 'ਤੇ ਮੈਟਲ ਡਿਟੈਕਟਰ ਦੀ ਮਦਦ ਨਾਲ ਯਾਤਰੀਆਂ ਦੇ ਸਮਾਨ ਦੀ ਜਾਂਚ ਵੀ ਕੀਤੀ ਗਈ ਹੈ।