'ਗੁੰਮਰਾਹਕੁੰਨ ਇਸ਼ਤਿਹਾਰਾਂ' ਤਹਿਤ ਰਾਮਦੇਵ ਦੀਆਂ ਪੰਜ ਦਵਾਈਆਂ ਦੇ ਉਤਪਾਦਨ 'ਤੇ ਰੋਕ
ਰਾਮਦੇਵ ਝੂਠੇ ਪ੍ਰਚਾਰ ਕਰਕੇ ਵੇਚ ਰਿਹਾ ਦਵਾਈਆਂ, ਉਤਪਾਦਨ ਰੋਕਣ ਦਾ ਨੋਟਿਸ ਹੋਇਆ ਜਾਰੀ
ਉੱਤਰਾਖੰਡ - ਉੱਤਰਾਖੰਡ ਆਯੁਰਵੇਦ ਅਤੇ ਯੂਨਾਨੀ ਲਾਇਸੈਂਸਿੰਗ ਅਥਾਰਟੀ ਨੇ ਬੁੱਧਵਾਰ ਨੂੰ ਪਤੰਜਲੀ ਉਤਪਾਦਾਂ ਦੀ ਨਿਰਮਾਤਾ ਕੰਪਨੀ ਦਿਵਿਆ ਫ਼ਾਰਮੇਸੀ ਨੂੰ ਬਲੱਡ ਪ੍ਰੈਸ਼ਰ, ਸ਼ੂਗਰ, ਗਿਲ੍ਹੜ, ਕਾਲਾ ਮੋਤੀਆਂ, ਤੇ ਉੱਚ-ਕੋਲੇਸਟ੍ਰੋਲ ਦੇ ਇਲਾਜ ਲਈ ਝੂਠੇ ਪ੍ਰਚਾਰ ਤਹਿਤ ਵੇਚੀਆਂ ਜਾ ਰਹੀਆਂ ਦਵਾਈਆਂ (ਬੀਪੀਗ੍ਰਿਟ, ਮਧੂਗ੍ਰਿਟ, ਥਾਈਰੋਗ੍ਰਿਟ, ਲਿਪੀਡਮ ਅਤੇ ਆਈਗ੍ਰਿਟ ਗੋਲਡ ਗੋਲੀਆਂ) ਦੇ ਉਤਪਾਦਨ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਹਨ।
'ਗੁਮਰਾਹਕੁੰਨ ਇਸ਼ਤਿਹਾਰਾਂ' ਦਾ ਹਵਾਲਾ ਦਿੰਦੇ ਹੋਏ, ਅਥਾਰਟੀ ਨੇ ਪਤੰਜਲੀ ਨੂੰ ਆਪਣੇ ਉਤਪਾਦਾਂ ਦੀ ਨਵੀਂ ਮਨਜ਼ੂਰੀ ਲਈ ਪੰਜ ਫਾਰਮੂਲੇਸ਼ਨਾਂ ਵਿੱਚੋਂ ਹਰੇਕ ਲਈ ਸੋਧੀਆਂ ਫਾਰਮੂਲੇਸ਼ਨ ਸ਼ੀਟਾਂ ਅਤੇ ਲੇਬਲ ਦਾਅਵੇ ਵੀ ਜਮ੍ਹਾਂ ਕਰਵਾਉਣ ਲਈ ਕਿਹਾ ਹੈ।
ਇਹ ਕਾਰਵਾਈ ਇਸ ਸਾਲ ਦੇ ਸ਼ੁਰੂ ਵਿੱਚ ਜੁਲਾਈ ਵਿੱਚ ਕੇਰਲਾ ਦੇ ਅੱਖਾਂ ਦੇ ਡਾਕਟਰ ਕੇ.ਵੀ. ਬਾਬੂ ਦੁਆਰਾ ਦਾਇਰ ਕੀਤੀ ਗਈ ਸ਼ਿਕਾਇਤ ਦੇ ਜਵਾਬ ਵਿੱਚ ਕੀਤੀ ਗਈ। ਬਾਬੂ ਨੇ 11 ਅਕਤੂਬਰ ਨੂੰ ਈਮੇਲ ਰਾਹੀਂ ਸਟੇਟ ਲਾਇਸੈਂਸਿੰਗ ਅਥਾਰਟੀ ਨੂੰ ਇੱਕ ਹੋਰ ਸ਼ਿਕਾਇਤ ਭੇਜੀ ਸੀ।
ਦਿਵਿਆ ਫ਼ਾਰਮੇਸੀ ਨੂੰ ਭੇਜੇ ਇੱਕ ਪੱਤਰ ਵਿੱਚ, ਰਾਜ ਸਿਹਤ ਅਥਾਰਟੀ ਦੇ ਡਰੱਗ ਕੰਟਰੋਲਰ ਕੋਲ ਹੈ ਡਾ. ਜੀ.ਸੀ.ਐਨ. ਜੰਗਾਪਾਂਗੀ ਨੇ ਫ਼ਾਰਮੇਸੀ ਨੂੰ ਮੀਡੀਆ ਤੋਂ 'ਗੁਮਰਾਹਕੁੰਨ ਅਤੇ ਇਤਰਾਜ਼ਯੋਗ ਇਸ਼ਤਿਹਾਰ' ਤੁਰੰਤ ਹਟਾਉਣ ਲਈ ਕਿਹਾ ਹੈ।
“ਕੰਪਨੀ ਨੂੰ ਉਹ ਇਸ਼ਤਿਹਾਰ ਪ੍ਰਕਾਸ਼ਿਤ ਕਰਨੇ ਚਾਹੀਦੇ ਹਨ ਜਿਨ੍ਹਾਂ ਨੂੰ ਮਨਜ਼ੂਰੀ ਮਿਲੀ ਹੋਵੇ, ਨਹੀਂ ਤਾਂ ਉਸ ਦਾ ਉਤਪਾਦਨ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ,” ਪੱਤਰ 'ਚ ਲਿਖਿਆ ਹੈ। ਅਥਾਰਟੀ ਨੇ ਇੱਕ ਹਫ਼ਤੇ ਵਿੱਚ ਕੰਪਨੀ ਤੋਂ ਜਵਾਬ ਮੰਗਿਆ ਹੈ।
ਸੂਬਾ ਅਥਾਰਟੀ ਨੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੁਨਾਨੀ ਅਧਿਕਾਰੀਆਂ ਨੂੰ ਵੀ ਉਤਪਾਦਨ ਯੂਨਿਟ ਦਾ ਦੌਰਾ ਕਰਨ ਅਤੇ ਇੱਕ ਹਫ਼ਤੇ ਦੇ ਅੰਦਰ ਇੱਕ ਵਿਸਥਾਰਤ ਰਿਪੋਰਟ ਸੌਂਪਣ ਲਈ ਕਿਹਾ ਹੈ।
ਪਤੰਜਲੀ ਦੇ ਬੁਲਾਰੇ ਐਸ.ਕੇ. ਤਿਜਾਰੀਵਾਲਾ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਸਟੇਟ ਲਾਇਸੈਂਸਿੰਗ ਅਥਾਰਟੀ ਤੋਂ ਅਜਿਹਾ ਕੋਈ ਪੱਤਰ ਨਹੀਂ ਮਿਲਿਆ, ਅਤੇ ਉਹ ਇਸ ਤੋਂ ਬਾਅਦ ਹੀ ਕੋਈ ਟਿੱਪਣੀ ਕਰਨਗੇ।
ਸਤੰਬਰ ਵਿੱਚ ਵੀ, ਰਾਜ ਸਿਹਤ ਅਥਾਰਟੀ ਅਤੇ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੇ ਪਤੰਜਲੀ ਆਯੁਰਵੇਦ ਦੇ ਪੰਜ ਇਸ਼ਤਿਹਾਰਾਂ 'ਤੇ ਸਖ਼ਤ ਨੋਟਿਸ ਲਿਆ ਸੀ, ਜਿਸ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ, ਗਠੀਆ, ਉੱਚ ਲਿਪਿਡ ਪੱਧਰ ਅਤੇ ਗਲੂਕੋਮਾ ਦੇ ਇਲਾਜ ਕਰਨ ਦਾ ਵਾਅਦਾ ਕੀਤਾ ਗਿਆ ਸੀ।
ਅਥਾਰਟੀ ਨੇ 7 ਸਤੰਬਰ ਨੂੰ ਦਿਵਿਆ ਫ਼ਾਰਮੇਸੀ ਨੂੰ ਮੀਡੀਆ ਤੋਂ ਇਸ਼ਤਿਹਾਰ ਹਟਾਉਣ ਅਤੇ ਇਕ ਹਫ਼ਤੇ ਅੰਦਰ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਇਸ ਨੇ ਅਗਲੀ ਕਾਰਵਾਈ ਲਈ ਸ਼ਿਕਾਇਤ ਕੇਂਦਰੀ ਆਯੂਸ਼ ਮੰਤਰਾਲੇ ਨੂੰ ਵੀ ਭੇਜ ਦਿੱਤੀ ਹੈ।
ਅਗਸਤ ਵਿੱਚ, ਦਿੱਲੀ ਹਾਈ ਕੋਰਟ ਨੇ ਪਤੰਜਲੀ ਦੇ ਸੰਸਥਾਪਕ ਬਾਬਾ ਰਾਮਦੇਵ ਤੋਂ ਉਸ ਦੀ ਕੰਪਨੀ ਦੇ ਉਤਪਾਦ 'ਕੋਰੋਨਿਲ' ਬਾਰੇ ਸਪੱਸ਼ਟੀਕਰਨ ਮੰਗਿਆ ਸੀ, ਜਿਸ ਬਾਰੇ ਕੋਰੋਨਾ ਮਹਾਮਾਰੀ ਦੇ ਇਲਾਜ ਸੰਬੰਧੀ ਗ਼ਲਤ ਜਾਣਕਾਰੀ ਫ਼ੈਲਾਈ ਗਈ ਸੀ।