ਛੱਤੀਸਗੜ੍ਹ : ਜੰਗਲੀ ਹਾਥੀਆਂ ਦੇ ਹਮਲੇ ’ਚ 2 ਬੱਚਿਆਂ ਦੀ ਮੌਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮ੍ਰਿਤਕਾਂ ਦੀ ਪਛਾਣ ਪਾਂਡੋ ਕਬੀਲੇ ਨਾਲ ਸਬੰਧਤ ਦਿਸ਼ੂ (11) ਅਤੇ ਉਸ ਦੀ ਭੈਣ ਕਾਜਲ (5) ਵਜੋਂ ਹੋਈ

Representative Image.

ਸੂਰਜਪੁਰ : ਛੱਤੀਸਗੜ੍ਹ ਦੇ ਸੂਰਜਪੁਰ ਜ਼ਿਲ੍ਹੇ ’ਚ ਜੰਗਲੀ ਹਾਥੀਆਂ ਦੇ ਝੁੰਡ ਦੇ ਹਮਲੇ ’ਚ ਦੋ ਬੱਚਿਆਂ ਦੀ ਮੌਤ ਹੋ ਗਈ। ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਸਨਿਚਰਵਾਰ ਰਾਤ ਨੂੰ ਰਾਮਾਨੁਜਨਗਰ ਜੰਗਲਾਤ ਰੇਂਜ ਦੇ ਮਹੇਸ਼ਪੁਰ ਪਿੰਡ ਨੇੜੇ ਟੋਂਗਤਈਆ ਪਹਾੜੀ ’ਤੇ ਵਾਪਰੀ। ਉਨ੍ਹਾਂ ਨੇ ਦਸਿਆ ਕਿ ਮ੍ਰਿਤਕਾਂ ਦੀ ਪਛਾਣ ਪਾਂਡੋ ਕਬੀਲੇ ਨਾਲ ਸਬੰਧਤ ਦਿਸ਼ੂ (11) ਅਤੇ ਉਸ ਦੀ ਭੈਣ ਕਾਜਲ (5) ਵਜੋਂ ਹੋਈ ਹੈ। 

ਪਾਂਡੋ ਕਬੀਲਾ ਇਕ ਵਿਸ਼ੇਸ਼ ਤੌਰ ’ਤੇ ਕਮਜ਼ੋਰ ਕਬਾਇਲੀ ਸਮੂਹ ਹੈ। ਮੁੱਢਲੀ ਜਾਣਕਾਰੀ ਮੁਤਾਬਕ 11 ਹਾਥੀਆਂ ਦੇ ਝੁੰਡ ਨੇ ਪਹਾੜੀ ’ਤੇ ਬਣੀ ਝੌਂਪੜੀ ’ਤੇ ਹਮਲਾ ਕਰ ਦਿਤਾ। ਅਧਿਕਾਰੀ ਨੇ ਦਸਿਆ ਕਿ ਮਾਪੇ ਭੱਜਣ ’ਚ ਕਾਮਯਾਬ ਹੋ ਗਏ ਪਰ ਹਾਥੀਆਂ ਦੇ ਹਮਲੇ ’ਚ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਜੰਗਲਾਤ ਅਤੇ ਪੁਲਿਸ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ। 

ਅਧਿਕਾਰੀ ਨੇ ਦਸਿਆ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ 25-25 ਹਜ਼ਾਰ ਰੁਪਏ ਦੀ ਤੁਰਤ ਰਾਹਤ ਦਿਤੀ ਗਈ ਹੈ ਅਤੇ ਬਾਕੀ 5.75 ਲੱਖ ਰੁਪਏ ਦਾ ਮੁਆਵਜ਼ਾ ਰਸਮੀ ਕਾਰਵਾਈਆਂ ਤੋਂ ਬਾਅਦ ਵੰਡਿਆ ਜਾਵੇਗਾ। ਉਨ੍ਹਾਂ ਦਸਿਆ ਕਿ ਹਮਲੇ ਤੋਂ ਬਾਅਦ ਪਹਾੜੀ ’ਤੇ ਸਥਿਤ ਚਾਰ ਹੋਰ ਝੌਂਪੜੀਆਂ ਖਾਲੀ ਕਰ ਦਿਤੀਆਂ ਗਈਆਂ ਅਤੇ ਵਸਨੀਕ ਪ੍ਰੇਮ ਨਗਰ ਚਲੇ ਗਏ। 

ਅਧਿਕਾਰੀ ਨੇ ਦਸਿਆ ਕਿ ਝੁੰਡ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਨੁੱਖੀ-ਹਾਥੀ ਟਕਰਾਅ ਪਿਛਲੇ ਇਕ ਦਹਾਕੇ ਤੋਂ ਚਿੰਤਾ ਦਾ ਵਿਸ਼ਾ ਰਿਹਾ ਹੈ, ਖਾਸ ਕਰ ਕੇ ਛੱਤੀਸਗੜ੍ਹ ਦੇ ਉੱਤਰੀ ਹਿੱਸੇ ਵਿੱਚ। ਇਹ ਖਤਰਾ ਹੌਲੀ-ਹੌਲੀ ਮੱਧ ਖੇਤਰ ਦੇ ਜ਼ਿਲ੍ਹਿਆਂ ’ਚ ਫੈਲ ਰਿਹਾ ਹੈ। ਸਰਗੁਜਾ, ਰਾਏਗੜ੍ਹ, ਕੋਰਬਾ, ਸੂਰਜਪੁਰ, ਮਹਾਸਮੁੰਦ, ਧਮਤਾਰੀ, ਗਰੀਆਬੰਦ, ਬਾਲੌਦ ਅਤੇ ਬਲਰਾਮਪੁਰ ’ਚ ਮਨੁੱਖੀ-ਹਾਥੀ ਟਕਰਾਅ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।