ਗੰਗਾ ਦਾ ਸਰੋਤ ਵੀ ਐਸ.ਟੀ.ਪੀ. ਦੇ ਪਾਣੀ ਨਾਲ ਪ੍ਰਦੂਸ਼ਿਤ ਹੋਇਆ : ਰੀਪੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੰਗੋਤਰੀ ਵਿਖੇ ਐਸ.ਟੀ.ਪੀ. ਤੋਂ ਇਕੱਤਰ ਕੀਤੇ ਨਮੂਨੇ ’ਚੋਂ ਸੱਭ ਤੋਂ ਵੱਧ ਸੰਭਾਵਤ ਸੰਖਿਆ (ਐਮ.ਪੀ.ਐਨ.) 540/100 ਮਿਲੀਲੀਟਰ ਵਾਲਾ ‘ਫੀਕਲ ਕੋਲੀਫਾਰਮ’ ਮਿਲਿਆ

Gangotri

ਨਵੀਂ ਦਿੱਲੀ : ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੂੰ ਗੰਗਾ ’ਚ ਪ੍ਰਦੂਸ਼ਣ ’ਤੇ ਉਤਰਾਖੰਡ ਸਰਕਾਰ ਦੀ ਰੀਪੋਰਟ ਦੇ ਹਵਾਲੇ ਨਾਲ ਸੂਚਿਤ ਕੀਤਾ ਗਿਆ ਹੈ ਕਿ ਸੀਵਰੇਜ ਟਰੀਟਮੈਂਟ ਪਲਾਂਟਾਂ (ਐੱਸ.ਟੀ.ਪੀ.) ਦੇ ਨਿਕਾਸ ਨਾਲ ਨਦੀ ਦਾ ਸਰੋਤ ਵੀ ਪ੍ਰਦੂਸ਼ਿਤ ਹੋ ਗਿਆ ਹੈ। ਉਤਰਾਖੰਡ ’ਚ ਗੰਗਾ ’ਚ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ ’ਤੇ ਸੁਣਵਾਈ ਦੌਰਾਨ ਇਹ ਜਾਣਕਾਰੀ ਦਿਤੀ ਗਈ। ਐਨ.ਜੀ.ਟੀ. ਨੇ ਪਹਿਲਾਂ ਸੂਬੇ ਅਤੇ ਹੋਰਾਂ ਤੋਂ ਰੀਪੋਰਟ ਮੰਗੀ ਸੀ। 

ਐਨ.ਜੀ.ਟੀ. ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ ਦੀ ਅਗਵਾਈ ਵਾਲੇ ਬੈਂਚ ਨੇ ਸੁਣਵਾਈ ’ਚ ਦਖਲ ਦੇਣ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕਰਨ ਵਾਲੇ ਬਿਨੈਕਾਰਾਂ ’ਚੋਂ ਇਕ ਦੇ ਵਕੀਲ ਦੀਆਂ ਦਲੀਲਾਂ ਦਾ ਨੋਟਿਸ ਲਿਆ। ਸੂਬਾ ਸਰਕਾਰ ਦੀ ਰੀਪੋਰਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਗੰਗੋਤਰੀ ਵਿਖੇ 10 ਲੱਖ ਲੀਟਰ ਪ੍ਰਤੀ ਦਿਨ (ਐਮ.ਐਲ.ਡੀ.) ਸਮਰੱਥਾ ਵਾਲੇ ਐਸ.ਟੀ.ਪੀ. ਤੋਂ ਇਕੱਤਰ ਕੀਤੇ ਨਮੂਨੇ ’ਚੋਂ ਸੱਭ ਤੋਂ ਵੱਧ ਸੰਭਾਵਤ ਸੰਖਿਆ (ਐਮ.ਪੀ.ਐਨ.) 540/100 ਮਿਲੀਲੀਟਰ ਵਾਲਾ ‘ਫੀਕਲ ਕੋਲੀਫਾਰਮ’ ਮਿਲਿਆ। 

ਫੀਕਲ ਕੋਲੀਫਾਰਮ (ਐਫ.ਸੀ.) ਦੇ ਪੱਧਰ ਮਨੁੱਖਾਂ ਅਤੇ ਜਾਨਵਰਾਂ ਦੇ ਮਲ ਤੋਂ ਨਿਕਲਣ ਵਾਲੇ ਸੂਖਮ ਜੀਵਾਂ ਵਲੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਦਰਸਾਉਂਦੇ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਪਾਣੀ ਦੀ ਗੁਣਵੱਤਾ ਦੇ ਮਾਪਦੰਡਾਂ ਅਨੁਸਾਰ, ਨਦੀ ’ਚ ਨਹਾਉਣ ਲਈ 500/100 ਮਿਲੀਲੀਟਰ ਤੋਂ ਘੱਟ ਐਮ.ਪੀ.ਐਨ. ਪਾਣੀ ਲੋੜੀਂਦਾ ਹੈ। ਐਨ.ਜੀ.ਟੀ. ਬੈਂਚ ਵਲੋਂ 5 ਨਵੰਬਰ ਨੂੰ ਜਾਰੀ ਹੁਕਮ ’ਚ ਕਿਹਾ ਗਿਆ ਹੈ ਕਿ ਐਸ.ਟੀ.ਪੀ. ਵਲੋਂ ਛੱਡੇ ਜਾ ਰਹੇ ਪਾਣੀ ਨਾਲ ਗੰਗਾ ਨਦੀ ਦਾ ਮੂਲ ਵੀ ਪ੍ਰਦੂਸ਼ਿਤ ਹੋ ਗਿਆ ਹੈ। ਬੈਂਚ ’ਚ ਨਿਆਂਇਕ ਮੈਂਬਰ ਜਸਟਿਸ ਸੁਧੀਰ ਅਗਰਵਾਲ ਅਤੇ ਮਾਹਰ ਮੈਂਬਰ ਏ ਸੇਂਥਿਲ ਵੇਲ ਵੀ ਸ਼ਾਮਲ ਸਨ। ਟ੍ਰਿਬਿਊਨਲ ਨੇ ਮਾਮਲੇ ਦੀ ਅਗਲੀ ਸੁਣਵਾਈ 13 ਫ਼ਰਵਰੀ ਨੂੰ ਤੈਅ ਕੀਤੀ ਹੈ।