ਪੀਐਮ ਮੋਦੀ ਨੇ ਨਵੇਂ ਬਣੇ ਸੰਸਦ ਭਵਨ ਦਾ ਰੱਖਿਆ ਨੀਂਹ ਪੱਥਰ, ਅਧੁਨਿਕ ਸਹੂਲਤਾਂ ਨਾਲ ਹੋਵੇਗਾ ਲੈਸ
ਉਦਯੋਗਪਤੀ ਰਤਨ ਟਾਟਾ ਸਮੇਤ ਕਈ ਹਸਤੀਆਂ ਨੇ ਕੀਤੀ ਸ਼ਮੂਲੀਅਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੇਂ ਬਣੇ ਦੇਸ਼ ਦੇ ਸੰਸਦ ਭਵਨ ਦਾ ਨਹੀਂ ਪੱਥਰ ਰੱਖਿਆ। ਇਸ ਮੌਕੇ ਉਹਨਾਂ ਨੇ ਸਰਬ ਧਰਮ ਪ੍ਰਾਰਥਨਾ ਵਿਚ ਸ਼ਮੂਲੀਅਤ ਕੀਤੀ ਤੇ ਦੇਸ਼ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਲੋਕ ਸਭਾ ਸਪੀਕਰ ਓਮ ਬਿੜਲਾ ਵੀ ਮੌਜੂਦ ਸਨ।
ਇਸ ਮੌਕੇ ਕਈ ਮਸ਼ਹੂਰ ਹਸਤੀਆਂ ਨੇ ਵੀ ਸ਼ਮੂਲੀਅਤ ਕੀਤੀ, ਇਹਨਾਂ ਵਿਚ ਉਦਯੋਗਪਤੀ ਰਤਨ ਟਾਟਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਹਰਦੀਪ ਪੁਰੀ ਤੇ ਹੋਰ ਕਈ ਮੰਤਰੀ ਸ਼ਾਮਲ ਸਨ।
ਜਾਣਕਾਰੀ ਅਨੁਸਾਰ ਇਸ ਨਵੀਂ ਬਿਲਡਿੰਗ 'ਚ ਭਾਰਤ ਦੀ ਲੋਕਤੰਤਰੀ ਵਿਰਾਸਤ ਦਿਖਾਉਣ ਲਈ ਇਕ ਸ਼ਾਨਦਾਰ ਸੰਵਿਧਾਨ ਹਾਲ, ਸੰਸਦ ਦੇ ਮੈਂਬਰਾਂ ਲਈ ਇਕ ਲਾਊਂਜ, ਇਕ ਲਾਇਬਰੇਰੀ, ਕਈ ਕਮੇਟੀ ਕਮਰੇ, ਡਾਇਨਿੰਗ ਏਰੀਆ ਅਤੇ ਪਾਰਕਿੰਗ ਸਥਾਨ ਵੀ ਹੋਵੇਗਾ।
ਇਸ ਨਵੀਂ ਬਿਲਡਿੰਗ ਨੂੰ ਤ੍ਰਿਕੌਣ ਦੀ ਤਰ੍ਹਾਂ ਡਿਜ਼ਾਈਨ ਕੀਤਾ ਜਾਵੇਗਾ ਅਤੇ ਇਸ ਨੂੰ ਮੌਜੂਦਾ ਕੰਪਲੈਕਸ ਦੇ ਕਰੀਬ ਬਣਾਇਆ ਜਾਵੇਗਾ। ਬਿਲਡਿੰਗ ਨੂੰ ਟਾਟਾ ਪ੍ਰਾਜੈਕਟਸ ਲਿਮਟਿਡ ਵਲੋਂ 861.90 ਕਰੋੜ ਰੁਪਏ 'ਚ ਬਣਾਇਆ ਜਾ ਰਿਹਾ ਹੈ। ਬਿਲਡਿੰਗ ਨੂੰ ਤਿਆਰ ਹੋਣ 'ਚ ਸਾਲ ਭਰ ਦਾ ਸਮਾਂ ਲੱਗ ਸਕਦਾ ਹੈ।
ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਇਸ ਦੀ ਲਾਗਤ ਦਾ ਅਨੁਮਾਨ 971 ਕਰੋੜ ਰੁਪਏ ਲਗਾਇਆ ਸੀ। ਜ਼ਿਕਰਯੋਗ ਹੈ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਭਾਰਤੀ ਸੰਸਦ ਦਾ ਨਵਾਂ ਭਵਨ ਦੇਸ਼ ਨੂੰ ਸਮਰਪਿਤ ਕੀਤਾ ਜਾਵੇਗਾ।ਦੱਸ ਦਈਏ ਕਿ ਨਵੇਂ ਸੰਸਦ ਭਵਨ ਦਾ ਨਿਰਮਾਣ ਕਾਰਜ ਫਿਲਹਾਲ ਸ਼ੁਰੂ ਨਹੀਂ ਹੋਵੇਗਾ ਕਿਉਂਕਿ ਇਸ ਸਬੰਧੀ ਇਕ ਪਟੀਸ਼ਨ 'ਤੇ ਸੁਪਰੀਮ ਕੋਰਟ ਵਿਚ ਸੁਣਵਾਈ ਚੱਲ ਰਹੀ ਹੈ।