UP ਪੁਲਿਸ ਦਾ ਤਸ਼ੱਦਦ, ਗੋਦ 'ਚ ਬੱਚਾ ਲੈ ਕੇ ਖੜ੍ਹੇ ਪਿਓ ਨੂੰ ਡੰਡਿਆਂ ਨਾਲ ਕੁੱਟਿਆ
ਰੋਂਦੇ ਬੱਚੇ ਨੂੰ ਵੇਖ ਕੇ ਵੀ ਤਰਸ ਨਾ ਆਇਆ
ਕਾਨਪੁਰ - ਉੱਤਰ ਪ੍ਰਦੇਸ਼ ਦੇ ਕਾਨਪੁਰ ਦੇਹਾਤ ਵਿਚ ਪੁਲਿਸ ਦੀ ਬੇਰਹਿਮੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਅਕਬਰਪੁਰ ਕੋਤਵਾਲ ਵੀਕੇ ਮਿਸ਼ਰਾ ਇੱਕ ਬੱਚੇ ਨੂੰ ਆਪਣੀ ਗੋਦੀ ਵਿਚ ਲੈ ਕੇ ਜਾ ਰਹੇ ਵਿਅਕਤੀ ਉੱਤੇ ਲਾਠੀਆਂ ਵਰਾਉਂਦਾ ਨਜ਼ਰ ਆ ਰਿਹਾ ਹੈ। ਇਹ ਘਟਨਾ ਕਾਨਪੁਰ ਦੇ ਅਕਬਰਪੁਰ ਇਲਾਕੇ ਦੇ ਜ਼ਿਲ੍ਹਾ ਹਸਪਤਾਲ ਦੇ ਸਾਹਮਣੇ ਦੀ ਹੈ। ਇੰਸਪੈਕਟਰ ਨੇ ਨਾ ਸਿਰਫ਼ ਲਾਠੀਆਂ ਨਾਲ ਹਮਲਾ ਕੀਤਾ ਸਗੋਂ ਵਿਅਕਤੀ ਦਾ ਬੱਚਾ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਪੁਲਿਸ ਦਾ ਦਾਅਵਾ ਹੈ ਕਿ ਇਸ ਵਿਅਕਤੀ ਨੇ ਇਕ ਇੰਸਪੈਕਟਰ ਦੇ ਹੱਥ 'ਤੇ ਦੰਦੀ ਵੱਢੀ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਏਡੀਜੀ ਜ਼ੋਨ ਭਾਨੂ ਭਾਸਕਰ ਨੇ ਅਕਬਰਪੁਰ ਦੇ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਰਾਤ ਨੂੰ ਇੰਸਪੈਕਟਰ ਲਾਈਨ 'ਤੇ ਮੌਜੂਦ ਸੀ। ਵੀਡੀਓ 'ਚ ਬੱਚਾ ਚੁੱਕੀ ਖੜ੍ਹਾ ਵਿਅਕਤੀ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਨਾ ਮਾਰੋ ਬੱਚੇ ਨੂੰ ਲੱਗ ਜਾਵੇਗੀ ਪਰ ਇੰਸਪੈਕਟਰ ਦੇ ਕੰਨ 'ਤੇ ਜੂੰਅ ਨਹੀਂ ਸਰਕ ਰਹੀ ਸੀ। ਉਸੇ ਸਮੇਂ, ਇੰਸਪੈਕਟਰ ਸਮੇਤ ਕਈ ਪੁਲਿਸ ਵਾਲੇ ਉਸ ਦਾ ਪਿੱਛਾ ਕਰ ਰਹੇ ਸਨ ਅਤੇ ਕੁਝ ਅਧਿਕਾਰੀ ਬੱਚੇ ਨੂੰ ਜ਼ਬਰਦਸਤੀ ਉਸ ਤੋਂ ਖੋਹਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਨੌਜਵਾਨ ਕਹਿ ਰਿਹਾ ਹੈ ਕਿ ਇਹ ਉਸ ਦਾ ਬੱਚਾ ਹੈ ਅਤੇ ਉਸ ਦੀ ਮਾਂ ਵੀ ਨਹੀਂ ਹੈ। ਬੱਚਾ ਰੋਣ ਲੱਗ ਜਾਂਦਾ ਹੈ ਪਰ ਪੁਲਿਸ ਨੂੰ ਉਸ 'ਤੇ ਕੋਈ ਤਰਸ ਨਹੀਂ ਆਉਂਦਾ।
ਪੁਲਿਸ ਨੇ ਦੱਸਿਆ ਕਿ ਨੌਜਵਾਨ ਕਾਨਪੁਰ ਦੇ ਅਕਬਰਪੁਰ ਦੇ ਜ਼ਿਲ੍ਹਾ ਹਸਪਤਾਲ ਦਾ ਕਰਮਚਾਰੀ ਹੈ ਅਤੇ ਉਸ ਦਾ ਭਰਾ ਦੰਗਿਆਂ ਵਿਚ ਸ਼ਾਮਲ ਹੈ। ਕਾਨਪੁਰ ਦੇਹਾਤ ਦੇ ਵਧੀਕ ਪੁਲਿਸ ਸੁਪਰਡੈਂਟ ਘਨਸ਼ਿਆਮ ਚੌਰਸੀਆ ਨੇ ਦੱਸਿਆ ਕਿ ਕੁਝ ਲੋਕ ਹਸਪਤਾਲ ਦੀ ਓਪੀਡੀ ਬੰਦ ਕਰਕੇ ਇਲਾਕੇ ਵਿਚ ਹਫੜਾ-ਦਫੜੀ ਮਚਾ ਰਹੇ ਹਨ ਅਤੇ ਮਰੀਜ਼ਾਂ ਨੂੰ ਡਰਾ-ਧਮਕਾ ਰਹੇ ਹਨ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਹਲਕੇ ਬਲ ਦਾ ਪ੍ਰਯੋਗ ਕੀਤਾ ਸੀ।
ਜ਼ਿਲ੍ਹਾ ਹਸਪਤਾਲ 'ਚ ਪ੍ਰਦਰਸ਼ਨ ਚੱਲ ਰਿਹਾ ਸੀ।ਕਾਨਪੁਰ ਦੇ ਜ਼ਿਲਾ ਹਸਪਤਾਲ ਕੰਪਲੈਕਸ 'ਚ ਮੈਡੀਕਲ ਕਾਲਜ ਦੀ ਉਸਾਰੀ ਨੂੰ ਲੈ ਕੇ ਵੀਰਵਾਰ ਨੂੰ ਕਰਮਚਾਰੀਆਂ ਨੇ ਓਪੀਡੀ 'ਚ ਤਾਲਾ ਲਗਾ ਕੇ ਧਰਨਾ ਸ਼ੁਰੂ ਕਰ ਦਿੱਤਾ। ਸਟਾਫ ਨੇ ਡਾਕਟਰਾਂ ਅਤੇ ਮਰੀਜ਼ਾਂ ਨੂੰ ਓਪੀਡੀ ਵਿਚੋਂ ਬਾਹਰ ਕੱਢਿਆ। ਸੂਚਨਾ ਮਿਲਣ ’ਤੇ ਪੁੱਜੇ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਨੇ ਧਰਨਵਾ ਦੇ ਰਹੇ ਮੁਲਾਜ਼ਮਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਵਾਰਡ ਬੁਆਏ ਨੇ ਕੋਤਵਾਲ ਦੇ ਅੰਗੂਠੇ 'ਤੇ ਦੰਦੀ ਵੱਡੀ ਤੇ ਇੰਸਪੈਕਟਰ ਨਾਲ ਧੱਕਾ-ਮੁੱਕੀ ਕੀਤੀ ਤਾਂ ਪੁਲਿਸ ਨੇ ਉਸ ਦੀ ਜ਼ਬਰਦਸਤ ਕੁੱਟਮਾਰ ਕੀਤੀ।
ਜਿਸ ਤੋਂ ਬਾਅਦ ਪੁਲਿਸ ਨੇ ਵਾਰਡ ਬੁਆਏ ਨੂੰ ਹਿਰਾਸਤ 'ਚ ਲੈ ਲਿਆ। ਮੌਕੇ 'ਤੇ ਪਹੁੰਚੇ ਸੀਐਮਓ, ਐਸਡੀਐਮ ਅਤੇ ਸੀਓ ਨੇ ਓਪੀਡੀ ਖੋਲ੍ਹ ਕੇ ਇਲਾਜ ਸ਼ੁਰੂ ਕਰਵਾਇਆ। ਦੇਰ ਸ਼ਾਮ ਤੱਕ ਇਸ ਮਾਮਲੇ ਸਬੰਧੀ ਪੁਲਿਸ ਕੋਲ ਕਿਸੇ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ। ਅਕਬਰਪੁਰ ਦੇ ਜ਼ਿਲ੍ਹਾ ਹਸਪਤਾਲ ਵਿਚ ਮੈਡੀਕਲ ਕਾਲਜ ਦੀ ਉਸਾਰੀ ਲਈ ਠੇਕੇਦਾਰ ਵੱਲੋਂ ਮਿੱਟੀ ਪੁੱਟਣ ਅਤੇ ਹੋਰ ਕੰਮ ਕਰਵਾਏ ਜਾ ਰਹੇ ਹਨ। ਅਹਾਤੇ ਵਿੱਚ ਰਹਿੰਦੇ ਸਿਹਤ ਕਰਮਚਾਰੀਆਂ ਦਾ ਦੋਸ਼ ਹੈ ਕਿ ਠੇਕੇਦਾਰ ਦੇ ਕਰਿੰਦੇ ਅਧਿਕਾਰੀਆਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਮਿੱਟੀ ਦੀ ਖੁਦਾਈ ਕਰਕੇ ਰਾਤ ਨੂੰ ਬਾਹਰ ਵੇਚ ਦਿੰਦੇ ਹਨ। ਵਾਹਨਾਂ ਦੇ ਲੰਘਣ ਕਾਰਨ ਸੜਕਾਂ ਅਤੇ ਨਾਲੀਆਂ ਟੁੱਟ ਗਈਆਂ ਹਨ। ਸੀਐਮਐਸ ਸਮੇਤ ਹੋਰ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ।
ਦੂਜੀ ਵੀਡੀਓ 'ਚ ਅੱਧੀ ਦਰਜਨ ਤੋਂ ਵੱਧ ਪੁਲਿਸ ਵਾਲੇ ਇਕ ਹੋਰ ਸ਼ਖ਼ਸ ਨੂੰ ਬੇਰਹਿਮੀ ਨਾਲ ਕੁੱਟਦੇ ਨਜ਼ਰ ਆ ਰਹੇ ਹਨ। ਇਕ ਪੁਲਿਸ ਵਾਲਾ ਤਾਂ ਜ਼ਮੀਨ 'ਤੇ ਡਿੱਗੇ ਸ਼ਖ਼ਸ ਦੀ ਛਾਤੀ ਉੱਪਰ ਚੜ੍ਹ ਕੇ ਬੈਠ ਜਾਂਦਾ ਹੈ। ਦਰਦ ਨਾਲ ਤੜਪਦੇ ਸ਼ਖ਼ਸ ਦੀਆਂ ਚੀਕਾਂ ਸੁਣ ਆਸਪਾਸ ਖੜ੍ਹੇ ਕੁਝ ਲੋਕ ਵੀਡੀਓ ਬਣਾ ਲੈਂਦੇ ਹਨ ਤੇ ਇਸ ਵਿਚਕਾਰ ਸਾਥੀ ਪੁਲਿਸ ਵਾਲੇ ਉਸ ਵਰਦੀ ਧਾਰੀ ਅਫ਼ਸਰ ਨੂੰ ਪਿੱਛੇ ਕਰ ਦਿੰਦੇ ਹਨ। ਇਸ ਤੋਂ ਬਾਅਦ ਉਸ ਨੂੰ ਚੁੱਕ ਕੇ ਪੁਲਿਸ ਵਾਲੇ ਗੱਡੀ 'ਚ ਸੁੱਟ ਦਿੰਦੇ ਹਨ।
ਇਸ ਦੌਰਾਨ ਗੱਡੀ 'ਚ ਬੈਠੇ ਸ਼ਖ਼ਸ ਦਾ ਭਰਾ ਜਿਵੇਂ ਹੀ ਗੱਡੀ ਨੇੜੇ ਪਹੁੰਚਦਾ ਹੈ ਤਾਂ ਪੁਲਿਸ ਵਾਲਾ ਡੰਡਿਆਂ ਨਾਲ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ... ਪੁਲਿਸ ਵਾਲੇ ਉਸ ਦੇ ਭਰਾ ਨੂੰ ਵੀ ਗ੍ਰਿਫ਼ਤਾਰ ਕਰਕੇ ਥਾਣੇ ਲਿਜਾਣ ਦੀ ਕੋਸ਼ਿਸ਼ ਕਰਦੇ ਹਨ।
ਉਸ ਦੀ ਗੋਦ 'ਚ ਫੜੇ ਬੱਚੇ ਨੂੰ ਬੇਰਹਿਮੀ ਨਾਲ ਖਿੱਚਦੇ ਹਨ। ਪਿਓ ਰਹਿਮ ਦੀ ਭੀਖ ਵੀ ਮੰਗਦਾ ਹੈ, ਬੱਚੇ ਦੀ ਮਾਂ ਨਹੀਂ ਹੈ। ਲੋਕਾਂ ਦੇ ਕੈਮਰੇ ਵੇਖ ਪੁਲਿਸ ਵਾਲਾ ਬੱਚੇ ਤੇ ਉਸ ਦੇ ਪਿਓ ਨੂੰ ਛੱਡ ਦਿੰਦਾ ਹੈ। ਗੱਡੀ 'ਚ ਬੈਠੇ ਸ਼ਖ਼ਸ ਨੂੰ ਪੁਲਿਸ ਵਾਲਾ ਧਮਕੀ ਦਿੰਦਾ ਹੈ ਕਿ ਉਹ ਥਾਣੇ ਲਿਜਾ ਕੇ ਉਸ ਨੂੰ ਹੀਰੋ ਬਣਾਏਗਾ। ਦਰਅਸਲ ਇਹ ਵੀਡੀਓ ਯੂਪੀ ਦੇ ਜ਼ਿਲ੍ਹਾ ਕਾਨਪੁਰ ਅਧੀਨ ਆਉਂਦੇ ਅਕਬਰਪੁਰ ਪੁਲਿਸ ਚੌਂਕੀ ਦੇ ਹਨ। ਜਿਹੜਾ ਪੁਲਿਸ ਵਾਲਾ ਡਾਂਗਾਂ ਨਾਲ ਕੁੱਟ ਰਿਹਾ ਹੈ, ਉਹ ਚੌਂਕੀ ਇੰਚਾਰਜ ਵੀ.ਕੇ. ਮਿਸ਼ਰਾ ਹੈ। ਇਹ ਘਟਨਾ ਅਕਬਰਪੁਰ ਇਲਾਕੇ ਦੇ ਜ਼ਿਲ੍ਹਾ ਹਸਪਤਾਲ ਦੇ ਸਾਹਮਣੇ ਦੀ ਹੈ। ਵੀਡੀਓ ਵਾਇਰਲ ਹੋਣ ਮਗਰੋਂ ਚੌਂਕੀ ਇੰਚਾਰਜ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਜਿਹੜੇ ਸ਼ਖ਼ਸ ਨੂੰ ਹਿਰਾਸਤ 'ਚ ਲਿਆ ਗਿਆ ਹੈ, ਉਹ ਜ਼ਿਲ੍ਹਾ ਹਸਪਤਾਲ ਦਾ ਮੁਲਾਜ਼ਮ ਹੈ। ਉਹ ਆਪਣੇ ਸਾਥੀਆਂ ਨਾਲ ਮਿਲ ਕੇ ਜਾਣਬੁੱਝ ਕੇ ਹਸਪਤਾਲ 'ਚ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਹਲਕਾ ਲਾਠੀਚਾਰਜ ਕੀਤਾ।