ਸੀਨੀਅਰ ਵਕੀਲ ਵਲੋਂ ਲਟਕਦੇ ਮਾਮਲਿਆਂ ਬਾਰੇ ਚੀਫ਼ ਜਸਟਿਸ ਨੂੰ ਚਿੱਠੀ ਲਿਖਣ ’ਤੇ ਪ੍ਰਗਟਾਈ ਨਾਰਾਜ਼ਗੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, 'ਚੀਫ਼ ਜਸਟਿਸ ’ਤੇ ‘ਨਾਜਾਇਜ਼ ਪ੍ਰਭਾਵ’ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੀਨੀਅਰ ਵਕੀਲ ਦਵੇ : ਬਾਰ ਕੌਂਸਲ ਪ੍ਰਧਾਨ'

File Photo
  • ਕਿਹਾ, ਇਹ ਚਿੱਠੀ ਇਕ ਅਜਿਹੀ ਰਣਨੀਤੀ ਹੈ ਜਿਸ ਨੂੰ ਹਾਲ ਹੀ ’ਚ ਭਾਰਤ ਦੇ ਲਗਭਗ ਹਰ ਚੀਫ ਜਸਟਿਸ ਦੇ ਸਾਹਮਣੇ ਵਾਰ-ਵਾਰ ਅਜ਼ਮਾਇਆ ਗਿਆ

New Delhi: ਬਾਰ ਕੌਂਸਲ ਆਫ਼ ਇੰਡੀਆ (ਬੀ.ਸੀ.ਆਈ.) ਦੇ ਚੇਅਰਮੈਨ ਮਨਨ ਕੁਮਾਰ ਮਿਸ਼ਰਾ ਨੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੂੰ ਚਿੱਠੀ ਲਿਖ ਕੇ ਸੁਪਰੀਮ ਕੋਰਟ ’ਚ ਲਟਕਦੇ ਸੰਵੇਦਨਸ਼ੀਲ ਮਾਮਲਿਆਂ ਨੂੰ ਸੂਚੀਬੱਧ ਕਰਨ ਦੇ ਸਬੰਧ ’ਚ ਇਕ ਸੀਨੀਅਰ ਵਕੀਲ ਵਲੋਂ ਉਨ੍ਹਾਂ ਨੂੰ ਲਿਖੀ ਖੁੱਲ੍ਹੀ ਚਿੱਠੀ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਇਹ ‘ਨਾਜਾਇਜ਼ ਪ੍ਰਭਾਵ’ ਪੈਦਾ ਕਰਨ ਅਤੇ ਮਨਮਰ਼ਜੀ ਵਾਲਾ ਫ਼ੈਸਲਾ ਹਾਸਲ ਕਰਨ ਦੀ ਕੋਸ਼ਿਸ਼ ਹੈ।

ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ 6 ਦਸੰਬਰ ਨੂੰ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੂੰ ਚਿੱਠੀ ਲਿਖ ਕੇ ਸੁਪਰੀਮ ਕੋਰਟ ’ਚ ਕੇਸਾਂ ਨੂੰ ਸੂਚੀਬੱਧ ਕਰਨ ਅਤੇ ਉਨ੍ਹਾਂ ਨੂੰ ਹੋਰ ਬੈਂਚਾਂ ਨੂੰ ਮੁੜ ਵੰਡਣ ਦੀਆਂ ਕੁਝ ਘਟਨਾਵਾਂ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਤੁਰਤ ਸੁਧਾਰਾਤਮਕ ਕਦਮ ਚੁੱਕਣ ਦੀ ਮੰਗ ਕੀਤੀ ਸੀ। 
ਦਵੇ ਦਾ ਨਾਂ ਲਏ ਬਿਨਾਂ ਬੀ.ਸੀ.ਆਈ. ਪ੍ਰਧਾਨ ਨੇ ਕਿਹਾ ਕਿ ਅਜਿਹੀਆਂ ਚਿੱਠੀਆਂ ਰਾਹੀਂ ਕੀਤੀਆਂ ਗਈਆਂ ਕੋਸ਼ਿਸ਼ਾਂ ਸਪੱਸ਼ਟ ਤੌਰ ’ਤੇ ਅਪਮਾਨਜਨਕ ਵਿਵਹਾਰ ਹਨ ਅਤੇ ਇਹ ਗ਼ਲਤ ਇਰਾਦੇ ਨਾਲ ਕੀਤੀਆਂ ਗਈਆਂ ਕਾਰਵਾਈਆਂ ਹਨ ਅਤੇ ਇਨ੍ਹਾਂ ਨਾਲ ਸਖਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। 

ਮਿਸ਼ਰਾ ਨੇ ਚੀਫ ਜਸਟਿਸ ਨੂੰ ਲਿਖੀ ਚਿੱਠੀ ’ਚ ਕਿਹਾ, ‘‘ਇਹ ਚਿੱਠੀ ਇਕੱਲੀ ਘਟਨਾ ਨਹੀਂ ਹੈ ਪਰ ਇਹ ਇਕ ਅਜਿਹੀ ਰਣਨੀਤੀ ਹੈ ਜਿਸ ਨੂੰ ਹਾਲ ਹੀ ’ਚ ਭਾਰਤ ਦੇ ਲਗਭਗ ਹਰ ਚੀਫ ਜਸਟਿਸ ਦੇ ਸਾਹਮਣੇ ਵਾਰ-ਵਾਰ ਅਜ਼ਮਾਇਆ ਗਿਆ ਹੈ। ਅਜਿਹੀਆਂ ਚਿੱਠੀਆਂ ਸੁਤੰਤਰ ਨਿਆਂ ਪ੍ਰਣਾਲੀ ਦੇ ਕੰਮਕਾਜ ’ਤੇ ਨਾਜਾਇਜ਼ ਪ੍ਰਭਾਵ ਅਤੇ ਦਬਾਅ ਪੈਦਾ ਕਰਨ ਲਈ ਇਕ ਗੈਰ-ਨਿਆਂਇਕ ਵਿਧੀ ਹਨ।’’ ਉਨ੍ਹਾਂ ਕਿਹਾ, ‘‘ਚਿੱਠੀ ਵਿਚ ਕੀਤੇ ਗਏ ਦਾਅਵੇ ਸਸਤੀ ਪ੍ਰਸਿੱਧੀ ਹਾਸਲ ਕਰਨ ਲਈ ਰੱਤੀ ਭਰ ਵੀ ਸਹੀ ਨਹੀਂ ਹਨ ਅਤੇ ਉਨ੍ਹਾਂ ਦਾ ਕੋਈ ਸਹੀ ਮਕਸਦ ਨਹੀਂ ਹੈ।’’

ਮਿਸ਼ਰਾ ਨੇ ਸੀ.ਜੇ.ਆਈ. ਨੂੰ ਬੇਨਤੀ ਕੀਤੀ ਕਿ ਉਹ ਇਨ੍ਹਾਂ ਚਿੱਠੀਆਂ ਰਾਹੀਂ ‘ਗੜਬੜ’ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਖਤਮ ਕਰਨ ਅਤੇ ਅਜਿਹੀਆਂ ਕੋਸ਼ਿਸ਼ਾਂ ਵਿਰੁਧ ਇਕ ਸਥਾਈ ਮਿਸਾਲ ਕਾਇਮ ਕਰਨ। ਦਵੇ ਦੇ ਪੱਤਰ ਲਿਖਣ ਤੋਂ ਇਕ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਜੱਜ ਸੰਜੇ ਕਿਸ਼ਨ ਕੌਲ ਨੇ ਹਾਈ ਕੋਰਟ ਦੇ ਜੱਜਾਂ ਦੀ ਤਰੱਕੀ ਅਤੇ ਬਦਲੀ ਦੇ ਮੁੱਦੇ ’ਤੇ ਕਾਲੇਜੀਅਮ ਦੀਆਂ ਸਿਫਾਰਸ਼ਾਂ ’ਤੇ ਕਦਮ ਚੁੱਕਣ ’ਚ ਕੇਂਦਰ ਸਰਕਾਰ ਦੀ ਕਥਿਤ ਦੇਰੀ ਨਾਲ ਜੁੜੀਆਂ ਪਟੀਸ਼ਨਾਂ ਨੂੰ ਅਚਾਨਕ ਹਟਾਏ ਜਾਣ ’ਤੇ ਹੈਰਾਨੀ ਜ਼ਾਹਰ ਕੀਤੀ ਸੀ। ਪ੍ਰਸ਼ਾਂਤ ਭੂਸ਼ਣ ਸਮੇਤ ਕੁਝ ਵਕੀਲਾਂ ਨੇ ਇਹ ਮੁੱਦਾ ਚੁਕਿਆ ਸੀ। 

ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐਸਸੀਬੀਏ) ਦੇ ਸਾਬਕਾ ਪ੍ਰਧਾਨ ਦਵੇ ਨੇ ਚੀਫ ਜਸਟਿਸ ਨੂੰ ਲਿਖੀ ਚਿੱਠੀ ’ਚ ਕਿਹਾ ਸੀ ਕਿ ਉਹ ਸੁਪਰੀਮ ਕੋਰਟ ਦੀ ਰਜਿਸਟਰੀ ਵਲੋਂ ਕੇਸਾਂ ਨੂੰ ਸੂਚੀਬੱਧ ਕਰਨ ’ਚ ਕੁਝ ਘਟਨਾਵਾਂ ਤੋਂ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਸੀ ਕਿ ਮਨੁੱਖੀ ਅਧਿਕਾਰਾਂ, ਪ੍ਰਗਟਾਵੇ ਦੀ ਆਜ਼ਾਦੀ, ਲੋਕਤੰਤਰ ਅਤੇ ਕਾਨੂੰਨੀ ਅਤੇ ਸੰਵਿਧਾਨਕ ਸੰਸਥਾਵਾਂ ਦੇ ਕੰਮਕਾਜ ਨਾਲ ਜੁੜੇ ਕੁਝ ਮਾਮਲੇ ਸੰਵੇਦਨਸ਼ੀਲ ਹਨ। ਦਵੇ ਨੇ ਅਫਸੋਸ ਜ਼ਾਹਰ ਕੀਤਾ ਸੀ ਕਿ ਕੁਝ ਵਕੀਲਾਂ ਵਲੋਂ ਸੀ.ਜੇ.ਆਈ. ਨੂੰ ਨਿੱਜੀ ਤੌਰ ’ਤੇ ਮਿਲਣ ਦੀਆਂ ਕੋਸ਼ਿਸ਼ਾਂ ਸਫਲ ਨਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਖੁੱਲ੍ਹੀ ਚਿੱਠੀ ਲਿਖਣੀ ਪਈ ਸੀ।

(For more news apart from This is an attempt to create 'undue influence' and obtain an arbitrary decision, stay tuned to Rozana Spokesman)