Dhiraj Sahu IT raids: ਕਾਂਗਰਸ ਨੇ ਸਾਹੂ ਤੋਂ ‘ਬੇਨਾਮੀ ਨਕਦੀ’ ਬਾਰੇ ਸਪੱਸ਼ਟੀਕਰਨ ਮੰਗਿਆ, ਭਾਜਪਾ ਨੇ ਕੀਤਾ ਮੋੜਵਾਂ ਵਾਰ
ਇਹ ਧੀਰਜ ਸਾਹੂ ਦਾ ਨਿੱਜੀ ਮਾਮਲਾ ਹੈ, ਜਿਸ ਦਾ ਕਾਂਗਰਸ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ : ਕਾਂਗਰਸ
Dhiraj Sahu IT raids: ਕਾਂਗਰਸ ਦੇ ਝਾਰਖੰਡ ਇੰਚਾਰਜ ਅਵਿਨਾਸ਼ ਪਾਂਡੇ ਨੇ ਐਤਵਾਰ ਨੂੰ ਕਿਹਾ ਕਿ ਸੰਸਦ ਮੈਂਬਰ ਧੀਰਜ ਸਾਹੂ ਤੋਂ ਉਨ੍ਹਾਂ ਨਾਲ ਜੁੜੇ ਟਿਕਾਣਿਆਂ ਤੋਂ ਵੱਡੀ ਮਾਤਰਾ ’ਚ ਨਕਦੀ ਬਰਾਮਦ ਹੋਣ ’ਤੇ ਸਪੱਸ਼ਟੀਕਰਨ ਮੰਗਿਆ ਗਿਆ ਹੈ। ਪਾਂਡੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਧੀਰਜ ਸਾਹੂ ਦਾ ਨਿੱਜੀ ਮਾਮਲਾ ਹੈ ਅਤੇ ਪਾਰਟੀ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਂਡੇ ਨੇ ਕਿਹਾ ਕਿ ਉਹ ਕਾਂਗਰਸ ਦੇ ਸੰਸਦ ਮੈਂਬਰ ਹਨ। ਉਸ ਨੂੰ ਅਧਿਕਾਰਤ ਬਿਆਨ ਦੇਣਾ ਚਾਹੀਦਾ ਹੈ ਕਿ ਉਸ ਕੋਲ ਇੰਨੀ ਵੱਡੀ ਰਕਮ ਕਿਵੇਂ ਆਈ।
ਉਨ੍ਹਾਂ ਕਿਹਾ ਕਿ ਪਾਰਟੀ ਦਾ ਸਟੈਂਡ ਸਪੱਸ਼ਟ ਹੈ ਕਿ ਇਹ ਧੀਰਜ ਸਾਹੂ ਦਾ ਨਿੱਜੀ ਮਾਮਲਾ ਹੈ, ਜਿਸ ਦਾ ਕਾਂਗਰਸ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਅਧਿਕਾਰੀਆਂ ਨੇ ਦਸਿਆ ਕਿ ਆਮਦਨ ਟੈਕਸ ਵਿਭਾਗ ਵਲੋਂ ਓਡੀਸ਼ਾ ਸਥਿਤ ਬੋਧੀ ਡਿਸਟਿਲਰੀ ਪ੍ਰਾਈਵੇਟ ਲਿਮਟਿਡ ਅਤੇ ਇਸ ਨਾਲ ਜੁੜੀਆਂ ਇਕਾਈਆਂ ’ਤੇ ਛਾਪੇਮਾਰੀ ਦੌਰਾਨ ਹੁਣ ਤਕ ਵੱਡੀ ਮਾਤਰਾ ’ਚ ਨਕਦੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਛਾਪੇਮਾਰੀ ਦੌਰਾਨ ਸਾਹੂ ਨਾਲ ਜੁੜੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਗਈ।
ਅਧਿਕਾਰਤ ਸੂਤਰਾਂ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਜ਼ਬਤ ਕੀਤੀ ਗਈ ਰਕਮ 290 ਕਰੋੜ ਰੁਪਏ ਤਕ ਪਹੁੰਚਣ ਦੀ ਉਮੀਦ ਹੈ, ਜੋ ਕਿਸੇ ਵੀ ਏਜੰਸੀ ਵਲੋਂ ਇਕ ਕਾਰਵਾਈ ਵਿਚ ਹੁਣ ਤਕ ਦੀ ਸਭ ਤੋਂ ਵੱਧ ਨਕਦ ਬਰਾਮਦਗੀ ਹੋਵੇਗੀ। ਪਾਂਡੇ ਨੇ ਕਿਹਾ ਕਿ ਇਨਕਮ ਟੈਕਸ ਵਿਭਾਗ ਨੇ ਅਜੇ ਤਕ ਛਾਪੇਮਾਰੀ ਅਤੇ ਬਰਾਮਦਗੀ ’ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿਤਾ ਹੈ, ਪਰ ਜਿਸ ਤਰ੍ਹਾਂ ਉਨ੍ਹਾਂ ਨੂੰ ਪਾਰਟੀ ਨਾਲ ਜੋੜ ਕੇ ਦੋਸ਼ ਲਗਾਏ ਜਾ ਰਹੇ ਹਨ, ਉਹ ਮੰਦਭਾਗਾ ਹੈ।
ਉਨ੍ਹਾਂ ਕਿਹਾ, ‘‘ਜਿਸ ਪਰਿਵਾਰ ਦਾ 100 ਸਾਲਾਂ ਤੋਂ ਵੱਧ ਸਮੇਂ ਤੋਂ ਕਾਰੋਬਾਰੀ ਅਦਾਰਾ ਹੈ, ਉਹ ਇਕ ਪਰਿਵਾਰਕ ਸੰਯੁਕਤ ਕਾਰੋਬਾਰ ਹੈ। ਧੀਰਜ ਸਾਹੂ ਕਾਰੋਬਾਰ ਦਾ ਸਿਰਫ ਇਕ ਹਿੱਸਾ ਹੈ। ਪਰ ਸਾਹੂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇੰਨੀ ਵੱਡੀ ਰਕਮ ਉਸ ਕੋਲ ਕਿਵੇਂ ਆਈ।’’ ਇੱਥੇ ਕਾਂਗਰਸ ਹੈੱਡਕੁਆਰਟਰ ’ਚ ਬੋਲਦਿਆਂ ਪਾਂਡੇ ਨੇ ਦੋਸ਼ ਲਾਇਆ ਕਿ ਦੇਸ਼ ’ਚ ਵਿਰੋਧੀ ਪਾਰਟੀਆਂ ਨੂੰ ਬਦਨਾਮ ਕਰਨ ਦੀ ਸਾਜ਼ਸ਼ ਰਚੀ ਜਾ ਰਹੀ ਹੈ।
ਉਨ੍ਹਾਂ ਕਿਹਾ, ‘‘ਝਾਰਖੰਡ ’ਚ ਬਹੁਮਤ ਵਾਲੀ ਗੱਠਜੋੜ ਸਰਕਾਰ ਦੇ ਸੱਤਾ ’ਚ ਆਉਣ ਦੇ ਦਿਨ ਤੋਂ ਹੀ ਭਾਜਪਾ ਇਸ ਨੂੰ ਅਸਥਿਰ ਕਰਨ ਦੀ ਸਾਜ਼ਸ਼ ਰਚ ਰਹੀ ਹੈ। ਇਹ ਸਾਜ਼ਸ਼ ਸਿਰਫ ਝਾਰਖੰਡ ’ਚ ਹੀ ਨਹੀਂ ਬਲਕਿ ਪੂਰੇ ਦੇਸ਼ ’ਚ ‘ਆਪਰੇਸ਼ਨ ਲੋਟਸ’ ਤਹਿਤ ਦੇਸ਼ ’ਚ ਲੋਕਤੰਤਰੀ ਪ੍ਰਕਿਰਿਆ ਰਾਹੀਂ ਚੁਣੀਆਂ ਗਈਆਂ ਸਾਰੀਆਂ ਗੈਰ-ਭਾਜਪਾ ਸਰਕਾਰਾਂ ਵਿਰੁਧ ਵੀ ਰਚੀ ਜਾ ਰਹੀ ਹੈ। ਭਾਜਪਾ ਬਗ਼ੈਰ ਕਿਸੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਪ੍ਰਵਾਹ ਕੀਤੇ ਖੁੱਲ੍ਹ ਕੇ ਅਜਿਹਾ ਕਰ ਰਹੀ ਹੈ।’’
ਪਾਂਡੇ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਭਾਜਪਾ ਨੇਤਾ ਅਤੇ ਰਾਂਚੀ ਤੋਂ ਵਿਧਾਇਕ ਸੀ.ਪੀ. ਸਿੰਘ ਨੇ ਕਿਹਾ, ‘‘ਕਾਂਗਰਸ ਸਾਹੂ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ ਤਾਂ ਜੋ ਉਹ ਅਪਣੇ ਬੌਸ ਨੂੰ ਬਚਾ ਸਕੇ। ਜੇ ਸਾਹੂ ਆਜ਼ਾਦ ਉਮੀਦਵਾਰ ਹੁੰਦੇ ਤਾਂ ਕਾਂਗਰਸ ਕਹਿ ਸਕਦੀ ਸੀ ਕਿ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਹੈ।’’
(For more news apart from Dhiraj Sahu IT raids, stay tuned to Rozana Spokesman)