Goa ਦੇ ਨਾਈਟ ਕਲੱਬ ’ਚ ਲੱਗੀ ਅੱਗ ਦੇ ਮਾਮਲੇ ’ਚ ਅਜੇ ਗੁਪਤਾ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਾਈਟ ਕਲੱਬ ਦਾ ਬਿਜਨਸ ਪਾਟਨਰ ਨੂੰ ਦਿੱਲੀ ਤੋਂ ਕੀਤਾ ਗਿਆ ਗ੍ਰਿਫ਼ਤਾਰ

Ajay Gupta arrested in Goa nightclub fire case

ਨਵੀਂ ਦਿੱਲੀ : ਗੋਆ ਦੇ ਬਿਰਚ ਬਾਈ ਰੋਮੀਓ ਲੇਨ ਨਾਈਟ ਕਲੱਬ ਵਿੱਚ 6 ਦਿਸੰਬਰ ਨੂੰ ਲੱਗੀ ਅੱਗ ਕਾਰਨ 25 ਲੋਕਾਂ ਦੀ ਮੌਤ ਵਾਲੇ ਮਾਮਲੇ ਵਿੱਚ ਕਲੱਬ ਦੇ ਚਾਰ ਮਾਲਕਾਂ ਵਿੱਚੋਂ ਇੱਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮੁਲਜ਼ਮ ਦਾ ਨਾਮ ਅਜੈ ਗੁਪਤਾ ਹੈ । ਉਹ ਦਿੱਲੀ ਦਾ ਰਹਿਣ ਵਾਲਾ ਹੈ । ਗੋਆ ਪੁਲਿਸ ਨੇ ਬੁੱਧਵਾਰ ਨੂੰ ਉਸ ਨੂੰ ਦਿੱਲੀ ਤੋਂ ਹੀ ਹਿਰਾਸਤ ਵਿੱਚ ਲਿਆ।

ਗੋਆ ਪੁਲਿਸ ਦਿੱਲੀ ਕ੍ਰਾਈਮ ਬ੍ਰਾਂਚ ਦਫ਼ਤਰ ਵਿੱਚ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ । ਉਸ ਨੂੰ ਅੱਜ ਸਾਕੇਤ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ । ਟ੍ਰਾਂਜ਼ਿਟ ਰਿਮਾਂਡ ਦੀ ਪ੍ਰਕਿਰਿਆ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਸੰਭਾਵਨਾ ਹੈ। ਕ੍ਰਾਈਮ ਬ੍ਰਾਂਚ ਦਫ਼ਤਰ ਜਾਂਦੇ ਸਮੇਂ ਮੁਲਜ਼ਮ ਨੇ ਮਾਸਕ ਟੋਪੀ ਅਤੇ ਹੂਡੀ ਜੈਕੇਟ ਨਾਲ ਆਪਣਾ ਚਿਹਰਾ ਲੁਕੋ ਕੇ ਰੱਖਿਆ ਹੋਇਆ ਸੀ। ਮੀਡੀਆ ਦੇ ਸਵਾਲਾਂ ’ਤੇ ਉਸ ਨੇ ਕਿਹਾ ਕਿ ਮੈਂ ਤਾਂ ਸਿਰਫ਼ ਇੱਕ ਬਿਜ਼ਨਸ ਪਾਰਟਨਰ ਹਾਂ। ਮੈਨੂੰ ਇਸ ਤੋਂ ਵੱਧ ਕੁਝ ਨਹੀਂ ਪਤਾ।
ਇਸ ਦੌਰਾਨ ਕਲੱਬ ਦੇ ਦੋ ਹੋਰ ਮਾਲਕ ਤੇ ਸਕੇ ਭਰਾ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਨੇ ਦਿੱਲੀ ਦੀ ਰੋਹਿਣੀ ਕੋਰਟ ਵਿੱਚ ਅਗਾਊਂ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਹੈ । ਦੋਵੇਂ ਭਰਾ ਅੱਗ ਲੱਗਣ ਦੇ ਕੁਝ ਘੰਟੇ ਬਾਅਦ ਹੀ 7 ਸੰਬਰ ਨੂੰ ਦਿੱਲੀ ਤੋਂ ਥਾਈਲੈਂਡ ਭੱਜ ਗਏ ਸਨ । ਇੰਟਰਪੋਲ ਨੇ ਦੋਵਾਂ ਭਰਾਵਾਂ ਖ਼ਿਲਾਫ਼ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਹੈ। ਨਾਈਟ ਕਲੱਬ ਦੇ ਇੱਕ ਹੋਰ ਮਾਲਕ ਸੁਰਿੰਦਰ ਕੁਮਾਰ ਖੋਸਲਾ ਖ਼ਿਲਾਫ਼ ਲੁੱਕ-ਆਉਟ ਸਰਕੁਲਰ ਜਾਰੀ ਕੀਤਾ ਗਿਆ ਹੈ ਅਤੇ ਉਹ ਇੱਕ ਬ੍ਰਿਟਿਸ਼ ਨਾਗਰਿਕ ਹੈ ।