ਉਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ 'ਚ ਇਕ 11 ਸਾਲਾ ਬੱਚੇ ਨੂੰ ਅਗਵਾ ਕਰਨ ਦੇ ਬਾਅਦ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਅਗਵਾ ਕਰਨ ਵਾਲਿਆਂ ਨੇ 24 ਘੰਟੇ ਦੇ ਅੰਦਰ ਬੱਚੇ ਦੇ ਮਾਤਾ-ਪਿਤਾ ਤੋਂ 10 ਲੱਖ ਦੀ ਫਿਰੌਤੀ ਮੰਗੀ ਸੀ। ਮੰਗ ਪੂਰੀ ਨਾ ਹੋਣ 'ਤੇ ਬਦਮਾਸ਼ਾਂ ਨੇ ਮਾਸੂਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਲਾਸ਼ ਬੋਰੇ 'ਚ ਪਾ ਕੇ ਸੁੱਟ ਦਿੱਤਾ। ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਲਾਪਰਵਾਹੀ ਨਾ ਕਰਦੀ ਤਾਂ ਉਨ੍ਹਾਂ ਦੇ ਬੇਟੇ ਨੂੰ ਬਚਾਇਆ ਜਾ ਸਕਦਾ ਸੀ।
ਪੂਰਾ ਮਾਮਲਾ ਬਾਰਾਦਰੀ ਇਲਾਕੇ ਦੇ ਮੋਹਨ ਤਾਲਾਬ ਦਾ ਹੈ। ਜਿੱਥੇ ਰਹਿਣ ਵਾਲੇ ਰਈਸ ਮਿਆਂ ਦਾ 11 ਸਾਲਾ ਬੇਟਾ ਅਯਾਨ ਐਤਵਾਰ ਦੁਪਹਿਰ ਨੂੰ ਅਚਾਨਕ ਗਾਇਬ ਹੋ ਗਿਆ। ਅਯਾਨ ਇਲਾਕੇ ਦੇ ਹੀ ਨਿਸ਼ਾਦ ਪਬਲਿਕ ਸਕੂਲ 'ਚ 5ਵੀਂ ਦਾ ਵਿਦਿਆਰਥੀ ਸੀ। ਪਰਿਵਾਰਕ ਮੈਬਰਾਂ ਦਾ ਦੋਸ਼ ਹੈ ਕਿ ਸ਼ਿਕਾਇਤ ਮਿਲਣ ਦੇ ਬਾਅਦ ਵੀ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਪਰਿਵਾਰਕ ਮੈਬਰਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਅਗਵਾ ਕਰਨ ਵਾਲਿਆਂ ਨੇ ਪੱਤਰ 'ਚ ਲਿਖਿਆ ਸੀ ਕਿ ਜੇਕਰ ਸੋਮਵਾਰ ਤੱਕ 10 ਲੱਖ ਦੀ ਫਿਰੌਤੀ ਨਹੀਂ ਦਿੱਤੀ ਤਾਂ ਬੱਚੇ ਨੂੰ ਮਾਰ ਕੇ ਸੁੱਟ ਦਵਾਂਗੇ। ਇੰਨਾ ਹੀ ਨਹੀਂ ਪੱਤਰ 'ਚ ਲਿਖਿਆ ਸੀ ਕਿ ਜੇਕਰ ਸੌਦਾ ਮਨਜ਼ੂਰ ਹੋਵੇ ਤਾਂ ਦਰਵਾਜ਼ੇ ਨਾਲ ਦੁੱਪਟਾ ਬੰਨ ਦੇਣਾ ਪਰ ਪੱਤਰ ਮਿਲਦੇ ਬਾਅਦ ਪੁਲਿਸ ਦੁੱਪਟਾ ਬੰਨ੍ਹ ਕੇ ਅਗਵਾ ਕਰਨ ਵਾਲੇ ਨੂੰ ਫੜਨਾ ਚਾਹੁੰਦੀ ਸੀ।
ਇਸ ਵਿਚਕਾਰ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਮੋੜ 'ਤੇ ਕਿਸੇ ਬੱਚੇ ਦੀ ਲਾਸ਼ ਪਈ ਹੈ। ਸੂਚਨਾ ਮਿਲਦੇ ਹੀ ਪੁਲਿਸ ਅਤੇ ਬੱਚੇ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪੁੱਜ ਅਤੇ ਲਾਸ਼ ਅਯਾਨ ਦੀ ਨਿਕਲੀ। ਅਯਾਨ ਦਾ ਕਤਲ ਗਲਾ ਦਬਾ ਕੇ ਕੀਤਾ ਗਿਆ ਸੀ ਅਤੇ ਉਸ ਦੀ ਲਾਸ਼ ਬੋਰੇ 'ਚ ਬੰਦ ਕਰਕੇ ਸੁੱਟ ਦਿੱਤੀ ਗਈ ਸੀ।
ਮਾਮਲੇ 'ਚ ਐਸ.ਪੀ ਸਿਟੀ ਰੋਹਿਤ ਸਿੰਘ ਸਾਜਵਾਨ ਦਾ ਕਹਿਣਾ ਹੈ ਕਿ ਬੱਚੇ ਦੀ ਲਾਸ਼ ਮਿਲੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਕਿਸੇ ਜਾਣ ਪਛਾਣ 'ਤੇ ਹੀ ਕਤਲ ਕਰਨ ਦਾ ਸ਼ੱਕ ਹੈ। ਪੁਲਿਸ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਮਾਮਲੇ ਦਾ ਖੁਲ੍ਹਾਸਾ ਕਰ ਦਿੱਤਾ ਜਾਵੇਗਾ।