ਭਾਜਪਾ ਗਠਜੋੜ ਲਈ ਤਿਆਰ, ਪੁਰਾਣੇ ਮਿੱਤਰਾਂ ਨਾਲ ਦੋਸਤੀ ਨਿਭਾਉਂਦੀ ਹੈ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਗਠਜੋੜ ਕਰਨ ਨੂੰ ਤਿਆਰ ਹੈ.......
ਚੇਨਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਗਠਜੋੜ ਕਰਨ ਨੂੰ ਤਿਆਰ ਹੈ ਅਤੇ ਉਹ ਅਪਣੇ ਪੁਰਾਣੇ ਮਿੱਤਰ ਨਾਲ ਦੋਸਤੀ ਨਿਭਾਉਂਦਿਆਂ ਚਲਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਗੱਲ ਦਾ ਸੰਕੇਤ ਦੇ ਦਿਤਾ ਕਿ ਭਾਜਪਾ ਲੋਕ ਸਭਾ ਚੋਣਾਂ 'ਚ ਤਾਮਿਲਨਾਡੂ 'ਚ ਐਨ.ਡੀ.ਏ. ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ। ਤਾਮਿਲਨਾਡੂ ਦੇ ਪੰਜ ਜ਼ਿਲ੍ਹਿਆਂ ਦੇ ਬੂਥ ਪੱਧਰੀ ਕਾਰਕੁਨਾਂ ਨਾਲ ਵੀਡੀਉ ਕਾਨਫ਼ਰੰਸਿੰਗ ਜ਼ਰੀਏ ਗੱਲਬਾਤ 'ਚ ਉਨ੍ਹਾਂ ਨੇ ਨੱਬੇ ਦੇ ਦਹਾਕੇ 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਲੋਂ ਸ਼ੁਰੂ ਕੀਤੀ ਗਈ
'ਸਫ਼ਲ ਗਠਜੋੜ ਸਿਆਸਤ' ਨੂੰ ਯਾਦ ਕੀਤਾ ਅਤੇ ਕਿਹਾ ਕਿ ਭਾਜਪਾ ਦੇ ਦਰਵਾਜ਼ੇ 'ਹਮੇਸ਼ਾ ਖੁੱਲ੍ਹੇ ਹਨ।'ਉਨ੍ਹਾਂ ਕਿਹਾ, ''ਵੀਹ ਸਾਲ ਪਹਿਲਾਂ ਦੂਰਦਰਸ਼ੀ ਆਗੂ ਅਟਲ ਜੀ ਭਾਰਤੀ ਸਿਆਸਤ 'ਚ ਨਵੇਂ ਸਭਿਆਚਾਰ ਲਿਆਏ ਸਨ ਜੋ ਕਿ ਸਫ਼ਲ ਗਠਜੋੜ ਸਿਆਸਤ ਦਾ ਸਭਿਆਚਾਰ ਸੀ। ਉਨ੍ਹਾਂ ਇਲਾਕਾਈ ਉਮੀਦਾਂ ਨੂੰ ਸੱਭ ਤੋਂ ਜ਼ਿਆਦਾ ਮਹੱਤਵ ਦਿਤਾ। ਅਟਲ ਜੀ ਨੇ ਰਾਹ ਸਾਨੂੰ ਵਿਖਾਇਆ ਸੀ, ਭਾਜਪਾ ਉਸੇ 'ਤੇ ਚਲ ਰਹੀ ਹੈ।''ਮੋਦੀ ਇਕ ਕਾਰਕੁਨ ਦੇ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਭਾਜਪਾ ਅੰਨਾ ਡੀ.ਐਮ.ਕੇ., ਡੀ.ਐਮ.ਕੇ. ਜਾਂ ਰਜਨੀਕਾਂਤ ਨਾਲ ਗਠਜੋੜ ਕਰੇਗੀ?
ਰਜਨੀਕਾਂਤ ਨੇ ਅਜੇ ਤਕ ਅਪਣੀ ਪਾਰਟੀ ਨਹੀਂ ਬਣਾਈ ਹੈ। ਭਾਜਪਾ ਨੇ 2014 'ਚ ਲੋਕ ਸਭਾ ਚੋਣਾਂ 'ਚ ਤਾਮਿਨਾਡੂ 'ਚ ਪੀ.ਐਮ.ਕੇ., ਐਮ.ਡੀ.ਐਮ.ਕੇ. ਸਮੇਤ ਛੋਟੀਆਂ ਇਲਾਕਾਈ ਪਾਰਟੀਆਂ ਨਾਲ ਗਠਜੋੜ ਕੀਤਾ ਸੀ ਅਤ 39 'ਚੋਂ ਦੋ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਜਿਸ ਵਿਚੋਂ ਇਕ ਭਾਜਪਾ ਅਤੇ ਦੂਜੀ ਪੀ.ਐਮ.ਕੇ. ਨੂੰ ਮਿਲੀ ਸੀ। ਹਾਲਾਂਕਿ ਬਾਅਦ 'ਚ ਸਾਰੀਆਂ ਪੰਜ ਪਾਰਟੀਆਂ ਨੇ ਭਾਜਪਾ ਤੋਂ ਰਿਸ਼ਤਾ ਤੋੜ ਲਿਆ ਸੀ। (ਪੀਟੀਆਈ)