ਜੇਐਨਯੂ ਹਿੰਸਾ 'ਤੇ ਪੁਲਿਸ ਨੇ ਜਾਰੀ ਕੀਤੀਆਂ ਸ਼ੱਕੀ ਤਸਵੀਰਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿੰਸਾ ਕਰਨ ਲਈ ਵਟਸਐਪ ਗਰੁਪ ਵੀ ਬਣਾਏ ਗਏ : ਪੁਲਿਸ

Photo

ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਵਾਪਰੀ ਹਿੰਸਕ ਘਟਨਾ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਸ਼ੱਕੀਆਂ ਦੀ ਤਸਵੀਰ ਜਾਰੀ ਕੀਤੀ ਹੈ। ਤਸਵੀਰ ਵਿਚ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਦੀ ਪ੍ਰਧਾਨ ਆਇਸ਼ੀ ਘੋਸ਼ ਸਮੇਤ ਨੌਂ ਜਣੇ ਵਿਖਾਈ ਦੇ ਰਹੇ ਹਨ। ਪੁਲਿਸ ਨੇ ਦਾਅਵਾ ਕੀਤਾ ਕਿ ਆਇਸ਼ੀ ਘੋਸ਼ ਸ਼ੱਕੀਆਂ ਵਿਚੋਂ ਇਕ ਹੈ। ਪੁਲਿਸ ਮੁਤਾਬਕ ਨੌਂ ਵਿਚੋਂ ਸੱਤ ਖੱਬੇਪੱਖੀ ਜਥੇਬੰਦੀਆਂ ਨਾਲ ਜੁੜੇ ਹਨ ਜਦਕਿ ਦੋ ਦਖਣੀਪੰਥੀ ਵਿਦਿਆਰਥੀ ਜਥੇਬੰਦੀਆਂ ਨਾਲ ਜੁੜੇ ਹਨ।

 ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਨੇ ਪੱਤਰਕਾਰ ਸੰਮੇਲਨ ਵਿਚ ਦਸਿਆ ਕਿ ਜਿਹੜੇ ਸ਼ੱਕੀਆਂ ਦੀ ਪਛਾਣ ਹੋਈ ਹੈ, ਉਨ੍ਹਾਂ ਵਿਚ ਚੁਨਚੁਨ ਕੁਮਾਰ, ਪੰਕਜ ਮਿਸ਼ਰਾ, ਯੋਗੇਂਦਰ ਭਾਰਦਵਾਜ, ਪ੍ਰਿਯਾ ਰੰਜਨ, ਸ਼ਿਵ ਪੂਜਨ ਮੰਡਲ, ਡੋਲਨ, ਆਇਸ਼ੀ ਘੋਸ਼ ਹਨ। ਡੀਸੀਪੀ ਜੌਏ ਟਿਕੀ ਨੇ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਵੀ ਸ਼ੱਕੀ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ ਪਰ ਛੇਤੀ ਹੀ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹਿੰਸਾ ਸਬੰਧੀ ਤਿੰਨ ਕੇਸ ਦਰਜ ਕੀਤੇ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।

ਉਧਰ, ਤਸਵੀਰ ਜਾਰੀ ਹੋਣ ਮਗਰੋਂ ਆਇਸ਼ੀ ਘੋਸ਼ ਨੇ ਕਿਹਾ ਕਿ ਉਸ ਨੂੰ ਕਾਨੂੰਨ ਵਿਵਸਥਾ 'ਤੇ ਭਰੋਸਾ ਹੈ ਅਤੇ ਜਾਂਚ ਨਿਰਪੱਖ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇਗਾ। ਉਨ੍ਹਾਂ ਕਿਹਾ, 'ਦਿੱਲੀ ਪੁਲਿਸ ਪੱਖਪਾਤ ਕਿਉਂ ਕਰ ਰਹੀ ਹੈ। ਮੇਰੀ ਸ਼ਿਕਾਇਤ ਐਫਆਈਆਰ ਵਜੋਂ ਦਰਜ ਨਹੀਂ ਕੀਤੀ ਗਈ। ਮੈ ਕੋਈ ਕੁੱਟਮਾਰ ਨਹੀਂ ਕੀਤੀ'। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਆਪਣੀ ਜਾਂਚ ਕਰ ਸਕਦੀ ਹੈ। ਉਸ ਕੋਲ ਵਿਖਾਉਣ ਲਈ ਸਬੂਤ ਵੀ ਹਨ ਕਿ ਉਸ 'ਤੇ ਕਿਵੇਂ ਹਮਲਾ ਕੀਤਾ ਗਿਆ।

ਡੀਸੀਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਬਾਰੇ ਕਈ ਕਿਸਮ ਦੀ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਇਕ ਜਨਵਰੀ ਤੋਂ ਲੈ ਕੇ ਪੰਜ ਜਨਵਰੀ ਤਕ ਰਜਿਸ਼ਟਰੇਸ਼ਨ ਹੋਣੀ ਸੀ ਹਾਲਾਂਕਿ ਐਸਐਫਆਈ, ਏਆਈਐਸਏ, ਏਆਈਐਸਐਫ ਅਤੇ ਡੀਐਸਐਫ਼ ਵਿਦਿਆਰਥੀ ਜਥੇਬੰਦੀਆ ਨੇ ਵਿਦਿਆਰਥੀਆਂ ਨੂੰ ਰਜਿਸ਼ਟੇਰਸ਼ਨ ਕਰਨ ਤੋਂ ਰੋਕਿਆ, ਰਜਿਸ਼ਟਰੇਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਧਮਕਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਵਿਵਾਦ ਲਗਾਤਾਰ ਵਧਦਾ ਗਿਆ ਅਤੇ ਪੰਜ ਜਨਵਰੀ ਨੂੰ ਪੇਰੀਯਾਰ ਅਤੇ ਸਾਬਰਮਤੀ ਹੋਸਟਲ ਦੇ ਕੁੱਝ ਕਮਰਿਆਂ ਵਿਚ ਹਮਲਾ ਕੀਤਾ ਗਿਆ ਉਨ੍ਹਾਂ ਕਿਹਾ ਕਿ ਹਿੰਸਾ ਕਰਨ ਲਈ ਵਟਸਐਪ ਗਰੁਪ ਵੀ ਬਣਾਏ ਗਏ ਸਨ।