ਦੀਪਿਕਾ ਦੇ ਹੱਕ ਵਿਚ ਆਏ ਸਾਬਕਾ RBI ਗਵਰਨਰ, ਪੜ੍ਹੋ ਕੀ ਕਿਹਾ?

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫਿਲਮ ਛਪਾਕ ਵਿਰੋਧ ਅਤੇ ਵਿਵਾਦਾਂ ਦੇ ਵਿਚ ਰੀਲੀਜ਼ ਹੋ ਗਈ ਹੈ।

File Photo

ਨਵੀਂ ਦਿੱਲੀ: ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫਿਲਮ ਛਪਾਕ ਵਿਰੋਧ ਅਤੇ ਵਿਵਾਦਾਂ ਦੇ ਵਿਚ ਰੀਲੀਜ਼ ਹੋ ਗਈ ਹੈ। ਉੱਥੇ ਹੀ ਦੀਪਿਕਾ ਦੇ ਸਮਰਥਨ ਵਿਚ ਲੋਕਾਂ ਦੇ ਬਿਆਨ ਲਗਾਤਾਰ ਜਾਰੀ ਹਨ। ਹੁਣ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਦੀਪਿਕਾ ਪਾਦੂਕੋਣ ਦੇ ਹੱਕ ਵਿਚ ਬਿਆਨ ਦਿੱਤਾ ਹੈ।

ਆਰਬੀਆਈ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਕਿਹਾ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਹੋਈ ਹਿੰਸਾ ਖਿਲਾਫ ਅਦਾਕਾਰਾ ਦਾ ਖੜ੍ਹਾ ਹੋਣਾ ਇਹ ਦਿਖਾਉਂਦਾ ਹੈ ਕਿ ਕੁਝ ਲੋਕਾਂ ਲਈ ਸੱਚਾਈ, ਸੁਤੰਤਰਤਾ ਅਤੇ ਇਨਸਾਫ ਸਿਰਫ ਸ਼ਬਦ ਹੀ ਨਹੀਂ ਬਲਕਿ ਅਜਿਹੇ ਆਦਰਸ਼ ਹਨ ਜਿਨ੍ਹਾਂ ਲਈ ਬਲੀਦਾਨ ਦਿੱਤਾ ਜਾ ਸਕਦਾ ਹੈ।

ਇਕ ਬਲਾਗ ਵਿਚ ਸਾਬਕਾ ਗਵਰਨਰ ਨੇ ਕਿਹਾ ਕਿ, ‘ਦੇਸ਼ ਦੀਆਂ ਮਸ਼ਹੂਰ ਯੂਨੀਵਰਸਿਟੀਆਂ ਵਿਚੋਂ ਇਕ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਨਕਾਬਪੋਸ਼ ਹਮਲਾਵਰਾਂ ਵੱਲੋਂ ਹਮਲੇ ਅਤੇ ਭੰਨਤੋੜ, ਵਿਦਿਆਰਥੀਆਂ ਅਤੇ ਅਧਿਆਪਕਾਂ ‘ਤੇ ਹਮਲੇ ਦੀ ਖ਼ਬਰ ਅਤੇ ਪੁਲਿਸ ਵੱਲੋਂ ਉਹਨਾਂ ਨੂੰ ਨਾ ਰੋਕਿਆ ਜਾਣਾ, ਚਿੰਤਾਜਨਕ ਹੈ’।

ਜੇਐਨਯੂ ਹਮਲੇ ਤੋਂ ਬਾਅਦ ਵਿਦਿਆਰਥੀਆਂ ਦੇ ਸਮਰਥਨ ਵਿਚ ਆਉਣ ‘ਤੇ ਦੀਪਿਕਾ ਦਾ ਨਾਂਅ ਲ਼ਏ ਬਗੈਰ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਕਿਹਾ ਕਿ, ‘ਅਪਣੀ ਨਵੀਂ ਫਿਲਮ ਛਪਾਕ ਨੂੰ ਖਤਰੇ ਵਿਚ ਪਾ ਕੇ ਅਦਾਕਾਰਾ ਨੇ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕੀਤਾ ਕਿ ਅਸੀਂ ਇਹ ਦੇਖੀਏ ਕਿ ਅਸਲ ਵੀ ਦਾਅ ‘ਤੇ ਕੀ ਲੱਗਿਆ ਹੈ’।

ਜ਼ਿਕਰਯੋਗ ਹੈ ਕਿ ਪੰਜ ਜਨਵਰੀ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਹੋਈ ਹਿੰਸਾ ਤੋਂ ਬਾਅਦ ਅਦਾਕਾਰਾ ਦੀਪਿਕਾ ਪਾਦੂਕੋਣ ਮੰਗਲਵਾਰ ਨੂੰ ਵਿਦਿਆਰਥੀਆਂ ਨੂੰ ਮਿਲਣ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਪਹੁੰਚੀ ਸੀ। ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦੀ ਫਿਲਮ ਦਾ ਵਿਰੋਧ ਹੋ ਰਿਹਾ ਹੈ। ਹਾਲਾਂਕਿ ਫਿਲਮ ਛਪਾਕ ਕੱਲ ਪਰਦੇ ‘ਤੇ ਰੀਲੀਜ਼ ਹੋ ਗਈ ਹੈ।