ਟਰੈਕਟਰ ਰੈਲੀ ਕਰਕੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਮੁੱਖ ਮਕਸਦ 26 ਜਨਵਰੀ ਲਈ ਜਾਗਰੂਕ ਕਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਰੈਲੀ ਦਾ ਮੁੱਖ ਮਕਸਦ ਉਨ੍ਹਾਂ ਕਿਸਾਨਾਂ ਨੂੰ 26 ਜਨਵਰੀ 'ਤੇ ਦਿੱਲੀ ਪਹੁੰਚਣ ਲਈ ਜਾਗਰੂਕ ਕਰਨਾ ਦੱਸਿਆ।

farmer

ਨਸਰਾਲਾ- ਕਿਸਾਨ ਦਿੱਲੀ ਦੀਆ ਹੱਦਾਂ ਕਾਫੀ ਲੰਬੇ ਸਮੇਂ ਤੋਂ ਡਟੇ ਹੋਏ ਹਨ।  ਹੁਣ 26 ਜਨਵਰੀ ਨੂੰ ਕਿਸਾਨ ਦਿੱਲੀ 'ਚ ਟਰੈਕਟਰਾਂ ਦੀ ਪਰੇਡ ਕਰਨ ਜਾ ਰਹੇ ਹਨ। ਇਸ ਵਿਚਾਲੇ ਅੱਜ  ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਖੰਗੂੜਾ ਦੀ ਪ੍ਰਧਾਨਗੀ ਹੇਠ ਕੇਂਦਰ ਸਰਕਾਰ ਦੇ ਖੇਤੀ ਸਬੰਧੀ ਬਣਾਏ ਕਾਨੂੰਨਾਂ ਵਿਰੁੱਧ ਟਰੈਕਟਰ ਰੋਸ ਰੈਲੀ ਕੀਤੀ ਗਈ। ਦੱਸ  ਦੇਈਏ ਇਹ ਰੈਲੀ ਸ਼ਾਮਚੁਰਾਸੀ ਤੋਂ ਸ਼ੁਰੂ ਹੋ ਕੇ ਵਾਇਆ ਕਠਾਰ, ਨਸਰਾਲਾ, ਹੁਸ਼ਿਆਰਪੁਰ ਅਤੇ ਬੁੱਲ੍ਹੋਵਾਲ ਤੋਂ ਹੁੰਦੀ ਹੋਈ ਵਾਪਸ ਜਾਵੇਗੀ। ਇਸ ਰੈਲੀ ਦਾ ਮੁੱਖ ਮਕਸਦ ਉਨ੍ਹਾਂ ਕਿਸਾਨਾਂ ਨੂੰ 26 ਜਨਵਰੀ 'ਤੇ ਦਿੱਲੀ ਪਹੁੰਚਣ ਲਈ ਜਾਗਰੂਕ ਕਰਨਾ ਦੱਸਿਆ।

ਇਹ ਕਿਸਾਨ ਹਨ ਸ਼ਾਮਿਲ 
ਇਸ ਮੌਕੇ ਵੱਡੀ ਗਿਣਤੀ 'ਚ ਟਰੈਕਟਰਾਂ ਦੇ ਇਕੱਤਰ ਹੋਏ ਕਿਸਾਨ ਹਿਰਦੇਪਾਲ ਸਿੰਘ ਲਿੱਧੜ, ਗੁਰਨਾਮ ਸਿੰਘ ਸਿੰਗੜੀਵਾਲਾ, ਬਲਾਕ 1 ਦੇ ਪ੍ਰਧਾਨ ਭੁਪਿੰਦਰਪਾਲ ਸਿੰਘ ਲਾਲੀ ਧਾਮੀ, ਇੰਦਰਪ੍ਰੀਤ ਸਿੰਘ ਸਾਰੋਬਾਦ, ਹਰਭਜਨ ਸਿੰਘ ਕਡਿਆਣਾਂ, ਨਿਰਮਲ ਸਿੰਘ ਤਾਰਾਗੜ੍ਹ ਆਦਿ ਸ਼ਾਮਿਲ ਹਨ। 

ਕਿਸਾਨਾਂ ਵਲੋਂ ਨਸਰਾਲਾ ਪੈਟਰੋਲ ਪੰਪ 'ਤੇ ਜੰਮ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਖੇਤੀਬਾੜੀ ਸਬੰਧੀ ਬਣਾਏ ਕਾਨੂੰਨ ਧੱਕੇ ਨਾਲ ਕਿਸਾਨਾਂ ਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।