Ahmedabad Viral Video: ਬੈਂਚ ’ਤੇ ਬੈਠਦੇ ਹੀ 8 ਸਾਲਾ ਬੱਚੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਸੀਸੀਟੀਵੀ ’ਚ ਕੈਦ ਹੋਈ ਵੀਡੀਉ
Ahmedabad Viral Video: ਅਹਿਮਦਾਬਾਦ ਦੇ ਸਕੂਲ ਦਾ ਹੈਰਾਨ ਕਰਨ ਵਾਲਾ ਵੀਡੀਉ ਸੋਸ਼ਲ ਮੀਡੀਆ ’ਤੇ ਹੋਇਆ ਵਾਇਰਲ
Ahmedabad Viral Video: ਪਿਛਲੇ ਕੁਝ ਦਿਨਾਂ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਛੋਟੇ ਬੱਚਿਆਂ ਦੀ ਅਚਾਨਕ ਮੌਤ ਹੋ ਚੁਕੀ ਹੈ। ਹੁਣ ਗੁਜਰਾਤ ਦਾ ਇਕ ਹੈਰਾਨ ਕਰਨ ਵਾਲਾ ਸੀਸੀਟੀਵੀ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਅਹਿਮਦਾਬਾਦ ’ਚ ਸਕੂਲ ਜਾਣ ਵਾਲੀ ਇਕ ਲੜਕੀ ਬੈਂਚ ’ਤੇ ਬੈਠਣ ਦੌਰਾਨ ਹੇਠਾਂ ਡਿੱਗ ਗਈ ਅਤੇ ਫਿਰ ਉਸ ਦੀ ਮੌਤ ਹੋ ਗਈ।
ਇਹ ਹੈਰਾਨ ਕਰਨ ਵਾਲੀ ਘਟਨਾ ਅਹਿਮਦਾਬਾਦ ਦੇ ਥਲਤੇਜ ਇਲਾਕੇ ’ਚ ਸਥਿਤ ਜਾਬਰ ਸਕੂਲ ਫਾਰ ਚਿਲਡਰਨ ’ਚ ਵਾਪਰੀ। ਜਾਣਕਾਰੀ ਮੁਤਾਬਕ ਲੜਕੀ ਤੀਜੀ ਜਮਾਤ ’ਚ ਪੜ੍ਹਦੀ ਸੀ। ਵਿਦਿਆਰਥਣ, ਜਿਸ ਦੀ ਪਛਾਣ 8 ਸਾਲਾ ਗਾਰਗੀ ਰਾਨਪਾਰਾ ਵਜੋਂ ਹੋਈ ਹੈ, ਸਵੇਰੇ ਕਰੀਬ 7.30 ਵਜੇ ਆਟੋ-ਰਿਕਸ਼ਾ ਰਾਹੀਂ ਸਕੂਲ ਪਹੁੰਚੀ ਸੀ। ਸਕੂਲ ਦੀਆਂ ਪੌੜੀਆਂ ਚੜ੍ਹਨ ਤੋਂ ਬਾਅਦ, ਉਹ ਗਲਿਆਰੇ ਵਿਚ ਇਕ ਬੈਂਚ ’ਤੇ ਬੈਠ ਗਈ ਜਿਸ ਦੌਰਾਨ ਉਸ ਨੂੰ ਦਿਲ ਤਾ ਦੌਰਾ ਪੈ ਗਿਆ ਅਤੇ ਫਿਰ ਉਹ ਹੇਠਾਂ ਡਿੱਗ ਗਈ।
ਸਾਹਮਣੇ ਆਈ ਵੀਡੀਉ ’ਚ ਦੇਖਿਆ ਜਾ ਰਿਹਾ ਹੈ ਕਿ ਜਿੱਥੇ ਬੱਚੀ ਬੈਂਚ ’ਤੇ ਬੈਠੀ ਹੈ, ਉਥੇ ਸਕੂਲ ਦੇ ਕਈ ਸਟਾਫ਼ ਵੀ ਖੜਾ ਹੈ। ਸਕੂਲ ਸਟਾਫ਼ ਆਪਸ ਵਿਚ ਗੱਲਾਂ ਕਰ ਰਿਹਾ ਹੈ ਅਤੇ ਕਈ ਵਿਦਿਆਰਥੀ ਉਥੋਂ ਜਾ ਰਹੇ ਹਨ। ਸਟਾਫ਼ ਨੇ ਲੜਕੀ ਵਲ ਧਿਆਨ ਨਹੀਂ ਦਿਤਾ ਅਤੇ ਹੋਰ ਵਿਦਿਆਰਥੀਆਂ ਨੇ ਲੜਕੀ ਨੂੰ ਨਜ਼ਰਅੰਦਾਜ਼ ਕੀਤਾ। ਜਦੋਂ ਲੜਕੀ ਬੈਂਚ ਤੋਂ ਹੇਠਾਂ ਡਿੱਗੀ ਤਾਂ ਸਟਾਫ਼ ਮੈਂਬਰ ਨੇ ਉਸ ਨੂੰ ਦੇਖਿਆ।
ਦਸਿਆ ਗਿਆ ਕਿ ਇਸ ਤੋਂ ਬਾਅਦ ਲੜਕੀ ਨੂੰ ਸੀ.ਪੀ.ਆਰ ਵੀ ਦਿਤਾ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਸਕੂਲ ਵਲੋਂ ਬੱਚੀ ਨੂੰ ਤੁਰਤ ਨੇੜੇ ਦੇ ਨਿਜੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਅਤੇ ਮੁੱਢਲੀਆਂ ਰਿਪੋਰਟਾਂ ਮੁਤਾਬਕ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਹੈ ਕਿ ਬੱਚੇ ਨੂੰ ਕੋਈ ਬਿਮਾਰੀ ਨਹੀਂ ਸੀ। ਸਕੂਲ ਮੁਤਾਬਕ ਸਾਰੇ ਵਿਦਿਆਰਥੀਆਂ ਦੀ ਮੈਡੀਕਲ ਹਿਸ਼ਟਰੀ ਇਕੱਠੀ ਕੀਤੀ ਜਾਂਦੀ ਹੈ। ਸਕੂਲ ਪ੍ਰਸ਼ਾਸਨ ਨੇ ਇਸ ਪੂਰੀ ਘਟਨਾ ਨੂੰ ਬੇਹੱਦ ਦੁਖਦ ਦੱਸਿਆ ਹੈ।