ਦਿੱਲੀ ਪੁਲਿਸ ਨੇ ਭਾਜਪਾ ਵਿਰੁਧ ਪ੍ਰਦਰਸ਼ਨ ਕਰ ਰਹੇ ‘ਆਪ’ ਆਗੂਆਂ ਨੂੰ ਹਿਰਾਸਤ ਵਿਚ ਲਿਆ
ਮੁੱਖ ਮੰਤਰੀ ਰੇਖਾ ਗੁਪਤਾ ਤੋਂ ਮੁਆਫੀ ਮੰਗਣ ਦੀ ਮੰਗ ਕਰਦਿਆਂ ਭਾਜਪਾ ਹੈੱਡਕੁਆਰਟਰ ਨੇੜੇ ‘ਆਪ’ ਆਗੂਆਂ ਨੇ ਪ੍ਰਦਰਸ਼ਨ ਕੀਤਾ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਵਿਰੁਧ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ (ਆਪ) ਦੇ ਦਿੱਲੀ ਇਕਾਈ ਦੇ ਪ੍ਰਧਾਨ ਸੌਰਭ ਭਾਰਦਵਾਜ ਸਮੇਤ ਕਈ ਨੇਤਾਵਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ’ਚ ਲੈ ਲਿਆ। ਪ੍ਰਦਰਸ਼ਨਕਾਰੀ ‘ਆਪ’ ਆਗੂਆਂ ਨੇ ਸੱਤਾਧਾਰੀ ਪਾਰਟੀ ਉਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੀ ‘ਛੇੜਛਾੜ ਵਾਲੀ’ ਵੀਡੀਉ ਫੈਲਾਉਣ ਦਾ ਦੋਸ਼ ਲਾਇਆ।
ਆਮ ਆਦਮੀ ਪਾਰਟੀ (ਆਪ) ਨੇਤਾਵਾਂ ਨੇ ਮੁੱਖ ਮੰਤਰੀ ਰੇਖਾ ਗੁਪਤਾ ਤੋਂ ਮੁਆਫੀ ਮੰਗਣ ਦੀ ਮੰਗ ਕਰਦਿਆਂ ਭਾਜਪਾ ਹੈੱਡਕੁਆਰਟਰ ਨੇੜੇ ਪ੍ਰਦਰਸ਼ਨ ਕੀਤਾ। ਆਪ ਵਿਧਾਇਕ ਸੰਜੀਵ ਝਾ ਨੇ ਕਿਹਾ, ‘‘ਭਾਜਪਾ ਨੂੰ ਗੁਰੂ ਤੇਗ ਬਹਾਦਰ ਜੀ ਦੇ ਸਬੰਧ ’ਚ ਫਰਜ਼ੀ ਵੀਡੀਉ ਬਣਾਉਣ ਲਈ ਮੁਆਫੀ ਮੰਗਣੀ ਚਾਹੀਦੀ ਹੈ। ਭਾਜਪਾ ਨੇ ਦਿੱਲੀ ਦੇ ਅਸਲ ਮੁੱਦਿਆਂ ਤੋਂ ਭੱਜਣ ਲਈ ਇਹ ਫਰਜ਼ੀ ਵੀਡੀਉ ਬਣਾਈ ਹੈ। ਲੋਕ ਗੁਰੂ ਦੀ ਇਸ ਬੇਇੱਜ਼ਤੀ ਨੂੰ ਮੁਆਫ ਨਹੀਂ ਕਰਨਗੇ। ਭਾਜਪਾ ਦੇ ਸਾਰੇ ਨੇਤਾਵਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ।’’
ਕਾਨੂੰਨ ਮੰਤਰੀ ਕਪਿਲ ਮਿਸ਼ਰਾ ਸਮੇਤ ਦਿੱਲੀ ਭਾਜਪਾ ਨੇਤਾਵਾਂ ਨੇ ਇਸ ਕਲਿੱਪ ਦੀ ਵਰਤੋਂ ਕਰਦਿਆਂ ਦੋਸ਼ ਲਾਇਆ ਸੀ ਕਿ ਆਤਿਸ਼ੀ ਨੇ ਵਿਧਾਨ ਸਭਾ ਵਿਚ ਬਹਿਸ ਦੌਰਾਨ ਗੁਰੂ ਤੇਗ ਬਹਾਦਰ ਦਾ ਅਪਮਾਨ ਕੀਤਾ ਸੀ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ‘ਆਪ’ ਨੂੰ ਗੁਰੂ ਦੇ ਵਿਰੁਧ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਲਈ ਮੁਆਫੀ ਮੰਗਣੀ ਪਵੇਗੀ।
ਸਚਦੇਵਾ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਸਾਡੇ ਗੁਰੂਆਂ ਬਾਰੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਜਦੋਂ ਭਾਜਪਾ ਨੇਤਾਵਾਂ ਨੇ ਇਹ ਮੁੱਦਾ ਉਠਾਇਆ ਤਾਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਪੁਲਿਸ ਵਲੋਂ ਕਪਿਲ ਮਿਸ਼ਰਾ ਵਿਰੁਧ ਐਫ.ਆਈ.ਆਰ. ਦਰਜ ਕਰਵਾਈ, ਜਿਸ ਨੂੰ ਕਰਨ ਦਾ ਪੰਜਾਬ ਪੁਲਿਸ ਕੋਲ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ, ‘‘ਕੇਜਰੀਵਾਲ, ਆਤਿਸ਼ੀ ਅਤੇ ਉਨ੍ਹਾਂ ਦੇ ਪੂਰੇ ‘ਗਿਰੋਹ’ ਨੂੰ ਸਾਡੇ ਗੁਰੂਆਂ ਬਾਰੇ ਅਪਮਾਨਜਨਕ ਸ਼ਬਦਾਂ ਲਈ ਮੁਆਫੀ ਮੰਗਣੀ ਪਵੇਗੀ।’’
ਆਤਿਸ਼ੀ ਨੇ ਭਾਜਪਾ ਉਤੇ ਦੋਸ਼ ਲਾਇਆ ਸੀ ਕਿ ਉਹ ਨੌਵੇਂ ਸਿੱਖ ਗੁਰੂ ਦਾ ਨਾਂ ਵਿਵਾਦ ਵਿਚ ਘੜੀਸ ਕੇ ਹੋਛੀ ਹੀ ਸਿਆਸਤ ਕਰ ਰਹੀ ਹੈ। ‘ਐਕਸ’ ਉਤੇ ਇਕ ਵੀਡੀਉ ਪੋਸਟ ’ਚ ਆਤਿਸ਼ੀ ਨੇ ਦਾਅਵਾ ਕੀਤਾ ਸੀ ਕਿ ਉਹ ਭਾਜਪਾ ਦੇ ਪ੍ਰਦੂਸ਼ਣ ਉਤੇ ਚਰਚਾ ਤੋਂ ਭੱਜਣ ਅਤੇ ਅਵਾਰਾ ਕੁੱਤਿਆਂ ਦੇ ਮੁੱਦੇ ਉਤੇ ਵਿਧਾਨ ਸਭਾ ’ਚ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਗੱਲ ਕਰ ਰਹੇ ਸਨ, ਪਰ ਭਾਜਪਾ ਨੇ ਜਾਣਬੁਝ ਕੇ ਝੂਠਾ ‘ਸਬਟਾਈਟਲ’ ਜੋੜਿਆ ਅਤੇ ਇਸ ਵਿਚ ਗੁਰੂ ਤੇਗ ਬਹਾਦਰ ਜੀ ਦਾ ਨਾਂ ਪਾ ਦਿਤਾ।
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਇਕ ਅਜਿਹੇ ਪਰਵਾਰ ਨਾਲ ਸਬੰਧ ਰਖਦੀ ਹੈ, ਜਿਸ ਵਿਚ ਪੀੜ੍ਹੀਆਂ ਤੋਂ ਵੱਡੇ ਪੁੱਤਰ ਨੇ ਸਿੱਖ ਧਰਮ ਅਪਣਾਇਆ ਹੈ। ਆਤਿਸ਼ੀ ਨੇ ਕਿਹਾ ਸੀ ਕਿ ਉਹ ਗੁਰੂ ਸਾਹਿਬ ਦਾ ਅਪਮਾਨ ਕਰਨ ਦੀ ਬਜਾਏ ਮਰਨਾ ਪਸੰਦ ਕਰਨਗੇ।
ਜਲੰਧਰ ਪੁਲਿਸ ਕਮਿਸ਼ਨਰੇਟ ਨੇ ਸ਼ੁਕਰਵਾਰ ਨੂੰ ਦਿੱਲੀ ਵਿਧਾਨ ਸਭਾ ’ਚ ਆਤਿਸ਼ੀ ਦੇ ‘ਸੰਪਾਦਿਤ’ ਅਤੇ ‘ਛੇੜਛਾੜ’ ਵਾਲੇ ਵੀਡੀਉ ਨੂੰ ਅਪਲੋਡ ਕਰਨ ਅਤੇ ਪ੍ਰਸਾਰਿਤ ਕਰਨ ਦੇ ਮਾਮਲੇ ’ਚ ਐਫ.ਆਈ.ਆਰ. ਦਰਜ ਕੀਤੀ ਸੀ।