ਮੋਦੀ ਦੀ ਅਗਵਾਈ 'ਬੇਜੋੜ', ਉਹ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ: ਮੌਰਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਨਰਿੰਦਰ ਮੋਦੀ ਹੀ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ ਕਿਉਂਕਿ.....

Keshav Prasad Maurya

ਕੋਲਕਾਤਾ : ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਨਰਿੰਦਰ ਮੋਦੀ ਹੀ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ ਕਿਉਂਕਿ ਉਨ੍ਹਾਂ ਦੀ ਅਗਵਾਈ ਦੇ ਗੁਣ ''ਬੇਜੋੜ'' ਹਨ। ਮੌਰਿਆ ਨੇ ਕਿਹਾ ਕਿ ਮੋਦੀ ਹੀ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ, ਭਾਂਵੇ ਸੱਤਾਧਾਰੀ ਐਨਡੀਏ ਲੋਕ ਸਭਾ ਚੋਣਾਂ ਵਿਚ ਬਹੁਮਤ ਤੋਂ ਕੁਝ ਦੂਰ ਰਹਿ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ 2014 ਚੋਣਾਂ ਮੁਕਾਬਲੇ ਇਸ ਵਾਰ ਅਪਣਾ ਪ੍ਰਦਰਸ਼ਨ ਸੁਧਾਰੇਗੀ ਅਤੇ ਪਾਰਟੀ 300 ਸੀਟਾਂ ਦੇ ਅੰਕੜੇ ਨੂੰ ਪਾਰ ਕਰੇਗੀ।

ਉਨ੍ਹਾਂ ਦਾਅਵਾ ਕੀਤਾ ਕਿ ਐਨਡੀਏ 400 ਤੋਂ ਜ਼ਿਅਦਾ ਸੀਟਾਂ 'ਤੇ ਜਿੱਤ ਹਾਸਲ ਕਰੇਗੀ। ਰਾਮ ਮੰਦਰ  ਮੁੱਦੇ 'ਤੇ ਮੌਰਿਆ ਨੇ ਕਿਹਾ ਕਿ ਕੇਂਦਰ ਮੰਦਰ ਦੇ ਨਿਰਮਾਣ ਵਿਚ ਆਉਣ ਵਾਲੀਆਂ ਸਾਰੀਆਂ ''ਰੁਕਾਵਟਾਂ ਨੂੰ ਦੂਰ'' ਕਰ ਦੇਵੇਗੀ। ਉਨ੍ਹਾਂ ਕਿਹਾ, ''ਭਾਜਪਾ ਨੂੰ ਬਹੁਮਤ ਨਹੀਂ ਮਿਲੇਗਾ ਇਹ ਇਕ ਕਲਪਣਾ ਹੈ। ਜੋ ਲੋਕ ਮਮਤਾ ਬੈਨਰਜੀ ਦੀ ਤਰ੍ਹਾਂ ਖ਼ੁਦ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਸਿਰਫ਼ ਇਕ ਸੁਫ਼ਨਾ ਦੇਖ ਸਕਦੇ ਹਨ ਕਿ ਮੋਦੀ ਨੂੰ ਬਹੁਮਤ ਨਹੀਂ ਮਿਲੇਗਾ। ਰਾਮ ਜਨਮਭੂਮੀ-ਬਾਬਰੀ ਮਸਜਿਦ ਸਬੰਧੀ ਉਨ੍ਹਾਂ ਕਿਹਾ, ''ਸਾਨੂੰ ਉਮੀਦ ਹੈ ਕਿ ਫ਼ੈਸਲਾ ਸਾਡੇ ਹੱਕ ਵਿਚ ਆਏਗਾ।

ਪਰ ਜੇਕਰ ਫ਼ੈਸਲਾ ਸਾਡੇ ਪੱਖ ਵਿਚ ਨਹੀਂ ਆਉਂਦਾ ਤਾਂ ਇਸ ਮਗਰੋਂ ਕਈ ਹੋਰ ਕਾਨੂੰਨੀ ਢੰਗ ਹਨ ਪਰ ਰਾਮ ਮੰਦਰ ਉਥੇ ਹੀ ਬਣੇਗਾ।'' ਮੌਰਿਆ ਨੇ ਕਿਹਾ ਕਿ ਵਿਚਾਰਕ ਰੂਪ ਤੋਂ ਬੇਜੋੜ ਸਮਾਜਵਾਦੀ ਪਾਰਟੀ ਅਤੇ ਬਸਪਾ ਨੇ ਮੋਦੀ ਦੇ ''ਡਰ'' ਤੋਂ ਉੱਤਰ ਪ੍ਰਦੇਸ਼ ਵਿਚ ਗਠਬੰਧਨ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਉੱਤਰ ਪ੍ਰਦੇਸ ਦੀਆਂ ਸਾਰੀਆਂ 80 ਸੀਟਾਂ 'ਤੇ ਜਿੱਤ ਹਾਸਲ ਕਰਣਗੇ।  (ਪੀਟੀਆਈ)