ਮੋਦੀ ਦੇ ਆਂਧਰ ਪ੍ਰਦੇਸ਼ ਦੌਰੇ ਵਿਰੁਧ ਟੀ.ਡੀ.ਪੀ. ਦਾ ਵਿਰੋਧ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਪ੍ਰਦਰਸ਼ਨ ਕੀਤਾ.....

TDP against Modi's Andhra Pradesh visit

ਵਿਜੇਵਾੜਾ/ਗੁੰਟੂਰ: ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਪ੍ਰਦਰਸ਼ਨ ਕੀਤਾ। ਮੋਦੀ ਸੱਤਾਧਾਰੀ ਟੀਡੀਪੀ ਦੇ ਐਨਡੀਏ ਤੋਂ ਨਾਤਾ ਤੋੜਨ ਮਗਰੋਂ ਐਤਵਾਰ ਨੂੰ ਰਾਜ ਦੇ ਪਹਿਲੇ ਦੌਰੇ 'ਤੇ ਪਹੁੰਚੇ ਹਨ। ਚੰਦਰਬਾਬੂ ਨਾਇਡੂ ਦੀ ਅਗਵਾਈ ਵਾਲੀ ਪਾਰਟੀ ਵੰਡ ਮਗਰੋਂ ਆਂਧਰਾ ਪ੍ਰਦੇਸ਼ ਨਾਲ ਹੋਏ ਕਥਿਤ ''ਅਨਿਆ' ਦਾ ਵਿਰੋਧ ਕਰਦੇ ਹੋਏ ਭਾਜਪਾ ਦੀ ਅਗਵਾਈ ਵਾਲੇ ਗਠਬੰਧਨ ਤੋਂ ਅੱਲਗ ਹੋ ਗਈ ਸੀ। ਪ੍ਰੋਟੋਕਾਲ ਦਾ ਪਾਲਨ ਨਾ ਕਰਦਿਆਂ ਰਾਜ ਦਾ ਕੋਈ ਵੀ ਮੰਤਰੀ ਪ੍ਰਧਾਨ ਮੰਤਰੀ ਦੇ ਰਸਮੀ ਸਵਾਗਤ ਲਈ ਹਵਾਈ ਅੱਡੇ 'ਤੇ ਨਹੀਂ ਪਹੁੰਚਿਆ।

ਮੋਦੀ ਰਾਜ ਦੀ ਸਰਕਾਰੀ ਅਤੇ ਰਾਜਨੀਤਿਕ ਯਾਤਰਾ 'ਤੇ ਆਏ ਹਨ। ਭਾਜਪਾ ਨੇਤਾਵਾਂ ਨੇ ਦੋਸ਼ ਲਾਇਆ ਕਿ ਵੱਡੀ ਗਿਣਤੀ ਵਿਚ ਲੋਕਾਂ ਨੂੰ ਪ੍ਰੋਗਰਾਮ ਵਾਲੀ ਜਗ੍ਹਾ 'ਤੇ ਪਹੁੰਚਣ ਤੋਂ ''ਰੋਕਿਆ'' ਗਿਆ। ਉਨ੍ਹਾਂ ਕਿਹਾ ਕਿ ਜਦੋਂ ਮੋਦੀ ਅਪਣੀ ਰੈਲੀ ਸ਼ੁਰੂ ਕਰਣਗੇ ਤਾਂ ਨਾਇਡੂ ਲਈ ਪੁੱਠੀ ਗਿਣਤੀ ਸ਼ੁਰੂ ਹੋ ਜਾਏਗੀ। ਰਾਜ ਵਿਚ ਸੱਤਾਧਾਰੀ ਟੀਡੀਪੀ ਦੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਤੋਂ ਅੱਲਗ ਹੋਣ ਦੇ ਇਕ ਸਾਲ ਮਗਰੋਂ  ਇਹ ਮੋਦੀ ਦਾ ਆਂਧਰਾ ਪ੍ਰਦੇਸ਼ 'ਚ ਪਹਿਲਾ ਦੌਰਾ ਹੈ। 
ਸੱਤਾਧਾਰੀ ਪਾਰਟੀ ਨੇ ਮੋਦੀ ਦੇ ਦੌਰੇ ਵਿਰੁਧ ਐਤਵਾਰ ਨੂੰ ਕਈ ਸ਼ਹਿਰਾਂ ਅਤੇ ਨਗਰਾਂ ਵਿਚ ਪ੍ਰਦਰਸ਼ਨ ਕੀਤਾ।

ਵਿਜੇਵਾੜਾ ਅਤੇ ਗੁੰਟੂਰ ਵਿਚ ਟੀਡੀਪੀ ਵਰਕਰਾਂ ਨੇ ਕਾਲੀਆਂ ਕਮੀਜ਼ਾਂ ਪਾਈਆ ਅਤੇ ''ਮੋਦੀ ਵਾਪਸ ਜਾਉ'' ਦੀ ਮੰਗ ਕਰਦਿਆਂ ਰੈਲੀਆਂ ਕੱਢੀਆਂ। ਪਾਰਟੀ ਨੇਤਾਵਾਂ ਨਾਲ ਅਪਣੀ ਨਿਰਧਾਰਤ ਟੈਲੀਕਾਂਨਫ਼ਰੰਸ 'ਚ ਮੁੱਖ ਮੰਤਰੀ ਨੇ ਮੋਦੀ ਨੂੰ ਆਂਧਰਾ ਪ੍ਰਦੇਸ਼ ਦਾ ਪਹਿਲਾ ਧੋਖੇਬਾਜ਼ ਦਸਿਆ। ਪ੍ਰਧਾਨ ਮੰਤਰੀ ਦੇ ਦੌਰੇ ਵਿਰੁਧ ਪ੍ਰਦਰਸ਼ਨ ਕਰਨ ਦੀ ਮੁੱਖ ਮੰਤਰੀ ਦੀ ਅਪੀਲ ਦੇ ਮੱਦੇਨਜ਼ਰ ਗੱਨਵਰਮ ਹਵਾਈ ਅੱਡੇ 'ਤੇ ਅਤੇ ਉਸ ਦੇ ਨੇੜੇ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਕੀਤੇ ਗਏ ਹਨ। ਕਾਂਗਰਸ ਨੇ ਵੰਡ ਮਗਰੋਂ ਆਂਧਰਾ ਪ੍ਰਦੇਸ਼ ਤੋਂ ਕੀਤੇ ਵਾਦਿਆਂ ਨੂੰ ਨਿਭਾਉਣ ਵਿਚ ਮੋਦੀ ਦੀ ''ਨਾਕਾਮੀ'' 'ਤੇ ਐਤਵਾਰ ਨੂੰ ਕਾਲਾ ਦਿਨ ਮਨਾਉਣ ਦਾ ਸੱਦਾ ਦਿਤਾ ਹੈ। (ਪੀਟੀਆਈ)