'ਤੁਸੀਂ ਤਾਂ ਅਪਣੀ ਪਤਨੀ ਨੂੰ ਛੱਡ ਦਿਤਾ'
ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁੰਟੂਰ 'ਚ ਇਕ ਰੈਲੀ ਦੌਰਾਨ ਉਨ੍ਹਾਂ ਨੂੰ 'ਲੋਕੇਸ਼ ਦਾ ਪਿਤਾ'....
ਅਮਰਾਵਤੀ : ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁੰਟੂਰ 'ਚ ਇਕ ਰੈਲੀ ਦੌਰਾਨ ਉਨ੍ਹਾਂ ਨੂੰ 'ਲੋਕੇਸ਼ ਦਾ ਪਿਤਾ' ਕਹਿ ਕੇ ਸੰਬੋਧਨ ਕੀਤੇ ਜਾਣ 'ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਮੋਦੀ ਨੇ ਤਾਂ ਅਪਣੀ ਪਤਨੀ ਨੂੰ ਛੱਡ ਦਿਤਾ ਹੈ। ਤੇਲਗੂਦੇਸ਼ਮ ਪਾਰਟੀ ਪ੍ਰਧਾਨ ਨੇ ਕਿਹਾ ਕਿ ਪਰ ਉਹ ਅਪਣੇ ਪ੍ਰਵਾਰ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਦਾ ਮਾਣ ਕਰਦੇ ਹਨ। ਨਾਇਡੂ ਨੇ ਕਿਹਾ, ''ਮੋਦੀ ਜੀ ਤੁਸੀਂ ਤਾਂ ਅਪਣੀ ਪਤਨੀ ਨੂੰ ਛੱਡ ਦਿਤਾ। ਕੀ ਪ੍ਰਵਾਰ ਨਾਂ ਦੀ ਵਿਵਸਥਾ ਪ੍ਰਤੀ ਤੁਹਾਡੇ ਮਨ 'ਚ ਕੋਈ ਮਾਣ ਹੈ?''
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਨਾ ਤਾਂ ਕੋਈ ਪ੍ਰਵਾਰ ਹੈ, ਅਤੇ ਨਾ ਹੀ ਕੋਈ ਬੇਟਾ। ਨਾਇਡੂ ਨੇ ਵਿਜੈਵਾੜਾ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ''ਕਿਉਂਕਿ ਤੁਸੀਂ ਮੇਰੇ ਬੇਟੇ ਦਾ ਜ਼ਿਕਰ ਕੀਤਾ ਹੈ, ਇਸ ਲਈ ਮੈਂ ਤੁਹਾਡੀ ਪਤਨੀ ਦਾ ਜ਼ਿਕਰ ਕਰ ਰਿਹਾ ਹਾਂ। ਲੋਕੋ... ਕੀ ਤੁਸੀਂ ਜਾਣਦੇ ਹੋ ਕਿ ਨਰਿੰਦਰ ਮੋਦੀ ਦੀ ਇਕ ਪਤਨੀ ਵੀ ਹੈ? ਉਸ ਦਾ ਨਾਂ ਜਸ਼ੋਦਾਬੇਨ ਹੈ।'' ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ 'ਤੇ ਅਪਣਾ ਹਮਲਾ ਜਾਰੀ ਰਖਦਿਆਂ ਉਨ੍ਹਾਂ 'ਤੇ ਦੇਸ਼ ਅਤੇ ਸਾਰੀਆਂ ਸੰਸਥਾਵਾਂ ਨੂੰ ਬਰਬਾਦ ਕਰਨ ਦਾ ਦੋਸ਼ ਲਾਇਆ। ਨਾਇਡੂ ਨੇ ਕਿਹਾ,
''ਪ੍ਰਧਾਨ ਮੰਤਰੀ ਚਾਹ ਵਾਲਾ ਹੋਣ ਦਾ ਦਾਅਵਾ ਕਰਦੇ ਹਨ ਪਰ ਉਨ੍ਹਾਂ ਦਾ ਸੂਟ-ਬੂਟ ਵੇਖੋ।'' ਟੀ.ਡੀ.ਪੀ. ਨੇ ਆਂਧਰ ਪ੍ਰਦੇਸ਼ ਦੀ ਵੰਡ ਤੋਂ ਬਾਅਦ ਸੂਬੇ ਨਾਲ ਹੋਏ ਅਨਿਆਂ ਦਾ ਵਿਰੋਧ ਕਰਦਿਆਂ ਪਿਛਲੇ ਸਾਲ ਮਾਰਚ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗਠਜੋੜ ਤੋੜ ਦਿਤਾ ਸੀ। (ਪੀਟੀਆਈ)