ਕਾਂਗਰਸ ਨੂੰ ਚੋਣਾਂ ਦੌਰਾਨ ਹੀ ਪਿੰਡਾਂ, ਗਰੀਬਾਂ ਅਤੇ ਕਿਸਾਨਾਂ ਦੀ ਯਾਦ ਆਉਂਦੀ ਹੈ: ਮੋਦੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਹੁਣ ਤਾਂ ਸੰਸਦ ’ਚ ਵਿਰੋਧੀ ਧਿਰ ਦੇ ਨੇਤਾ ਵੀ ਹੁਣ ਸੱਤਾਧਾਰੀ ਐਨ.ਡੀ.ਏ. ਲਈ ‘ਅਬਕੀ ਬਾਰ 400 ਪਾਰ’ ਕਹਿ ਰਹੇ ਹਨ

Jhabua: Prime Minister Narendra Modi with Tribal Affairs Minister Arjun Munda, Madhya Pradesh Chief Minister Mohan Yadav and others during the 'Janjatiya Sammelan' in Jhabua, Madhya Pradesh, Sunday, Feb. 11, 2023. (PTI Photo)

ਝਾਬੁਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਦਿਵਾਸੀਆਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ, ਜਦਕਿ ਵਿਰੋਧੀ ਧਿਰ ਕਾਂਗਰਸ ਨੂੰ ਸਿਰਫ ਚੋਣਾਂ ਦੇ ਸਮੇਂ ਪਿੰਡਾਂ, ਗਰੀਬਾਂ ਅਤੇ ਕਿਸਾਨਾਂ ਦੀ ਯਾਦ ਆਉਂਦੀ ਹੈ।

ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਦੇ ਝਾਬੁਆ ਜ਼ਿਲ੍ਹੇ ’ਚ ਕਬਾਇਲੀ ਭਾਈਚਾਰੇ ਦੀ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਕੁੱਝ ਮਹੀਨਿਆਂ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਦਾ ਇਸ ਸਾਲ ਮੱਧ ਪ੍ਰਦੇਸ਼ ਦਾ ਇਹ ਪਹਿਲਾ ਦੌਰਾ ਹੈ। 

ਉਨ੍ਹਾਂ ਕਿਹਾ, ‘‘ਅਸੀਂ ਸਿਕਲ ਸੈੱਲ ਅਨੀਮੀਆ ਵਿਰੁਧ ਮੁਹਿੰਮ ਸ਼ੁਰੂ ਕੀਤੀ ਹੈ, ਵੋਟਾਂ ਲਈ ਨਹੀਂ ਬਲਕਿ ਆਦਿਵਾਸੀਆਂ ਦੀ ਸਿਹਤ ਲਈ।’’ ਉਨ੍ਹਾਂ ਅੱਗੇ ਕਿਹਾ, ‘‘ਕਾਂਗਰਸ ਨੂੰ ਪਿੰਡਾਂ, ਗਰੀਬਾਂ ਅਤੇ ਕਿਸਾਨਾਂ ਦੀ ਯਾਦ ਸਿਰਫ ਚੋਣਾਂ ਦੌਰਾਨ ਹੀ ਆਉਂਦੀ ਹੈ। ਜਦੋਂ ਕਾਂਗਰਸ ਸੱਤਾ ’ਚ ਹੁੰਦੀ ਹੈ ਤਾਂ ਉਹ ਲੋਕਾਂ ਨੂੰ ਲੁੱਟਣ ਦਾ ਕੰਮ ਕਰਦੀ ਹੈ ਅਤੇ ਜਦੋਂ ਸੱਤਾ ਤੋਂ ਬਾਹਰ ਹੁੰਦੀ ਹੈ ਤਾਂ ਉਹ ਲੋਕਾਂ ਨੂੰ ਲੜਾਉਣ ਦਾ ਕੰਮ ਕਰਦੀ ਹੈ।’’

ਉਨ੍ਹਾਂ ਕਿਹਾ ਕਿ ਲੁੱਟ ਅਤੇ ਵੰਡ ਕਾਂਗਰਸ ਦੀ ਆਕਸੀਜਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਦ ’ਚ ਵਿਰੋਧੀ ਧਿਰ ਦੇ ਨੇਤਾ ਵੀ ਹੁਣ ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਲਈ ‘ਅਬਕੀ ਬਾਰ 400 ਪਾਰ’ ਕਹਿ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ‘ਕਮਲ’ ਨਿਸ਼ਾਨ ਲੋਕ ਸਭਾ ਚੋਣਾਂ ’ਚ 370 ਤੋਂ ਵੱਧ ਸੀਟਾਂ ਜਿੱਤੇਗਾ। ਉਨ੍ਹਾਂ ਕਿਹਾ, ‘‘ਮੈਂ ਝਾਬੁਆ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨ ਨਹੀਂ ਆਇਆ ਹਾਂ, ਬਲਕਿ ਤੁਹਾਡੇ ਨੌਕਰ ਵਜੋਂ ਆਇਆ ਹਾਂ। ਸਾਡੀ ਡਬਲ ਇੰਜਣ ਸਰਕਾਰ ਮੱਧ ਪ੍ਰਦੇਸ਼ ’ਚ ਦੁੱਗਣੀ ਰਫਤਾਰ ਨਾਲ ਕੰਮ ਕਰ ਰਹੀ ਹੈ।’’ ਮੋਦੀ ਨੇ ਵੋਟਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਭਾਜਪਾ ਪਿਛਲੀਆਂ ਚੋਣਾਂ ਦੇ ਮੁਕਾਬਲੇ ਹਰੇਕ ਬੂਥ ’ਤੇ 370 ਲੋਕ ਸਭਾ ਸੀਟਾਂ ਜਿੱਤੇ।

ਭਾਰਤੀ ਕਦਰਾਂ-ਕੀਮਤਾਂ ’ਤੇ ਆਧਾਰਤ ਸਿੱਖਿਆ ਪ੍ਰਣਾਲੀ ਸਮੇਂ ਦੀ ਲੋੜ: ਪ੍ਰਧਾਨ ਮੰਤਰੀ ਮੋਦੀ 

ਟਾਂਕਾਰਾ (ਗੁਜਰਾਤ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਕਦਰਾਂ ਕੀਮਤਾਂ ’ਤੇ ਆਧਾਰਤ ਸਿੱਖਿਆ ਪ੍ਰਣਾਲੀ ਸਮੇਂ ਦੀ ਲੋੜ ਹੈ। ਮੋਦੀ ਗੁਜਰਾਤ ਦੇ ਮੋਰਬੀ ਜ਼ਿਲ੍ਹੇ ’ਚ ਆਰੀਆ ਸਮਾਜ ਦੇ ਸੰਸਥਾਪਕ ਸਵਾਮੀ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ ਦੇ ਮੌਕੇ ’ਤੇ ਉਨ੍ਹਾਂ ਦੇ ਜਨਮ ਸਥਾਨ ਟਾਂਕਾਰਾ ’ਚ ਇਕ ਪ੍ਰੋਗਰਾਮ ਦੌਰਾਨ ਵਰਚੁਅਲ ਤੌਰ ’ਤੇ ਬੋਲ ਰਹੇ ਸਨ। 

ਪ੍ਰਧਾਨ ਮੰਤਰੀ ਨੇ ਸਮਾਜ ਸੁਧਾਰਕ ਦਯਾਨੰਦ ਸਰਸਵਤੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਰਤੀ ਸਮਾਜ ਨੂੰ ਅਜਿਹੇ ਸਮੇਂ ਵੇਦਾਂ ਵਲ ਵਾਪਸ ਜਾਣ ਦਾ ਸੱਦਾ ਦਿਤਾ ਸੀ ਜਦੋਂ ਲੋਕ ਗੁਲਾਮੀ ’ਚ ਸਨ ਅਤੇ ਦੇਸ਼ ’ਚ ਅੰਧਵਿਸ਼ਵਾਸ ਪ੍ਰਚਲਿਤ ਸੀ। ਉਨ੍ਹਾਂ ਕਿਹਾ, ‘‘ਸਵਾਮੀ ਦਯਾਨੰਦ ਸਰਸਵਤੀ ਨੇ ਉਸ ਸਮੇਂ ਸਾਨੂੰ ਵਿਖਾਇਆ ਕਿ ਕਿਵੇਂ ਸਾਡੀਆਂ ਰੂੜੀਵਾਦੀ ਅਤੇ ਸਮਾਜਕ ਬੁਰਾਈਆਂ ਨੇ ਸਾਨੂੰ ਨੁਕਸਾਨ ਪਹੁੰਚਾਇਆ ਹੈ।’’ ਉਨ੍ਹਾਂ ਕਿਹਾ, ‘‘ਭਾਰਤੀ ਕਦਰਾਂ-ਕੀਮਤਾਂ ’ਤੇ ਅਧਾਰਤ ਸਿੱਖਿਆ ਪ੍ਰਣਾਲੀ ਸਮੇਂ ਦੀ ਲੋੜ ਹੈ। ਆਰੀਆ ਸਮਾਜ ਵਿਦਿਆਲਿਆ ਇਸ ਦਾ ਕੇਂਦਰ ਰਿਹਾ ਹੈ। ਦੇਸ਼ ਹੁਣ ਕੌਮੀ ਸਿੱਖਿਆ ਨੀਤੀ ਰਾਹੀਂ ਇਸ ਦਾ ਵਿਸਥਾਰ ਕਰ ਰਿਹਾ ਹੈ। ਇਨ੍ਹਾਂ ਯਤਨਾਂ ਨਾਲ ਸਮਾਜ ਨੂੰ ਜੋੜਨਾ ਸਾਡੀ ਜ਼ਿੰਮੇਵਾਰੀ ਹੈ।’’

ਉਨ੍ਹਾਂ ਕਿਹਾ ਕਿ ਸਵਾਮੀ ਦਯਾਨੰਦ ਸਰਸਵਤੀ ਦਾ ਜਨਮ ਉਸ ਸਮੇਂ ਹੋਇਆ ਸੀ ਜਦੋਂ ਭਾਰਤੀ ਗੁਲਾਮੀ ਅਤੇ ਸਮਾਜਕ ਬੁਰਾਈਆਂ ’ਚ ਫਸੇ ਹੋਏ ਸਨ। ਉਨ੍ਹਾਂ ਕਿਹਾ, ‘‘ਸਵਾਮੀ ਦਯਾਨੰਦ ਜੀ ਨੇ ਉਸ ਸਮੇਂ ਦੇਸ਼ ਨੂੰ ਦਸਿਆ ਸੀ ਕਿ ਕਿਵੇਂ ਸਾਡੀਆਂ ਰੂੜ੍ਹੀਆਂ ਅਤੇ ਵਹਿਮਾਂ-ਭਰਮਾਂ ਨੇ ਦੇਸ਼ ਨੂੰ ਘੇਰ ਲਿਆ ਸੀ ਅਤੇ ਸਾਡੇ ਵਿਗਿਆਨਕ ਸੁਭਾਅ ਨੂੰ ਕਮਜ਼ੋਰ ਕਰ ਦਿਤਾ ਸੀ। ਇਨ੍ਹਾਂ ਸਮਾਜਕ ਬੁਰਾਈਆਂ ਨੇ ਸਾਡੀ ਏਕਤਾ ’ਤੇ ਹਮਲਾ ਕੀਤਾ ਸੀ।’’

ਉਨ੍ਹਾਂ ਕਿਹਾ, ‘‘ਸਮਾਜ ਦਾ ਇਕ ਵਰਗ ਲਗਾਤਾਰ ਭਾਰਤੀ ਸਭਿਆਚਾਰ ਅਤੇ ਅਧਿਆਤਮਿਕਤਾ ਤੋਂ ਦੂਰ ਹੁੰਦਾ ਜਾ ਰਿਹਾ ਹੈ। ਅਜਿਹੇ ਸਮੇਂ ਸਵਾਮੀ ਦਯਾਨੰਦ ਜੀ ਨੇ ਵੇਦਾਂ ਵਲ ਮੁੜਨ ਦਾ ਸੱਦਾ ਦਿਤਾ।’’ ਮੋਦੀ ਨੇ ਕਿਹਾ ਕਿ ਮਹਾਰਿਸ਼ੀ ਦਯਾਨੰਦ ਸਿਰਫ ਵੈਦਿਕ ਰਿਸ਼ੀ ਹੀ ਨਹੀਂ ਸਨ, ਬਲਕਿ ਕੌਮੀ ਚੇਤਨਾ ਦੇ ਰਿਸ਼ੀ ਵੀ ਸਨ। ਉਨ੍ਹਾਂ ਕਿਹਾ, ‘‘ਜਦੋਂ ਬ੍ਰਿਟਿਸ਼ ਹਕੂਮਤ ਨੇ ਸਾਡੀਆਂ ਸਮਾਜਕ ਬੁਰਾਈਆਂ ਨੂੰ ਮੋਹਰਾ ਬਣਾ ਕੇ ਸਾਡੇ ਲੋਕਾਂ ਨੂੰ ਅਪਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੁੱਝ ਲੋਕਾਂ ਨੇ ਸਮਾਜਕ ਬੁਰਾਈਆਂ ਦਾ ਹਵਾਲਾ ਦੇ ਕੇ ਅਪਣੇ ਸ਼ਾਸਨ ਨੂੰ ਜਾਇਜ਼ ਠਹਿਰਾਇਆ ਤਾਂ ਦਯਾਨੰਦ ਸਰਸਵਤੀ ਦੇ ਆਉਣ ਨਾਲ ਅਜਿਹੀਆਂ ਸਾਜ਼ਸ਼ਾਂ ਨੂੰ ਡੂੰਘਾ ਝਟਕਾ ਲੱਗਾ।’’

ਉਨ੍ਹਾਂ ਕਿਹਾ ਕਿ ਆਰੀਆ ਸਮਾਜ ਦੇ ਸੰਸਥਾਪਕ ਨੇ ਵੇਦਾਂ ਦੀ ਤਰਕਸ਼ੀਲ ਵਿਆਖਿਆ ਕੀਤੀ, ਰੂੜੀਵਾਦੀ ਵਿਚਾਰਾਂ ’ਤੇ ਖੁੱਲ੍ਹ ਕੇ ਹਮਲਾ ਕੀਤਾ ਅਤੇ ਸਮਝਾਇਆ ਕਿ ਭਾਰਤੀ ਦਰਸ਼ਨ ਦਾ ਅਸਲ ਸੁਭਾਅ ਕੀ ਹੈ। ਉਨ੍ਹਾਂ ਕਿਹਾ, ‘‘ਨਤੀਜੇ ਵਜੋਂ, ਸਮਾਜ ’ਚ ਆਤਮ ਵਿਸ਼ਵਾਸ ਵਾਪਸ ਆਇਆ ਹੈ। ਲੋਕਾਂ ਨੇ ਵੈਦਿਕ ਧਰਮ ਨੂੰ ਜਾਣਨਾ ਸ਼ੁਰੂ ਕਰ ਦਿਤਾ ਅਤੇ ਇਸ ਦੀਆਂ ਜੜ੍ਹਾਂ ਨਾਲ ਜੁੜਨਾ ਸ਼ੁਰੂ ਕਰ ਦਿਤਾ।’’

ਉਨ੍ਹਾਂ ਕਿਹਾ ਕਿ ਲਾਲਾ ਲਾਜਪਤ ਰਾਏ, ਰਾਮ ਪ੍ਰਸਾਦ ਬਿਸਮਿਲ ਅਤੇ ਸਵਾਮੀ ਸ਼ਰਧਾਨੰਦ ਵਰਗੇ ਕਈ ਕ੍ਰਾਂਤੀਕਾਰੀ ਖੜੇ ਹੋਏ, ਜੋ ਆਰੀਆ ਸਮਾਜ ਤੋਂ ਪ੍ਰਭਾਵਤ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਮੀ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ ਇਸ ਦੇ ‘ਅੰਮ੍ਰਿਤ ਕਾਲ’ ਦੇ ਸ਼ੁਰੂਆਤੀ ਸਾਲਾਂ ਦੇ ਨਾਲ ਮੇਲ ਖਾਂਦੀ ਹੈ। ਉਨ੍ਹਾਂ ਕਿਹਾ ਕਿ ਸਵਾਮੀ ਦਯਾਨੰਦ ਸਰਸਵਤੀ ਨੇ ਭਾਰਤ ਦੇ ਉੱਜਵਲ ਭਵਿੱਖ ਦਾ ਸੁਪਨਾ ਵੇਖਿਆ ਸੀ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਇਸ ਅੰਮ੍ਰਿਤਕਾਲ ਵਿਚ ਸਾਨੂੰ ਸਾਰਿਆਂ ਨੂੰ ਭਾਰਤ ਨੂੰ ਆਧੁਨਿਕਤਾ ਵਲ ਲਿਜਾਣਾ ਹੈ ਅਤੇ ਇਸ ਨੂੰ ਵਿਕਸਤ ਰਾਸ਼ਟਰ ਬਣਾਉਣਾ ਹੈ।

ਮੋਦੀ ਨੇ ਆਰੀਆ ਸਮਾਜ ਨੂੰ ਅਪੀਲ ਕੀਤੀ ਕਿ ਉਹ 21ਵੀਂ ਸਦੀ ਦੇ ਮੌਜੂਦਾ ਦਹਾਕੇ ’ਚ ਰਾਸ਼ਟਰ ਨਿਰਮਾਣ ਲਈ ਨਵੀਂ ਊਰਜਾ ਨਾਲ ਕੰਮ ਕਰਨ, ਜੋ ਦੇਸ਼-ਵਿਦੇਸ਼ ’ਚ 2500 ਤੋਂ ਵੱਧ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਚਲਾਉਂਦੇ ਹਨ ਅਤੇ 400 ਤੋਂ ਵੱਧ ਗੁਰੂਕੁਲਾਂ ’ਚ ਵਿਦਿਆਰਥੀਆਂ ਨੂੰ ਸਿੱਖਿਆ ਦਾ ਪ੍ਰਬੰਧ ਕਰਦੇ ਹਨ। ਉਨ੍ਹਾਂ ਕਿਹਾ ਕਿ ਡੀ.ਏ.ਵੀ. (ਦਯਾਨੰਦ ਐਂਗਲੋ ਵੈਦਿਕ) ਮਹਾਰਿਸ਼ੀ ਦਯਾਨੰਦ ਦੀ ਜੀਵਤ ਯਾਦ ਅਤੇ ਪ੍ਰੇਰਣਾ ਹੈ। ਅਸੀਂ ਮਹਾਰਿਸ਼ੀ ਦਯਾਨੰਦ ਨੂੰ ਸ਼ਰਧਾਂਜਲੀ ਦੇਣ ਲਈ ਇਸ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਵਾਮੀ ਦਯਾਨੰਦ ਸਰਸਵਤੀ ਨੇ ਸਮਾਜ ’ਚ ਔਰਤਾਂ ਲਈ ਬਰਾਬਰ ਅਧਿਕਾਰਾਂ ਦੀ ਵਕਾਲਤ ਕੀਤੀ ਸੀ। ਉਨ੍ਹਾਂ ਨੇ ਔਰਤਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਭਾਗੀਦਾਰੀ ਬਾਰੇ ਗੱਲ ਕੀਤੀ ਅਤੇ ਦੇਸ਼ ਅੱਜ ਅਪਣੀਆਂ ਨਵੀਆਂ ਨੀਤੀਆਂ ਅਤੇ ਸੁਹਿਰਦ ਯਤਨਾਂ ਨਾਲ ਔਰਤਾਂ ਨੂੰ ਅੱਗੇ ਲੈ ਕੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਦੇਸ਼ ਨੇ ਨਾਰੀ ਸ਼ਕਤੀ ਵੰਦਨ ਐਕਟ ਰਾਹੀਂ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ’ਚ ਮਹਿਲਾ ਰਾਖਵਾਂਕਰਨ ਦਾ ਪ੍ਰਬੰਧ ਕੀਤਾ ਸੀ। ਇਹ ਅੱਜ ਮਹਾਰਿਸ਼ੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਉਨ੍ਹਾਂ ਡੀ.ਏ.ਵੀ. ਐਜੂਕੇਸ਼ਨਲ ਨੈੱਟਵਰਕ ਦੇ ਵਿਦਿਆਰਥੀਆਂ ਨੂੰ ‘ਮੇਰਾ ਯੁਵਾ ਭਾਰਤ’ ਨਾਲ ਜੁੜਨ ਦੀ ਅਪੀਲ ਕੀਤੀ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵਲੋਂ ਸਥਾਪਤ ‘ਮੇਰਾ ਯੁਵਾ ਭਾਰਤ’ ਪਹਿਲ ਦਾ ਉਦੇਸ਼ ਨੌਜੁਆਨਾਂ ਨੂੰ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਅਤੇ ਵਿਕਸਤ ਭਾਰਤ ਦੇ ਨਿਰਮਾਣ ’ਚ ਯੋਗਦਾਨ ਪਾਉਣ ਲਈ ਬਰਾਬਰ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸਵਾਮੀ ਦਯਾਨੰਦ ਸਰਸਵਤੀ ਦਾ ਜਨਮ ਉਸ ਰਾਜ ’ਚ ਹੋਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਹ ਸਵਾਮੀ ਦਯਾਨੰਦ ਦੀ ‘ਕਰਮਭੂਮੀ’ ਹਰਿਆਣਾ ਨੂੰ ਨੇੜਿਓਂ ਜਾਣਦੇ ਹਨ ਅਤੇ ਉਥੇ ਕੰਮ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ, ‘‘ਇਸ ਲਈ, ਕੁਦਰਤੀ ਤੌਰ ’ਤੇ, ਉਸ ਦਾ ਮੇਰੀ ਜ਼ਿੰਦਗੀ ’ਚ ਇਕ ਵੱਖਰਾ ਪ੍ਰਭਾਵ ਅਤੇ ਭੂਮਿਕਾ ਹੈ।’’