‘ਅਲ ਨੀਨੋ’ ਕਮਜ਼ੋਰ, ਭਾਰਤ ’ਚ ਮੌਨਸੂਨ ਦੀ ਚੰਗੀ ਬਾਰਸ਼ ਦੀ ਸੰਭਾਵਨਾ ਵਧੀ: ਮੌਸਮ ਵਿਗਿਆਨੀ
ਅਗੱਸਤ ਤਕ ‘ਲਾ ਨੀਨਾ’ ਦੀਆਂ ਸਥਿਤੀਆਂ ਬਣਨ ਦੀ ਉਮੀਦ
ਨਵੀਂ ਦਿੱਲੀ: ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਸਾਲ 2023 ਨੂੰ ਗਰਮ ਮੌਸਮ ਵਾਲਾ ਸਾਲ ਬਣਾਉਣ ਤੋਂ ਬਾਅਦ ਅਲ ਨੀਨੋ ਦੀ ਸਥਿਤੀ ਇਸ ਸਾਲ ਜੂਨ ਤਕ ਖਤਮ ਹੋ ਜਾਵੇਗੀ। ਘੱਟੋ-ਘੱਟ ਦੋ ਗਲੋਬਲ ਜਲਵਾਯੂ ਏਜੰਸੀਆਂ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਅਲ ਨੀਨੋ, ਜੋ ਦੁਨੀਆਂ ਭਰ ਦੇ ਮੌਸਮ ਨੂੰ ਪ੍ਰਭਾਵਤ ਕਰਦਾ ਹੈ, ਕਮਜ਼ੋਰ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਅਗੱਸਤ ਤਕ ‘ਲਾ ਨੀਨਾ’ ਦੀਆਂ ਸਥਿਤੀਆਂ ਬਣਨ ਦੀ ਉਮੀਦ ਹੈ।
ਅਲ ਨੀਨੋ ਭੂਮੱਧ ਰੇਖਾ ਪ੍ਰਸ਼ਾਂਤ ਮਹਾਂਸਾਗਰ ਦੇ ਪਾਣੀਆਂ ਦਾ ਗਰਮ ਹੋਣਾ ਹੈ। ਘਟਨਾਕ੍ਰਮ ’ਤੇ ਨਜ਼ਰ ਰੱਖਣ ਵਾਲੇ ਭਾਰਤੀ ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਜੂਨ-ਅਗੱਸਤ ਤਕ ‘ਲਾ ਨੀਨਾ’ ਦੀ ਸਥਿਤੀ ਦਾ ਮਤਲਬ ਇਹ ਹੋ ਸਕਦਾ ਹੈ ਕਿ ਇਸ ਸਾਲ ਮਾਨਸੂਨ ਦੀ ਬਾਰਸ਼ ਪਿਛਲੇ ਸਾਲ ਨਾਲੋਂ ਬਿਹਤਰ ਹੋਵੇਗੀ। ਧਰਤੀ ਵਿਗਿਆਨ ਮੰਤਰਾਲੇ ਦੇ ਸਾਬਕਾ ਸਕੱਤਰ ਮਾਧਵਨ ਰਾਜੀਵਨ ਨੇ ਕਿਹਾ ਕਿ ਜੂਨ-ਜੁਲਾਈ ਤਕ ‘ਲਾ ਨੀਨਾ’ ਦੀ ਸਥਿਤੀ ਬਣਨ ਦੀ ਚੰਗੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਜੇਕਰ ‘ਅਲ ਨੀਨੋ’ ਈ.ਐਨ.ਐਸ.ਓ. (ਅਲ ਨੀਨੋ ਦਖਣੀ ਦੋਲਨ) ਨਿਰਪੱਖ ਸਥਿਤੀਆਂ ’ਚ ਬਦਲ ਜਾਂਦਾ ਹੈ ਤਾਂ ਵੀ ਇਸ ਸਾਲ ਮਾਨਸੂਨ ਪਿਛਲੇ ਸਾਲ ਨਾਲੋਂ ਬਿਹਤਰ ਰਹੇਗਾ। ਭਾਰਤ ਦੀ ਸਾਲਾਨਾ ਵਰਖਾ ਦਾ ਲਗਭਗ 70 ਫ਼ੀ ਸਦੀ ਦੱਖਣ-ਪਛਮੀ ਮਾਨਸੂਨ ਤੋਂ ਆਉਂਦਾ ਹੈ, ਜੋ ਖੇਤੀਬਾੜੀ ਖੇਤਰ ਲਈ ਮਹੱਤਵਪੂਰਨ ਹੈ। ਇਹ ਜੀ.ਡੀ.ਪੀ. ਦਾ ਲਗਭਗ 14 ਫ਼ੀ ਸਦੀ ਹੈ ਅਤੇ ਦੇਸ਼ ਦੀ 1.4 ਅਰਬ ਆਬਾਦੀ ਦੇ ਅੱਧੇ ਤੋਂ ਵੱਧ ਨੂੰ ਰੁਜ਼ਗਾਰ ਦਿੰਦਾ ਹੈ।