ਰਾਸ਼ਟਰਗਾਨ ਤੋਂ ਪਹਿਲਾਂ ਰਾਸ਼ਟਰਗੀਤ ਦੇ ਸਾਰੇ ਛੇ ਛੰਦ ਗਾਉਣਾ ਜ਼ਰੂਰੀ : ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰਗਾਨ ਤੋਂ ਪਹਿਲਾਂ ਰਾਸ਼ਟਰਗੀਤ ਦੇ ਸਾਰੇ ਛੇ ਛੰਦ ਗਾਉਣਾ ਜ਼ਰੂਰੀ : ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ 

All six verses of the national anthem must be sung before the national anthem: Home Ministry instructions

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਹੁਕਮ ਦਿਤਾ ਹੈ ਕਿ ਜਦੋਂ ਵੀ ਰਾਸ਼ਰਗੀਤ ‘ਵੰਦੇ ਮਾਤਰਮ’ ਅਤੇ ਰਾਸ਼ਟਰਗਾਨ ‘ਜਨ ਗਣ ਮਨ’ ਇਕੱਠੇ ਗਾਏ ਜਾਂ ਵਜਾਏ ਜਾਣ ਤਾਂ ਬੰਕਿਮ ਚੰਦਰ ਚਟੋਪਾਧਿਆਏ ਵਲੋਂ ਲਿਖੇ ਰਾਸ਼ਟਰਗੀਤ ਦੇ ਸਾਰੇ ਛੇ ਛੰਦ ਪਹਿਲਾਂ ਗਾਏ ਜਾਣ।

ਹੁਕਮ ’ਚ ਮੰਤਰਾਲੇ ਨੇ ਪਹਿਲੀ ਵਾਰੀ ਰਾਸ਼ਟਰਗੀਤ ‘ਵੰਦੇ ਮਾਤਰਮ’ ਦੇ ਗਾਇਨ ਨੂੰ ਲੈ ਕੇ ਪ੍ਰੋਟੋਕਾਲ ਤੈਅ ਕੀਤੇ ਹਨ ਜਿਸ ਤਹਿਤ ਰਾਸ਼ਟਰਪਤੀ ਦੇ ਆਗਮਨ, ਤਿਰੰਗਾ ਲਹਿਰਾਏ ਜਾਣ ਅਤੇ ਰਾਜਪਾਲਾਂ ਦੇ ਭਾਸ਼ਣ ਵਰਗੇ ਸਰਕਾਰੀ ਪ੍ਰੋਗਰਾਮਾਂ ’ਚ ਰਾਸ਼ਟਰਗੀਤ ਦੇ ਸਾਰੇ ਛੇ ਛੰਦ (ਕੁਲ ਸਮਾਂ ਤਿੰਨ ਮਿੰਟ 10 ਸਕਿੰਟ) ਗਾਏ ਜਾਣਗੇ। ਇਹ ਹੁਕਮ 28 ਜਨਵਰੀ ਨੂੰ ਜਾਰੀ ਕੀਤਾ ਗਿਆ।

ਹੁਕਮ ’ਚ ਕਿਹਾ ਗਿਆ, ‘‘ਜਦੋਂ ਵੀ ਰਾਸ਼ਟਰਗੀਤ ਅਤੇ ਰਾਸ਼ਟਰਗਾਨ ਗਾਏ ਜਾਂ ਵਜਾਏ ਜਾਣ, ਤਾਂ ਰਾਸ਼ਟਰਗੀਤ ਪਹਿਲਾਂ ਗਾਇਆ ਜਾਂ ਵਜਾਇਆ ਜਾਵੇਗਾ।’’
ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਜਿਥੇ ਰਾਸ਼ਟਰਗੀਤ ਗਾਇਆ ਜਾਵੇਗਾ, ਉਥੇ ਮੌਜੂਦ ਸਾਰੇ ਲੋਕਾਂ ਨੂੰ ਸਾਵਧਾਨ ਦੀ ਮੁਦਰਾ ’ਚ ਖੜ੍ਹਾ ਹੋਣਾ ਹੋਵੇਗਾ। 
ਇਸ ’ਚ ਕਿਹਾ ਗਿਆ, ‘‘ਪਰ ਜੇਕਰ ਕਿਸੇ ਸਮਾਚਾਰ ਜਾਂ ਫ਼ਿਲਮ ਦੌਰਾਨ ਰਾਸ਼ਟਰਗੀਤ ਫ਼ਿਲਮ ਦੇ ਹਿੱਸੇ ਵਜੋਂ ਵਜਾਇਆ ਜਾਵੇ, ਤਾਂ ਦਰਸ਼ਕਾਂ ਤੋਂ ਖੜ੍ਹੇ ਹੋਣ ਦੀ ਉਮੀਦ ਨਹੀਂ ਹੈ, ਕਿਉਂਕਿ ਇਸ ਨਾਲ ਫ਼ਿਲਮ ਵਿਖਾਉਣ ’ਚ ਰੁਕਾਵਟ ਆਵੇਗੀ ਅਤੇ ਮਾਣ ਦੀ ਬਜਾਏ ਅਵਿਵਸਥਾ ਅਤੇ ਭਰਮ ਦੀ ਸਥਿਤੀ ਪੈਦਾ ਹੋ ਸਕਦੀ ਹੈ।’’
ਮੰਤਰਾਲੇ ਨੇ ਕਿਹਾ ਕਿ ਸਕੂਲਾਂ ’ਚ ਦਿਨ ਦੀ ਸ਼ੁਰੂਆਤ ਰਾਸ਼ਟਰਗੀਤ ਦੇ ਸਮੂਹਕ ਗਾਇਨ ਨਾਲ ਕੀਤੀ ਜਾਣੀ ਚਾਹੀਦੀ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਉਨ੍ਹਾਂ ਸਾਰੇ ਮੌਕਿਆਂ ਦੀ ਪੂਰੀ ਸੂਚੀ ਦੇਣਾ ਸੰਭਵ ਨਹੀਂ ਹੈ, ਜਿਥੇ ਰਾਸ਼ਟਰਗੀਤ ਦਾ ਗਾਇਨ ਕੀਤਾ ਜਾ ਸਕਦਾ ਹੈ ਪਰ ‘ਜੇਕਰ ਧਰਤੀ ਮਾਤਾ ਨੂੰ ਸਨਮਾਨ ਦੇਣ ਅਤੇ ਉਚਿਤ ਮਰਿਆਦਾ ਬਣਾਈ ਰੰਖਣ ਨਾਲ ਰਾਸ਼ਟਰਗੀਤ ਗਾਇਆ ਜਾਂਦਾ ਹੈ ਤਾਂ ਇਸ ’ਤੇ ਕੋਈ ਇਤਰਾਜ਼ ਨਹੀਂ ਹੈ।’’ 

ਹੁਕਮ ’ਚ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਅਪਣੇ ਪ੍ਰੋਗਰਾਮਾਂ ’ਚ ਰਾਸ਼ਟਰਗੀਤ ਅਤੇ ਰਾਸ਼ਟਰਗਾਨ ਦੇ ਗਾਇਨ ਨੂੰ ਮਕਬੂਲ ਬਣਾਉਣ ਅਤੇ ਵਿਦਿਆਰਥੀਆਂ ’ਚ ਕੌਮੀ ਝੰਡੇ ਪ੍ਰਤੀ ਸਨਮਾਨ ਦੀ ਭਾਵਨਾ ਵਿਕਸਤ ਕਰਨ ਲਈ ਢੁਕਵਾਂ ਪ੍ਰਬੰਧ ਕਰਨ। ਕੇਂਦਰ ਸਰਕਾਰ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਮੌਕੇ ਪ੍ਰੋਗਰਾਮ ਕਰ ਰਹੀ ਹੈ।