ਬੇ-ਭਰੋਸਗੀ ਮਤੇ 'ਤੇ ਚਰਚਾ ਹੋਣ ਤੱਕ ਲੋਕ ਸਭਾ ਵਿਚ ਸ਼ਾਮਿਲ ਨਹੀਂ ਹੋਣਗੇ ਸਪੀਕਰ ਓਮ ਬਿਰਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

9 ਮਾਰਚ ਨੂੰ ਬੇਭਰੋਸਗੀ ਮਤੇ 'ਤੇ ਹੋ ਸਕਦੀ ਹੈ ਚਰਚਾ

Speaker Om Birla will not attend Lok Sabha till no-confidence motion is discussed

ਨਵੀਂ ਦਿੱਲੀ : ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਕ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਬੇ-ਭਰੋਸਗੀ ਮਤੇ 'ਤੇ ਚਰਚਾ ਹੋਣ ਤੱਕ ਲੋਕ ਸਭਾ ਵਿਚ ਸ਼ਾਮਿਲ ਨਹੀਂ ਹੋਣਗੇ। ਦੱਸ ਦੇਈਏ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੇ ਬੇਭਰੋਸਗੀ ਮਤੇ 'ਤੇ ਨੋਟਿਸ ਦਾਇਰ ਕੀਤਾ ਹੈ। ਇਸ ’ਤੇ 118 ਵਿਰੋਧੀ ਸੰਸਦ ਮੈਂਬਰਾਂ ਨੇ ਦਸਤਖਤ ਕੀਤੇ ਹਨ ਅਤੇ 9 ਮਾਰਚ ਨੂੰ ਇਸ ’ਤੇ ਚਰਚਾ ਹੋਣ ਦੀ ਉਮੀਦ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਵਿਰੋਧੀ ਧਿਰ ਨੇ ਲੋਕ ਸਭਾ ਦੇ ਸਪੀਕਰ ਉੱਤੇ ਸਦਨ ਦੇ ਕੰਮਕਾਜ ਵਿੱਚ ਪੱਖਪਾਤੀ ਵਿਵਹਾਰ ਦਾ ਦੋਸ਼ ਲਾਉਂਦੇ ਹੋਏ ਬੇਭਰੋਸਗੀ ਪੇਸ਼ ਕੀਤਾ ਹੈ। ਪ੍ਰਾਪਤ ਜਾਣਕਾਰੀ ਰਿਪੋਰਟਾਂ ਅਨੁਸਾਰ ਵਿਰੋਧੀ ਧਿਰ ਦੇ ਇਸ ਪ੍ਰਸਤਾਵ ਉੱਤੇ ਹੁਣ ਓਮ ਬਿਰਲਾ ਨੇ ਫੈਸਲਾ ਕੀਤਾ ਹੈ ਕਿ ਉਨ੍ਹਾਂ ਨੂੰ ਹਟਾਉਣ ਵਾਲੇ ਪ੍ਰਸਤਾਵ ਉੱਤੇ ਜਦ ਤੱਕ ਸਦਨ ਵਿੱਚ ਚਰਚਾ ਅਤੇ ਫੈਸਲਾ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਸਦਨ ਵਿੱਚ ਨਹੀਂ ਜਾਣਗੇ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਬਜਟ ਸੈਸ਼ਨ ਦੌਰਾਨ 9 ਮਾਰਚ ਨੂੰ ਸਪੀਕਰ ਨੂੰ ਹਟਾਉਣ ਵਾਲੇ ਪ੍ਰਸਤਾਵ ਉੱਤੇ ਚਰਚਾ ਹੋ ਸਕਦੀ ਹੈ।

ਹਾਲਾਂਕਿ ਓਮ ਬਿਰਲਾ ਦੇ ਇਸ ਫੈਸਲੇ ਉੱਤੇ ਸੱਤਾ ਪੱਖ ਅਤੇ ਵਿਰੋਧੀ ਧਿਰ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਪਰ ਓਮ ਬਿਰਲਾ ਸਦਨ ਵਿੱਚ ਸਪੀਕਰ ਦੀ ਕੁਰਸੀ ਉੱਤੇ ਬੈਠਣ ਲਈ ਤਿਆਰ ਹੋਣਗੇ ਜਾਂ ਨਹੀਂ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।